ਭਾਰਤ ਮਾਲਾ ਪ੍ਰੋਜੈਕਟ ਦਾ ਪੰਜਾਬ ਅੰਦਰ ਹੋ ਰਿਹਾ ਵਿਰੋਧ ਮਾਮਲਾ, ਚਾਰ ਮੈਂਬਰੀ ਕਮੇਟੀ ਦਾ ਗਠਨ
- ਅਸ਼ਵਨੀ ਸ਼ਰਮਾ ਵਲੋਂ ਸੰਘਰਸ਼ ਕਮੇਟੀ ਨਾਲ ਤਾਲਮੇਲ ਕਰਨ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ
ਚੰਡੀਗੜ੍ਹ: 27 ਜੁਲਾਈ 2021 - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਲੋਂ ਸ਼ੁਰੂ ਕੀਤੇ ਜਾ ਰਹੇ ਭਾਰਤ ਮਾਲਾ (ਦਿੱਲੀ—ਜੰਮੂ ਕਟੜਾ ਹਾਈਵੇਅ) ਪ੍ਰੋਜੈਕਟ ਦੇ ਵਿਰੋਧ ਵਿਚ ਪੰਜਾਬ ਅੰਦਰ ਹੋ ਰਹੀਆਂ ਘਟਨਾਵਾਂ ਦੇ ਨਿਪਟਾਰੇ ਅਤੇ ਜਾਂਚ ਲਈ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਭਾਜਪਾ ਦੇ ਸੀਨੀਅਰ ਆਗੂਆਂ ਦੀ ਇਕ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਤਾਲਮੇਲ ਕਮੇਟੀ ਦੇ ਦਿਆਲ ਸਿੰਘ ਸੋਢੀ ਨੂੰ ਇੰਚਾਰਜ, ਗੁਰਤੇਜ ਸਿੰਘ ਢਿੱਲੋਂ ਸਹਿ-ਇੰਚਾਰਜ, ਸੁਖਪਾਲ ਸਿੰਘ ਸਰਾਂ ਅਤੇ ਜਤਿੰਦਰ ਸਿੰਘ ਸਰਾਂ ਨੂੰ ਨਿਯੁਕਤ ਕੀਤਾ ਗਿਆ ਹੈ।
ਅਸ਼ਵਨੀ ਸ਼ਰਮਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਆਖਿਆ ਕਿ ਪਿਛਲੇ ਕੁਝ ਸਮੇਂ ਤੋਂ ਕੇਂਦਰ ਦੇ ਭਾਰਤ ਮਾਲਾ ਪ੍ਰੋਜੈਕਟ ਜੋ ਕਿ ਪੰਜਾਬ ਦੇ ਤਕਰੀਬਨ 13 ਜਿ਼ਲਿਆਂ ਵਿਚੋਂ ਹੁੰਦਾ ਹੋਇਆ ਗੁਜ਼ਰੇਗਾ, ਦਾ ਕਥਿਤ ਕਿਸਾਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਅਜਿਹੀਆਂ ਖ਼ਬਰਾਂ ਮਿਲ ਰਹੀਆਂ ਸਨ ਕਿ ਇਸ ਪ੍ਰੋਜੈਕਟ ਲਈ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨਾਂ ਬਦਲੇ ਮਿਲਣ ਵਾਲੇ ਮੁਆਵਜ਼ੇ ਤੋਂ ਕਿਸਾਨ ਵੀਰ ਸੰਤੁਸ਼ਟ ਨਹੀਂ ਹਨ ਅਤੇ ਉਹ ਇਸ ਪ੍ਰੋਜੈਕਟ ਦਾ ਸੂਬੇ ਅੰਦਰ ਵਿਰੋਧ ਕਰ ਰਹੇ ਹਨ।
ਅਸ਼ਵਨੀ ਸ਼ਰਮਾ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਨੂੰ ਇਸ ਪ੍ਰੋਜੈਕਟ ਲਈ ਬਣਦਾ ਪੂਰਾ ਮੁਆਵਜ਼ਾ ਅਦਾ ਕਰਨ ਲਈ ਵਚਨਬੱਧ ਹੈ ਅਤੇ ਕਿਸਾਨਾਂ ਨਾਲ ਇਸ ਸਬੰਧੀ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਇਸ ਪ੍ਰੋਜੈਕਟ ਦੇ ਹੋ ਰਹੇ ਵਿਰੋਧ ਦੇ ਦੀ ਜੜ੍ਹ ਤੱਕ ਪੁੱਜਣ ਲਈ ਭਾਜਪਾ ਆਗੂਆਂ ਦੀ ਇੱਕ ਚਾਰ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ, ਜੋ ਰੋਡ ਸੰਘਰਸ਼ ਕਮੇਟੀ ਨਾਲ ਤਾਲਮੇਲ ਕਰਕੇ ਉਨ੍ਹਾਂ ਦੀ ਸਮੱਸਿਆ ਦਾ ਜਾਇਜ਼ਾ ਲਏਗੀ ਅਤੇ ਆਪਣੀ ਰਿਪੋਰਟ ਸੂਬਾ ਭਾਜਪਾ ਅੱਗੇ ਸੌਂਪਣਗੇ ਤਾਂਕਿ ਕੇਂਦਰ ਨਾਲ ਰਾਬਤਾ ਕਾਇਮ ਕਰਕੇ ਇਸ ਵਿਰੋਧ ਨੂੰ ਸ਼ਾਂਤ ਕੀਤਾ ਜਾ ਸਕੇ।