ਟੈਕਸਾਸ: ਕੈਮੀਕਲ ਪਲਾਂਟ ਲੀਕ ਹੋਣ ਨਾਲ ਹੋਈ 2 ਦੀ ਮੌਤ, ਕਈ ਜ਼ਖਮੀ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 29 ਜੁਲਾਈ 2021 - ਟੈਕਸਾਸ ਦੇ ਲਾ ਪੋਰਟ ਵਿੱਚ ਇੱਕ ਪਲਾਂਟ 'ਚ ਮੰਗਲਵਾਰ ਸ਼ਾਮ ਨੂੰ ਕੈਮੀਕਲ ਲੀਕ ਹੋਣ ਤੋਂ ਬਾਅਦ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੇ ਨਾਲ ਕੁੱਝ ਦੇ ਜਖਮੀ ਹੋਣ ਦੀ ਘਟਨਾ ਵਾਪਰੀ ਹੈ। ਲਾ ਪੋਰਟ ਕੰਪਲੈਕਸ ਦੇ ਲਿਓਡੇਲ ਬੇਸੈਲ ਪਲਾਂਟ ਵਿੱਚ ਅਧਿਕਾਰੀਆਂ ਅਨੁਸਾਰ ਇਹ ਘਟਨਾ ਸ਼ਾਮ ਕਰੀਬ 7: 35 ਵਜੇ ਵਾਪਰੀ ਅਤੇ ਇਸ ਵਿਚ ਐਸੀਟਿਕ ਐਸਿਡ ਲੀਕ ਹੋਇਆ ਸੀ। ਸਿਟੀ ਆਫ ਲਾ ਪੋਰਟੇ ਅਤੇ ਚੈਨਲ ਇੰਡਸਟਰੀਜ਼ ਮਿਊਚਲ ਏਡ ਦੇ ਐਮਰਜੈਂਸੀ ਕਰਮਚਾਰੀ ਮੰਗਲਵਾਰ ਰਾਤ ਨੂੰ ਘਟਨਾ ਸਥਾਨ 'ਤੇ ਪਹੁੰਚੇ।
ਇਸ ਕੈਮੀਕਲ ਦੇ ਲੀਕ ਹੋਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਘੱਟੋ ਘੱਟ ਚਾਰ ਹੋਰ ਲੋਕ ਸੜ ਗਏ ਜਿਹਨਾਂ ਨੂੰ ਹਸਪਤਾਲ ਪਹੁੰਚਾਇਆ। ਅਧਿਕਾਰੀਆਂ ਅਨੁਸਾਰ ਇਸ ਕੈਮੀਕਲ ਦਾ ਆਮ ਜਨਤਾ ਲਈ ਕੋਈ ਖਤਰਾ ਨਹੀਂ ਸੀ। ਇਸ ਪਲਾਂਟ ਵਿੱਚ ਹੋਏ ਇਸ ਹਾਦਸੇ ਕਾਰਨ ਹੈਰਿਸ ਕਾਊਂਟੀ ਦੀ ਜੱਜ ਲਾਈਨ ਹਿਦਲਗੋ ਨੇ ਦੁੱਖ ਪ੍ਰਗਟ ਕਰਦਿਆਂ ਦੱਸਿਆ ਕਿ ਕਈ ਏਜੰਸੀਆਂ ਹੋਰ ਪ੍ਰਭਾਵਿਤ ਦੂਜੇ ਕਾਮਿਆਂ ਦੀ ਸਹਾਇਤਾ ਕਰਨ ਲਈ ਕੰਮ ਕਰ ਰਹੀਆਂ ਹਨ।