ਮੁਲਾਜ਼ਮਾਂ ਦੀ ਹੋ ਰਹੀਂ ਮਹਾਂ ਰੈਲੀ ਕੈਪਟਨ ਸਰਕਾਰ ਨੂੰ ਚੱਲਦਾ ਕਰਨ ਦਾ ਬੰਨੇਗੀ ਮੁੱਢ
ਨਵਜੋਤ ਸਿੱਧੂ ਦੀ ਪ੍ਰਧਾਨਗੀ ਕੈਪਟਨ ਸਰਕਾਰ ਦੇ ਵਿਰੋਧ ਚ ਉੱਠੇ ਰੋਸ ਨੂੰ ਠੰਡਾ ਛਿੱਟਾ ਮਾਰਨ ਸਮਾਨ
ਨਿਜ਼ਾਮ ਬਦਲਣ ਵਾਲੇ ਪੰਜਾਬ ਦੇ ਖਾਲੀ ਖਜ਼ਾਨਾ ਮੰਤਰੀ ਦੇ ਰਿਸ਼ਤੇਦਾਰ ਆਪਣਾ ਖਜ਼ਾਨਾ ਭਰਨ ਚ ਮਸਰੂਫ਼ਜੀ ਐਸ ਪੰਨੂ
ਪਟਿਆਲਾ ,28 ਜੁਲਾਈ,2021: 29 ਜੁਲਾਈ ਨੂੰ ਪਟਿਆਲਾ ਸ਼ਹਿਰ ਦੀ ਸਰਹਿੰਦ ਰੋਡ 'ਤੇ ਸਥਿਤ ਅਨਾਜ ਮੰਡੀ ਵਿੱਚ ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ 'ਤੇ ਹੋਣ ਜਾ ਰਹੀ ਮੁਲਾਜ਼ਮਾਂ ਦੀ 'ਹੱਲਾ ਬੋਲ' ਰੈਲੀ ਦੌਰਾਨ, ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੂੰ ਸ਼ਾਮਲ ਕਰਵਾਉਣ ਦਾ ਐਲਾਨ ਕੀਤਾ ਹੈ।
ਡੀ.ਟੀ.ਐੱਫ. ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਨੇ ਦੱਸਿਆ ਕਿ 29 ਜੁਲਾਈ ਨੂੰ ਮੁੱਖ ਮੰਤਰੀ ਦੇ ਚੋਣ ਹਲਕੇ ਪਟਿਆਲਾ ਸ਼ਹਿਰ ਵਿੱਚ ਹੋਣ ਵਾਲੀ ਮੁਲਾਜ਼ਮ ਵਿਸ਼ਾਲ ਰੋਸ ਰੈਲੀ ਲੋਕਾਂ ਤੋਂ ਕਿਨਾਰਾ ਕਰੀ ਬੈਠੇ ਮੁੱਖ ਮੰਤਰੀ ਅਤੇ ਕੀਤੇ ਵਾਅਦਿਆ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟਣ ਵਾਲੀ ਪੰਜਾਬ ਕਾਂਗਰਸ ਸਰਕਾਰ ਨੂੰ ਚੱਲਦਾ ਕਰਨ ਦਾ ਮੁੱਢ ਬੰਨੇਗੀ। ਉਹਨਾਂ ਕਿਹਾ ਕਿ ਹੁਣ ਜਦੋਂ ਕੈਪਟਨ ਸਰਕਾਰ ਲੋਕਾਂ ਦੀ ਕਚਿਹਰੀ ਵਿੱਚ ਪੂਰੀ ਤਰ੍ਹਾਂ ਘਿਰ ਚੁੱਕੀ ਹੈ ਤਾਂ ਲਾਰੇ ਅਤੇ ਨਾਹਰੇ ਵੇਚਣ ਵਾਲੇ ਪ੍ਰਸ਼ਾਤ ਕਿਸ਼ੋਰ ਦੇ ਇਸ਼ਾਰੇ ਤੇ ਨਵਜੋਤ ਸਿੱਧੂ ਨੂੰ ਅੱਗੇ ਕਰਨਾ ਸਰਕਾਰ ਵਿਰੁੱਧ ਉਠੇ ਲੋਕ ਰੋਹ ਨੂੰ ਠੰਡਾ ਛਿੱਟਾ ਮਾਰਨ ਸਮਾਨ ਹੈ,ਪਰ ਮੁਲਾਜ਼ਮ ਵਰਗ ਕਾਂਗਰਸ ਪਾਰਟੀ ਨੂੰ ਵਿਰੋਧੀ ਧਿਰ ਜੋਗਾ ਵੀ ਨਾ ਛੱਡਣ ਲਈ ਉਤਾਵਲੇ ਹਨ।
ਉਨ੍ਹਾਂ ਕਿਹਾ ਕਿ ਪਹਿਲਾਂ ਕੈਪਟਨ ਸਰਕਾਰ ਵੱਲੋਂ ਸਾਢ਼ੇ ਚਾਰ ਸਾਲ ਛੇਵੇਂ ਪੇ ਕਮਿਸ਼ਨ ਨੂੰ ਤਾਲਾਬੰਦ ਕਰਕੇ ਰੱਖਿਆ ਗਿਆ ,ਅਤੇ ਫਿਰ ਤਨਖਾਹ ਕਮਿਸ਼ਨ ਵੱਲੋਂ ਜਾਰੀ ਕੀਤੀ ਮੁਲਾਜ਼ਮ ਮਾਰੂ ਰਿਪੋਰਟ ਉਪਰ ਖਾਲੀ ਖਜ਼ਾਨੇ ਦੇ ਮੰਤਰੀ ਵੱਲੋਂ ਰਿਪੋਰਟ ਸਬੰਧੀ ਉਸ ਤੋਂ ਵੀ ਨਿੰਦਣਯੋਗ ਸਿਫਾਰਸ਼ਾਂ ਕਰਕੇ ਆਪਣਾ ਮੁਲਾਜ਼ਮ ਵਿਰੋਧੀ ਚਿਹਰਾ ਨੰਗਾ ਕੀਤਾ ਗਿਆ।ਜਦਕਿ ਪਿਛਲੇ 10 ਸਾਲਾਂ ਤੋਂ ਖਾਲੀ ਖਜ਼ਾਨੇ ਦਾ ਰੋਣਾ ਪਿੱਟਣ ਵਾਲੇ ਮੰਤਰੀ ਦੇ ਕਰੀਬੀ ਰਿਸ਼ਤੇਦਾਰ ਰੇਤਾ ਬਜ਼ਰੀ ਅਤੇ ਹੋਰ ਸਰਕਾਰੀ ਜਾਇਦਾਦਾਂ ਦੀ ਲੁੱਟ ਕਰਕੇ ਆਪਣੇ ਘਰ ਦਾ ਖਜ਼ਾਨਾ ਭਰਨ ਤੇ ਲੱਗੇ ਹੋਏ ਹਨ ਜਿਸ ਤੇ ਮੰਤਰੀ ਦੀ ਭਿੱਜੀ ਬਿਲੀ ਵਾਲੀ ਚੁੱਪ ਦੱਸਦੀ ਹੈ ਕਿ ਨਿਜ਼ਾਮ ਬਦਲਣ ਵਾਲਾ ਵਿੱਤ ਮੰਤਰੀ ਹੁਣ ਆਪ ਬਦਲ ਗਿਆ ਹੈ।