ਪੰਜਾਬ ਵਿਚ ਹੁਣ ਕਿੱਥੇ ਕੀਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼..ਪੜ੍ਹੋ
ਸੰਜੀਵ ਸੂਦ
ਲੁਧਿਆਣਾ,27 ਜੁਲਾਈ,2021: ਲੁਧਿਆਣਾ ਦੇ ਦਸਮੇਸ਼ ਨਗਰ ਇਲਾਕੇ ਵਿੱਚ ਅੱਜ ਸ਼ਾਮ ਨੂੰ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਇੱਕ ਸ਼ਖਸ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਬੀੜ ਸਾਹਿਬ ਤੋਂ ਰੁਮਾਲਾ ਸਾਹਿਬ ਉਤਾਰ ਕੇ ਸੁੱਟਣੇ ਸ਼ੁਰੂ ਕਰ ਦਿੱਤੇ ਗਏ। ਜਿਸ ਤੋਂ ਬਾਅਦ ਤੁਰੰਤ ਉਸ ਨੂੰ ਮੌਕੇ ਤੇ ਗ੍ਰੰਥੀ ਨੇ ਫੜ ਲਿਆ ਤੇ ਗੁਰਦੁਆਰੇ ਦੇ ਪ੍ਰਧਾਨ ਅਤੇ ਹੋਰਨਾਂ ਨੂੰ ਸੱਦਿਆ। ਜਿਸ ਤੋਂ ਬਾਅਦ ਮੌਕੇ ਤੇ ਪੁਲਸ ਨੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਵੱਲੋਂ ਹਾਲੇ ਰੁਮਾਲਾ ਸਾਹਿਬ ਚੁੱਕ ਕੇ ਸੁੱਟਣੇ ਹੀ ਸ਼ੁਰੂ ਕੀਤੇ ਸੀ ਕਿ ਉਸੇ ਵੇਲੇ ਉਸ ਨੂੰ ਕਾਬੂ ਕਰ ਲਿਆ ਗਿਆ। ਲੋਕਾਂ ਨੇ ਦੱਸਿਆ ਕਿ ਉਹ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੈ ਅਤੇ ਉਸਨੂੰ ਮਿਰਗੀ ਦੇ ਦੌਰੇ ਵੀ ਪੈਂਦੇ ਨੇ।
ਗੁਰਦੁਆਰਾ ਵਿਸ਼ਵਕਰਮਾ ਦੇ ਪ੍ਰਧਾਨ ਨੇ ਦੱਸਿਆ ਕਿ ਅੱਜ ਸ਼ਾਮ ਹੀ ਉਨ੍ਹਾਂ ਨੂੰ ਇਸ ਸੰਬੰਧੀ ਜਾਣਕਾਰੀ ਮਿਲੀ ਸੀ। ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਮੁਲਜ਼ਮ ਵੀ ਦਸਮੇਸ਼ ਨਗਰ ਇਲਾਕੇ ਦਾ ਹੀ ਰਹਿਣ ਵਾਲਾ ਹੈ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮੌਕੇ ਤੇ ਪਹੁੰਚੇ ਏਸੀਪੀ ਰਣਧੀਰ ਸਿੰਘ ਨੇ ਦੱਸਿਆ ਕਿ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਅਤੇ ਕਾਨੂੰਨ ਮੁਤਾਬਕ ਮੁਲਜ਼ਮ ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਕੀ ਬਿਮਾਰੀ ਹੈ। ਇਸ ਸੰਬੰਧੀ ਡਾਕਟਰ ਕੋਲੋਂ ਚੈੱਕ ਕਰਵਾ ਲਿਆ ਜਾਵੇਗਾ।