ਬੇਰੁਜ਼ਗਾਰ ਸਾਂਝਾ ਮੋਰਚਾ ਬੇਸਿੱਟਾ ਮੀਟਿੰਗ ਰਹਿਣ 'ਤੇ ਫੇਰ ਕਰਨਗੇ ਮੋਤੀ ਮਹਿਲ ਦਾ ਘਿਰਾਓ
ਜੀ ਐਸ ਪੰਨੂ
ਪਟਿਆਲਾ, 27 ਜੁਲਾਈ 2021 - ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਅੱਗੇ ਪੱਕੀ ਮੋਰਚਾਬੰਦੀ ਲਗਾ ਕੇ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਮੀਟਿੰਗ ਪੰਜਾਬ ਭਵਨ ਵਿਖੇੇ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨਾਲ ਹੋਈ ਜਿਹੜੀ ਕਿ ਫੇਰ ਬੇਸਿੱਟਾ ਰਹੀ ਅਤੇ ਬੇਰੁਜ਼ਗਾਰਾਂ ਨੇ ਮੁੜ 31 ਜੁਲਾਈ ਨੂੰ ਮੋਤੀ ਮਹਿਲ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ।
ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ,ਜਗਸੀਰ ਸਿੰਘ ਘੁਮਾਣ,ਕ੍ਰਿਸ਼ਨ ਸਿੰਘ ਨਾਭਾ,ਹਰਜਿੰਦਰ ਸਿੰਘ ਝੁਨੀਰ ਅਤੇ ਦਵਿੰਦਰ ਕੁਮਾਰ ਨੇ ਕਿਹਾ ਕਿ ਪਿਛਲੀਆਂ ਮੀਟਿੰਗਾਂ ਵਾਂਗ ਫੇਰ ਲਾਰਾ ਲਗਾਇਆ ਗਿਆ ਹੈ।ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਕਰਕੇ ਮੁੜ ਸਿਰਫ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਈ ਹੈ,ਜਿਸਦਾ ਕੇ ਬੇਰੁਜ਼ਗਾਰਾਂ ਨੇ ਅਨੇਕਾ ਵਾਰ ਬਾਈਕਾਟ ਕੀਤਾ ਹੈ।ਬੇਰੁਜ਼ਗਾਰਾਂ ਦੀਆਂ ਮੰਗਾਂ ਪੂਰੀਆਂ ਕਰਨ ਤੋ ਟਾਲਾ ਵੱਟਿਆ ਜਾ ਰਿਹਾ ਹੈ।
ਬੇਰੁਜ਼ਗਾਰਾਂ ਨੇ ਐਲਾਨ ਕੀਤਾ ਕਿ 31 ਜੁਲਾਈ ਨੂੰ ਮੋਤੀ ਮਹਿਲ ਦਾ ਘਿਰਾਓ ਫਿਰ ਕੀਤਾ ਜਾਵੇਗਾ।
ਬੇਰੁਜ਼ਗਾਰ ਸਾਂਝਾ ਮੋਰਚੇ ਚ ਸ਼ਾਮਲ ਯੂਨੀਅਨਾਂ ਨੇ ਆਪਣੀਆਂ ਮੰਗਾਂ ਨੂੰ ਤਰਤੀਬ ਦਿੰਦੀਆਂ ਦੱਸਿਆ ਕਿ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਚਾਹੁੰਦੀ ਹੈ ਕਿ ਉਮਰ ਹੱਦ 37 ਤੋਂ 42 ਸਾਲ ਕੀਤੀ ਜਾਵੇ।2200 ਵਰਕਰ ਪੁਰਸ਼ ਅਤੇ 600 ਵਰਕਰ ਮਹਿਲਾ ਉਮੀਦਵਾਰਾਂ ਦੀ ਚੱਲ ਰਹੀ ਭਰਤੀ ਪ੍ਰਕਿਰਿਆ ਨੂੰ ਪੂਰਾ ਕੀਤਾ ਜਾਵੇ।
ਸਾਰੀਆਂ ਖਾਲੀ ਰਹਿੰਦੀਆਂ (ਵਰਕਰ ਪੁਰਸ਼ ਅਤੇ ਮਹਿਲਾ ਦੀਆਂ)ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ।
ਇਸੇ ਤਰ੍ਹਾਂ ਡੀ.ਪੀ.ਈ. 873 ਅਧਿਆਪਕ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਦੁਹਰਾਇਆ ਕਿ ਸਿੱਖਿਆ ਵਿਭਾਗ ਵੱਲੋਂ 2 ਫਰਵਰੀ 2020 ਨੂੰ 873 ਡੀ.ਪੀ.ਈ. ਅਧਿਆਪਕਾਂ ਦਾ ਲਿਖਤੀ ਟੈਸਟ ਲੈ ਕੇ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ ਇਨ੍ਹਾਂ ਪੋਸਟਾਂ ਵਿੱਚ ਸੋਧ ਕਰਨ ਉਪਰੰਤ 1000 ਪੋਸਟ ਦਾ ਵਾਧਾ ਕਰਕੇ 1873 ਪੋਸਟਾਂ ਕੀਤੀਆਂ ਜਾਣ । ਇਹ ਭਰਤੀ 14 ਸਾਲ ਦੇ ਲੰਬੇ ਅਰਸੇ ਬਾਅਦ ਹੋ ਰਹੀ ਹੈ ਜਿਸ ਕਾਰਨ ਉਮੀਦਵਾਰਾਂ ਦੀ ਉਮਰ ਹੱਦ ਲੰਘ ਚੁੱਕੀ ਹੈ , ਇਸ ਕਰਕੇ 1000 ਪੋਸਟ ਦਾ ਵਾਧਾ ਕਰਨ ਉਪਰੰਤ 1873 ਪੋਸਟਾਂ ਕੀਤੀਆਂ ਜਾਣ । ਸੋ 873 ਡੀ.ਪੀ.ਈ. ਦਾ ਵਿਗਿਆਪਨ ਮਿਤੀ : 24.01.2017 ਦੀ ਲਗਾਤਾਰਤਾ ਵਿੱਚ 1000 ਪੋਸਟਾਂ ਦਾ ਵਾਧਾ ਕਰਕੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਤੇ ਜੋ ਭਰਤੀ ਪ੍ਰਕਿਰਿਆ ਵਿਚਾਲੇ ਰੁਕੀ ਹੋਈ ਹੈ ਉਸਨੂੰ ਪੂਰਾ ਕੀਤਾ ਜਾਵੇ।ਜੇਕਰ 873 ਡੀ .ਪੀ.ਈ ਪੋਸਟ ਤੇ ਦੂਜੀ ਵਾਰ ਸਕਰੂਟਨੀ ਹੁੰਦੀ ਹੈ ਤਾਂ ਪੇਪਰ ਦਿੱਤੇ ਸਾਰੇ ਉਮੀਦਵਾਰਾਂ ਨੂੰ ਸਕਰੂਟਨੀ ਲਈ ਬੁਲਾਇਆ ਜਾਵੇ।
ਬੀ.ਐਡ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਵੀ ਪੰਜਾਬੀਆਂ ਦੀਆਂ ਮੰਗਾਂ ਨੂੰ ਦਸਿਆ ਕਿ ਪੰਜਾਬੀ , ਸਮਾਜਿਕ ਸਿੱਖਿਆ ਅਤੇ ਹਿੰਦੀ ਦੀਆਂ ਘੱਟੋ ਘੱਟ 10 ਹਜਾਰ ਅਸਾਮੀਆਂ ਅਤੇ 5000 ਹੋਰ ਵਿਸ਼ੇ (ਜਿਵੇਂ ਸੰਸਸਿਕ੍ਰਤ,ਉਰਦੂ) ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ।ਲੰਬੇ ਸਮੇਂ ਤੋਂ ਕੋਈ ਭਰਤੀ ਨਾ ਆਉਣ ਕਾਰਨ ਜ਼ਿਆਦਾਤਰ ਉਮੀਦਵਾਰ ਆਪਣੀ ਉਮਰ ਹੱਦ ਲੰਘਾ ਚੁੱਕੇ ਹਨ ਇਸ ਕਰਕੇ ਉਮਰ ਹੱਦ 37 ਤੋਂ 42 ਸਾਲ ਕੀਤੀ ਜਾਵੇ। ਸਮਾਜਿਕ ਸਿੱਖਿਆ ਵਿਸ਼ੇ ਦੇ ਕੰਬੀਨੇਸ਼ਨ ਵਿੱਚੋਂ ਕੱਢੇ ਗਏ ਵਿਸ਼ਿਆਂ ਜਿਵੇਂ ਕਿ :- ਧਾਰਮਿਕ ਸਟੱਡੀਜ਼ , ਡਿਫੈਂਸ ਸਟੱਡੀਜ਼ , ਪਬਲਿਕ ਵਰਕ ਅਤੇ ਐਜੂਕੇਸ਼ਨ ਨੂੰ ਸ਼ਾਮਿਲ ਕੀਤਾ ਜਾਵੇ।ਹਰੇਕ ਵਿਸ਼ੇ ਦੇ ਅਧਿਆਪਕ ਤੋਂ ਸਬੰਧਿਤ ਵਿਸ਼ੇ ਦਾ ਹੀ ਕੰਮ ਲਿਆ ਜਾਵੇ , ਇੱਕ ਦੂਜੇ ਦਾ ਵਿਸ਼ਾ ਦੇ ਕੇ ਆਸਾਮੀਆਂ ਖਤਮ ਕਰਨ ਦੀ ਨੀਤੀ ਬੰਦ ਕੀਤੀ ਜਾਵੇ। ਮਾਸਟਰ ਕੇਡਰ ਦੇ ਪੇਪਰ ਲਈ ਘੱਟੋ-ਘੱਟ ਪਾਸ ਅੰਕ ਨਿਰਧਾਰਤ ਕੀਤੇ ਜਾਣ ।ਨਵੀਂ ਭਰਤੀ ਲਈ ਕੱਚੇ ਅਧਿਆਪਕਾਂ ਅਤੇ ਆਉਟਸੋਰਸਿੰਗ ਸਟਾਫ ਨੂੰ ਤਜ਼ਰਬਾ ਅੰਕ ਨਾ ਦਿੱਤੇ ਜਾਣ।
ਇਸੇ ਤਰ੍ਹਾਂ ਪੀ. ਟੀ .ਆਈ. 646 ਅਧਿਆਪਕ ਯੂਨੀਅਨ ਨੇ ਆਪਣੀਆਂ ਮੰਗਾਂ ਪੇਸ਼ ਕੀਤੀਆਂ
ਇਹ ਕਿ ਭਰਤੀ 10+2 ਅਤੇ ਸੀ.ਪੀ.ਐਡ. ਦੇ ਪ੍ਰਾਪਤ ਅੰਕਾਂ ਦੇ ਆਧਾਰ ਤੇ ਮੈਰਿਟ ਲਿਸਟ ਬਣਾ ਕੇ ਪੂਰੀ ਕੀਤੀ ਜਾਵੇ। ਭਰਤੀ ਦੇ ਇਸ਼ਿਤਹਾਰ ਵਿੱਚ ਮਾਣਯੋਗ ਹਾਈ ਕੋਰਟ ਵੱਲੋਂ ਖਾਰਜ ਕੀਤੇ ਟੀ. ਈ. ਟੀ ( ਅਧਿਆਪਕ ਯੋਗਤਾ ਟੈਸਟ ) ਤੋਂ ਬਿਨਾਂ ਕੋਈ ਟੈਸਟ ਨਹੀਂ ਸੀ ਇਸ ਕਰਕੇ 646 ਅਸਾਮੀਆਂ ਦੀ ਭਰਤੀ ਨਿਰੋਲ ਮੈਰਿਟ ਦੇ ਆਧਾਰ ਤੇ ਹੀ ਕੀਤੀ ਜਾਵੇ।ਭਰਤੀ ਕਰਟੈਰੀਆ ਯੂਨੀਅਨ ਆਗੂਆਂ ਦੀ ਮੌਜੂਦਗੀ ਵਿੱਚ ਤਿਆਰ ਕੀਤਾ ਜਾਵੇ। 646 ਪੀ.ਟੀ.ਆਈ. ਅਸਾਮੀਆਂ ਤੇ ਪੰਜਾਬ ਦੇ ਪੱਕੇ ਵਸਨੀਕ ਬੇਰੁਜ਼ਗਾਰਾਂ ਨੂੰ ਹੀ ਰੱਖਿਆ ਜਾਵੇ।ਮਿਡਲ ਅਤੇ ਹਾਈ ਸਕੂਲ ਵਿੱਚ ਪੀ ਟੀ ਆਈ ਦੀਆਂ ਖਤਮ ਕੀਤੀਆਂ ਗਈਆਂ ਅਸਾਮੀਆਂ ਨੂੰ ਮੁੜ ਬਹਾਲ ਕੀਤਾ ਜਾਵੇ ।
ਬੇਰੁਜ਼ਗਾਰ ਆਰਟ ਐੱਡ ਕਰਾਫ਼ਟ ਯੂਨੀਅਨਾਂ ਨੇ ਮੰਗਾਂ ਨੂੰ ਪੇਸ਼ ਕੀਤਾ ਕਿ ਆਰਟ ਐਂਡ ਕਰਾਫਟ ਅਧਿਆਪਕਾਂ ਦੀਆਂ 5000 ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇ ,ਉਪਰਲੀ ਉਮਰ ਹੱਦ 37 ਤੋਂ 42 ਸਾਲ ਕੀਤੀ ਜਾਵੇ। ਆਰਟ ਐਂਡ ਕਰਾਫ਼ਟ ਦੇ ਵਿਸ਼ੇ ਨੂੰ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਲਾਜ਼ਮੀ ਵਿਸੇ਼ ਵਜੋਂ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ , ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਮਿਡਲ ਪੱਧਰ ਤੱਕ ਖ਼ਤਮ ਕੀਤੀਆਂ ਆਰਟ ਐਂਡ ਕਰਾਫਟ ਅਧਿਆਪਕਾਂ ਦੀਆਂ ਪੋਸਟਾਂ ਨੂੰ ਬਹਾਲ ਕੀਤਾ ਜਾਵੇ।ਪੰਜਾਬ ਰਾਜ ਦੇ ਵੱਖ-ਵੱਖ ਵਿਭਾਗਾਂ ਦੀਆਂ ਸਰਕਾਰੀ ਨੌਕਰੀਆਂ ਪੰਜਾਬ ਦੇ ਪੱਕੇ ਵਸਨੀਕਾਂ ਲਈ ਰਾਖਵੀਆਂ ਕੀਤੀਆਂ ਜਾਣ। ਡਰਾਇੰਗ ਐਂਡ ਪੇਂਟਿੰਗ / ਮਕੈਨੀਕਲ ਡਰਾਇੰਗ ਐਂਡ ਪੇਂਟਿੰਗ ਵਿਸ਼ਾ ਕਿਸੇ ਹੋਰ ਅਧਿਆਪਕ ਨੂੰ ਨਾ ਦਿੱਤਾ ਜਾਵੇ ਇਸ ਨੂੰ ਆਰਟ ਐਂਡ ਕਰਾਫਟ ਅਧਿਆਪਕ ਵੱਲੋਂ ਹੀ ਪੜਾਇਆ ਜਾਵੇ । 7. 55 ਪ੍ਰਤੀਸ਼ਤ ਦੀ ਸ਼ਰਤ ਰੱਦ ਕੀਤੀ ਜਾਵੇ।
ਇਸ ਮੌਕੇ ਵੱਖ-ਵੱਖ ਨੁਮਾਇੰਦਿਆਂ ਨੇ ਆਪਣੀਆਂ ਮੰਗਾਂ ਨੂੰ ਤਰਜੀਹ ਦਿੱਤੀ ਤੇ ਇਸ ਮੌਕੇ ਅਮਨ ਸੇਖਾ,ਸੰਦੀਪ ਸਿੰਘ ਗਿੱਲ,ਰਵਿੰਦਰ ਮੂਲੇਵਾਲਾ,ਗੁਰਪ੍ਰੀਤ ਸਿੰਘ ਲਾਲਿਆਂ ਵਾਲੀ,ਸਸਪਾਲ ਸਿੰਘ,ਹਰਬੰਸ ਸਿੰਘ ਦਾਨਗੜ੍ਹ,ਜਸਮੇਲ ਸਿੰਘ ਆਦਿ ਹਾਜ਼ਰ ਸਨ।