ਚੋਣ ਕਮਿਸ਼ਨ ਵਲੋਂ ‘ਬੂਥ ਲੈਵਲ ਅਫਸਰਾਂ’ ਬਾਰੇ ਜਾਗਰੂਕਤਾ ਲਈ ਵਿਸ਼ੇਸ਼ ਮੁਹਿੰਮ ਸ਼ੁਰੂ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 28 ਜੁਲਾਈ 2021 - ਭਾਰਤ ਚੋਣ ਕਮਿਸਨ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਕਪੂਰਥਲਾ ਦੇ ਚਾਰ ਵਿਧਾਨ ਸਭਾ ਚੋਣ ਹਲਕਿਆਂ (26-ਭੁਲੱਥ, 27-ਕਪੂਰਥਲਾ, 28-ਸੁਲਤਾਨਪੁਰ ਲੋਧੀ ਅਤੇ 29-ਫਗਵਾੜਾ )ਵਿੱਚ ਨਿਯੁਕਤ ਬੂਥ ਲੈਵਲ ਅਫਸਰਾਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਵਿਸ਼ੇਸ਼ ਮੁਹਿੰਮ ‘ ਨੋ ਯੂਅਰ ਬੀ.ਐਲ.ਓ ’ ਸ਼ੁਰੂ ਕੀਤੀ ਗਈ ਹੈ।
ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਬੂਥ ਲੈਵਲ ਅਫਸਰ ਆਮ ਜਨਤਾ ਅਤੇ ਭਾਰਤ ਚੋਣ ਕਮਿਸ਼ਨ ਵਿੱਚ ਇੱਕ ਕੜੀ ਦਾ ਕੰਮ ਕਰਦਾ ਹੈ, ਜਿਸ ਰਾਹੀਂ ਭਾਰਤੀ ਚੋਣ ਕਮਿਸ਼ਨ ਵਲੋਂ ਦਿੱਤੇ ਜਾਂਦੇ ਜਮਹੂਰੀ ਹੱਕਾਂ ਦੀ ਪ੍ਰਾਪਤੀ ਵਿਚ ਉਨ੍ਹਾਂ ਦਾ ਰੋਲ ਅਹਿਮ ਹੈ। ਇਸ ਤੋਂ ਇਲਾਵਾ ਆਮ ਜਨਤਾ ਵਿੱਚ ਵੋਟ ਬਣਵਾਉਣ ਅਤੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ ਸਬੰਧੀ ਜਾਗਰੂਕਤਾ ਪੈਦਾ ਕਰਨ ਵਿੱਚ ਵੀ ਬੀ.ਐਲ.ਓਜ਼ ਵਲੋਂ ਅਹਿਮ ਰੋਲ ਅਦਾ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਕੋਈ ਵੀ ਨਾਗਰਿਕ ਆਪਣੀ ਵੋਟ ਸਬੰਧੀ ਜਾਣਕਾਰੀ (ਨਵੀਂ ਵੋਟ ਬਨਾਉਣ, ਵੋਟ ਕਟਾਉਣ, ਵੋਟ ਦੇ ਇੰਦਰਾਜ ਵਿੱਚ ਸੋਧ ਕਰਨ ਆਦਿ ਸਬੰਧੀ ਆਪਣੇ ਏਰੀਏ ਦੇ ਬੂਥ ਲੈਵਲ ਅਫਸਰ ਰਾਹੀਂ ਸੇਵਾਵਾਂ ਲੈਣ ਲਈ ਟੋਲ ਫ੍ਰੀ ਹੈਲਪਲਾਈਨ ਨੰ: 1950, ਜਿਲ੍ਹਾ ਚੋਣ ਦਫਤਰ, ਕਪੂਰਥਲਾ( ਮਿੰਨੀ ਸਕੱਤਰੇਤ, ਕਮਰਾ ਨੰ: 304, 306 ), ਸਬੰਧਿਤ ਚੋਣਕਾਰ ਰਜਿਸਟ੍ਰੇਸਨ ਅਫਸਰ ( ਐਸ. ਡੀ. ਐਮ, ), ਮੁੱਖ ਚੋਣ ਅਫਸਰ, ਪੰਜਾਬ ਦੀ ਵੈਬਸਾਈਟ ਜਾਂ ਸਮੂਹ ਬੀ. ਡੀ. ਪੀ. ਓਜ ਨਾਲ ਸੰਪਰਕ ਕਰ ਸਕਦਾ ਹੈ।