ਪੁੱਤ-ਨੂੰਹ 'ਤੇ ਮਾਂ ਨਾਲ ਕੁੱਟਮਾਰ ਅਤੇ ਪਿਸ਼ਾਬ ਪੀਣ ਲਈ ਮਜ਼ਬੂਰ ਕਰਨ ਦੇ ਇਲਜ਼ਾਮ
ਜਗਤਾਰ ਸਿੰਘ
ਪਟਿਆਲਾ 30 ਜੁਲਾਈ 2021 : ਭਾਦਸੋਂ ਦੇ ਨੇੜਲੇ ਪਿੰਡ ਰਾਈਮਲ ਮਾਜਰੀ ਦੀ ਕੈਂਸਰ ਮਰੀਜ਼ ਸਵਰਨ ਕੌਰ ਨੇ ਆਪਣੇ ਬੇਟੇ, ਨੂੰਹ ਤੇ ਪੋਤੀ 'ਤੇ ਨਾ ਸਿਰਫ ਉਸ ਨੂੰ ਘਰੋਂ ਬਾਹਰ ਕੱਢਿਆ ਬਲਕਿ ਜ਼ਬਰਦਸਤੀ ਉਸ ’ਤੇ ਪਿਸ਼ਾਬ ਕਰਨ ਦਾ ਦੋਸ਼ ਲਾਇਆ ਹੈ। ਬਜ਼ੁਰਗ ਮਾਤਾ ਦਾ ਕਹਿਣਾ ਹੈ ਕਿ ਉਸ ਦਾ ਲੜਕਾ ਆਪਣੀ ਪਤਨੀ ਤੇ ਧੀ ਨਾਲ ਮਿਲ ਕੇ ਉਸ ਨਾਲ ਕੁੱਟਮਾਰ ਕਰਦਾ ਸੀ, ਪਰ ਉਸ ਨੂੰ ਘਰੋਂ ਬਾਹਰ ਵੀ ਕਰ ਦਿੱਤਾ ਹੈ।
ਹੁਣ ਉਹ ਆਪਣੇ ਦੂਸਰੇ ਲੜਕੇ ਕੁਲਵਿੰਦਰ ਸਿੰਘ ਨਾਲ ਪਿੰਡ ਅਗੌਲ 'ਚ ਰਹਿ ਰਹੀ ਹੈ। ਤਿੰਨ ਵਾਰ ਥਾਣਾ ਭਾਦਸੋਂ ਪੁਲਿਸ ਕੋਲ ਸ਼ਿਕਾਇਤ ਕੀਤੀ ਪਰ ਕੋਈ ਸੁਣਵਾਈ ਨਾ ਹੋਈ। ਜਿਸ ਤੋਂ ਬਾਅਦ ਸੀਨੀਅਰ ਸਿਟੀਜ਼ਨ ਦਾ ਕੇਸ ਐਸਡੀਐਮ ਦੀ ਅਦਾਲਤ 'ਚ ਦਾਇਰ ਕੀਤਾ ਹੈ, ਜਿਸ ਦੀ ਸੁਣਵਾਈ 9 ਅਗਸਤ ਨੂੰ ਹੋਣੀ ਹੈ। ਦੋਸ਼ ਹੈ ਕਿ ਜਦੋਂ ਇਸ ਕੇਸ ਦਾ ਸੰਮਨ ਉਸ ਦੇ ਪੁੱਤਰ ਕੋਲ ਪਹੁੰਚਿਆ, ਤਾਂ ਉਸ ਨੇ ਉਸ ਨੂੰ ਪਿਸ਼ਾਬ ਪੀਣ ਲਈ ਮਜਬੂਰ ਕੀਤਾ ਤੇ ਉਸ ਉੱਤੇ ਕੇਸ ਵਾਪਸ ਲੈਣ ਲਈ ਦਬਾਅ ਪਾਇਆ।
ਅੱਜ ਸਵਰਨ ਕੌਰ ਸ਼ਿਕਾਇਤ ਲੈ ਕੇ ਮਹਿਲਾ ਕਮਿਸ਼ਨ ਦੀ ਮੈਂਬਰ ਇੰਦਰਜੀਤ ਕੌਰ ਕੋਲ ਪੁੱਜੀ ਤਾਂ ਇਹ ਸਾਰੀ ਹੱਡਬੀਤੀ ਬਿਆਨ ਕੀਤੀ। ਮਹਿਲਾ ਕਮਿਸ਼ਨ ਦੀ ਮੈਂਬਰ ਇੰਦਰਜੀਤ ਕੌਰ ਨੇ ਦੱਸਿਆ ਕਿ ਕਮਿਸ਼ਨ ਦੇ ਹੋਰ ਮੈਂਬਰਾਂ ਨਾਲ ਮੰਗਲਵਾਰ ਨੂੰ ਸਵਰਨ ਕੌਰ ਦੇ ਪਿੰਡ ਜਾਣਗੇ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧ ਵਿਚ ਭਾਦਸੋਂ ਥਾਣੇ ਦੇ ਐਸਐਚਓ ਅਮ੍ਰਿਤਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਮਿਲੀ ਹੈ ਤੇ ਮਾਮਲੇ ਦੀ ਸੁਣਵਾਈ ਕੀਤੀ ਜਾ ਰਹੀ ਹੈ। ਥਾਣਾ ਮੁਖੀ ਅਨੁਸਾਰ ਪੀੜਤ ਉਨਾਂ ਨੂੰ ਨਹੀਂ ਮਿਲੀ।
ਪੀੜਤ ਦੇ ਮੁੰਡੇ ਹਰਜਿੰਦਰ ਸਿੰਘ ਨੇ ਕਿਹਾ ਕਿ ਮੇਰੇ ਤੇ ਝੁਠੇ ਇਲਜ਼ਾਮ ਲਾਏ ਜਾ ਰਹੇ ਹਨ । ਪਿਤਾ ਦੀ ਜਾਇਦਾਦ ਦੀ ਵੰਡ ਬਰਾਬਰ ਵੰਡੀ ਹੋਈ ਹੈ ।