ਕੈਨੇਡਾ: ਚੋਣਾਂ ਖ਼ਰਚੇ ਸੰਬੰਧੀ ਪੰਜਾਬੀ ਐਮ ਐਲ ਏ ਨੂੰ ਹੋਇਆ ਜੁਰਮਾਨਾ
ਕਮਲਜੀਤ ਬੁੱਟਰ
- ਕੈਲਗਰੀ ਫੌਲਕਨਰਿਜ ਤੋਂ ਜਿੱਤੇ ਹੋਏ ਹਨ ਚੋਣ
ਕੈਲਗਰੀ, 29 ਜੁਲਾਈ 2021 : ਕੈਲਗਰੀ ਫੌਲਕਨਰਿਜ ਤੋਂ ਯੁਨਾਇਟਿਡ ਕੰਜ਼ਰਵੇਟਿਵ ਪਾਰਟੀ ਦੀ ਨੌਮਿਨੇਸ਼ਨ ਰੇਸ ਤੋਂ ਬਾਦ ਚੋਣ ਲੜਣ ਤੱਕ ਕਈ ਤਰ੍ਹਾਂ ਦੇ ਚੋਣ ਅਪਰਾਧ ਕਰਨ, ਗ਼ਲਤ ਵਿੱਤੀ ਸਟੇਟਮੈਂਟਸ ਫਾਇਲ ਕਰਨ ਆਦਿ ਦੇ ਦੋਸ਼ਾਂ ਤਹਿਤ ਵਿਧਾਇਕ ਦਵਿੰਦਰ ਤੂਰ ਨੂੰ ਇਲੈਕਸ਼ਨਜ਼ ਐਲਬਰਟਾ ਨੇ 15 ਹਜ਼ਾਰ ਡੌਲਰਜ਼ ਦਾ ਜੁਰਮਾਨਾ ਕੀਤਾ ਹੈ। ਤੂਰ ਖਿਲਾਫ਼ ਦੋਸ਼ ਹੈ ਕਿ ਉਹਨਾਂ ਘੱਟੋ ਘੱਟ 10 ਉਲੰਘਣ ਕੀਤੇ ਜਿਹਨਾਂ ਵਿੱਚ ਖ਼ਰਚ ਸੀਮਾ ਤੋਂ ਵੱਧ ਖ਼ਰਚਾ ਕਰਨ, ਆਪਣੀ ਹੀ ਨੰਬਰ ਵਾਲੀ ਇਕ ਕੰਪਨੀ ਤੋਂ ਪਾਬੰਦੀਸ਼ੁਦਾ ਦਾਨ ਹਾਸਲ ਕਰਨ, ਇਲੈਕਸ਼ਨਜ਼ ਐਲਬਰਟਾ ਨੂੰ ਗ਼ਲਤ ਜਾਣਕਾਰੀ ਦੇਣ, ਕਿਸੇ ਐਰ ਵਿੱਤੀ ਅਦਾਰੇ ਤੋਂ ਲੋਨ ਲੈਣ, ਚੀਫ਼ ਫਾਇਨੈਂਸ਼ੀਅਲ ਔਫਿਸਰ ਦੇ ਖਾਤੇ ਤੋਂ ਅਲਾਵਾ ਕਿਸੇ ਹੋਰ ਖਾਤੇ ਵਿੱਚ ਰਕਮ ਰੱਖਣ ਆਦਿ ਦੇ ਗੰਭੀਰ ਦੋਸ਼ ਲੱਗੇ ਹਨ।
ਸਾਲ 2019 ਵਿੱਚ ਹੋਈਆਂ ਵਿਧਾਨਸਭਾ ਚੋਣਾਂ ਵਿੱਚ ਤੂਰ ਨੇ ਐਨ.ਡੀ.ਪੀ. ਉਮੀਦਵਾਰ ਪਰਮੀਤ ਸਿੰਘ ਬੋਪਾਰਾਏ ਨੂੰ ਸਿਰਫ਼ 91 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਵਿਰੋਧੀ ਧਿਰ ਐਨਡੀਪੀ ਰੇਚੈਲ ਨੌਟਲੀ ਨੇ ਦਵਿੰਦਰ ਤੂਰ ਦੇ ਅਸਤੀਫੇ ਦੀ ਮੰਗ ਕਰਦਿਆਂ ਪ੍ਰੀਮੀਅਰ ਜੇਸਨ ਕੈਨੀ ਨੂੰ ਕਿਹਾ ਹੈ ਕਿ ਉਹ ਤੂਰ ਨੂੰ ਕੌਕਸ ਵਿੱਚੋਂ ਬਾਹਰ ਕੱਢਣ। ਨੌਟਲੀ ਨੇ ਕਿਹਾ ਕਿ ਤੂਰ ਨੇ ਨਿਯਮਾਂ ਦਾ ਉਲੰਘਣ ਕੀਤਾ ਹੈ, ਐਮਐਲਏ ਬਣਨ ਲਈ ਘਪਲਾ ਕੀਤਾ ਹੈ ਤੇ ਲੌਅ-ਮੇਕਰ ਬਣਨ ਵਾਸਤੇ ਲੌਅ-ਬ੍ਰੇਕ ਕੀਤਾ ਹੈ। ਈਮੇਲ ਕੀਤੀ ਆਪਣੀ ਸਟੇਟਮੈਂਟ ਵਿੱਚ ਐਮਐਲਏ ਦਵਿੰਦਰ ਤੂਰ ਨੇ ਕਿਹਾ ਹੈ ਕਿ ਉਹਨਾਂ ਕੋਲੋਂ ਗ਼ਲਤੀ ਹੋਈ ਹੈ ਤੇ ਉਹ ਜੁਰਮਾਨਾ ਜਮ੍ਹਾਂ ਕਰਵਾਉਣਗੇ।