ਅਮਰੀਕਾ: ਟਵਿੱਟਰ ਨੇ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਕਰਕੇ ਦੋ ਸ਼ਹਿਰਾਂ ਵਿੱਚ ਕੀਤੇ ਦਫਤਰ ਬੰਦ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 29 ਜੁਲਾਈ 2021 - ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੇ ਮਾਮਲਿਆਂ ਵਿੱਚ ਵਾਧਾ ਹੋਣ ਕਾਰਨ ਕਈ ਕਾਰੋਬਾਰ , ਦਫਤਰ ਆਦਿ ਫਿਰ ਤੋਂ ਬੰਦ ਕੀਤੇ ਜਾ ਰਹੇ ਹਨ। ਇਸ ਵਾਧੇ ਦੇ ਕਾਰਨ ਹੀ ਸ਼ੋਸ਼ਲ ਮੀਡੀਆ ਕੰਪਨੀ ਟਵਿੱਟਰ ਆਪਣੇ ਨਿਊਯਾਰਕ ਅਤੇ ਸਾਨ ਫਰਾਂਸਿਸਕੋ ਵਿਚਲੇ ਦਫਤਰਾਂ ਨੂੰ ਦੁਬਾਰਾ ਬੰਦ ਕਰ ਰਹੀ ਹੈ। ਇਸ ਸਬੰਧੀ ਕੰਪਨੀ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਸ਼ਹਿਰਾਂ ਵਿਚਲੇ ਦਫਤਰ ਜੋ ਕਿ ਕੁੱਝ ਹਫਤੇ ਪਹਿਲਾਂ ਹੀ ਖੋਲ੍ਹੇ ਸਨ , ਨੂੰ ਸੁਰੱਖਿਆ ਕਾਰਨਾਂ ਕਰਕੇ ਦੁਬਾਰਾ ਬੰਦ ਕੀਤਾ ਜਾ ਰਿਹਾ ਹੈ।
ਇਸਦੇ ਇਲਾਵਾ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ ਡੀ ਸੀ) ਵੱਲੋਂ ਇਨਡੋਰ ਮਾਸਕ ਦੀ ਜਰੂਰਤ ਸਬੰਧੀ ਅਪਡੇਟ ਕੀਤੇ ਦਿਸ਼ਾ-ਨਿਰਦੇਸ਼ਾਂ ਦੇ ਕਾਰਨ ਵੀ ਬਹੁਤ ਸਾਰੀਆਂ ਕੰਪਨੀਆਂ ਆਪਣੇ ਕੰਮਾਂ ਦੇ ਮੁੜ ਖੋਲ੍ਹਣ ਨੂੰ ਹੌਲੀ ਕਰ ਰਹੀਆਂ ਹਨ। ਇਸ ਸੋਸ਼ਲ ਮੀਡੀਆ ਕੰਪਨੀ ਨੇ ਦੋ ਹਫਤੇ ਪਹਿਲਾਂ ਹੀ ਆਪਣੇ ਦਫਤਰ ਖੋਲ੍ਹੇ ਸਨ। ਟਵਿੱਟਰ ਉਹਨਾਂ ਬਹੁਤ ਸਾਰੀਆਂ ਤਕਨੀਕੀ ਕੰਪਨੀਆਂ ਵਿੱਚੋਂ ਇੱਕ ਸੀ ਜੋ ਕਿ ਆਪਣੇ ਵਰਕਰਾਂ ਨੂੰ ਅਣਮਿੱਥੇ ਸਮੇਂ ਲਈ ਰਿਮੋਟ ਲੋਕੇਸ਼ਨ, ਘਰ ਤੋਂ ਕੰਮ ਕਰਨ ਦੀ ਆਗਿਆ ਦੇ ਰਹੀ ਸੀ।