ਸੋਸ਼ਲ ਮੀਡੀਆ ਉਪਰ ਆਡੀਓ ਵਾਇਰਲ ਕਰਕੇ ਕੀਤੀ ਖ਼ੁਦਕੁਸ਼ੀ
ਦੀਪਕ ਜੈਨ
ਜਗਰਾਓਂ, 30 ਜੁਲਾਈ 2021 - ਇਕ ਵਿਅਕਤੀ ਵਲੋਂ ਸੋਸ਼ਲ ਮੀਡਿਆ ਉਪਰ ਆਪਣੀ ਆਡੀਓ ਵਾਇਰਲ ਕਰਕੇ ਖ਼ੁਦਕੁਸ਼ੀ ਕੀਤੀ ਗਈ ਅਤੇ ਕੁਝ ਵਿਅਕਤੀਆਂ ਨੂੰ ਆਪਣੀ ਖ਼ੁਦਕੁਸ਼ੀ ਦਾ ਜਿੰਮੇਵਾਰ ਦਸਿਆ ਹੈ। ਥਾਣਾ ਦਾਖਾ ਦੇ ਇੰਸਪੈਕਟਰ ਜਗਜੀਤ ਸਿੰਘ ਨੇ ਦਸਿਆ ਕਿ ਪੁਲਿਸ ਕੋਲ ਸੁਰਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਜਾਂਗਪੁਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਅਤੇ ਉਸਦਾ ਭਰਾ ਦਲਜੀਤ ਸਿੰਘ ਇੱਕਠੇ ਰਹਿੰਦੇ ਸਨ ਅਤੇ ਦਲਜੀਤ ਸਿੰਘ ਨੇ ਆਪਣੇ ਘਰ ਦੇ ਨਾਲ ਲੱਗਦਾ ਪਲਾਟ 14 ਬਿਸਵੇ ਕਾਫੀ ਸਮਾਂ ਪਹਿਲਾਂ ਪ੍ਰੀਤਮ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਜਾਂਗਪੁਰ ਤੋਂ ਖਰੀਦਿਆ ਸੀ ਪਰ ਪ੍ਰੀਤਮ ਸਿੰਘ ਨੇ ਸਾਡੇ ਦੋਹਾਂ ਭਰਾਵਾਂ ਖਿਲਾਫ ਦਰਖਾਸਤਾਂ ਦਿੱਤੀਆਂ ਗਈਆਂ ਸਨ ਕਿ ਇਹ ਪਲਾਟ ਉਸਦਾ ਹੀ ਹੈ।
ਮੁਦਈ ਸੁਰਿੰਦਰ ਸਿੰਘ ਨੇ ਦਸਿਆ ਕਿ ਇਸ ਕਾਰਨ ਉਸਦਾ ਭਰਾ ਦਲਜੀਤ ਸਿੰਘ ਕਾਫੀ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ ਅਤੇ ਮਿਤੀ 29-7-21 ਨੂੰ ਉਸਦੇ ਭਰਾ ਦਲਜੀਤ ਸਿੰਘ ਨੇ ਸੋਸ਼ਲ ਮੀਡਿਆ ਉਪਰ ਇਕ ਆਡੀਓ ਵਾਇਰਲ ਕੀਤੀ ਅਤੇ ਦਸਿਆ ਕਿ ਪ੍ਰੀਤਮ ਸਿੰਘ , ਬਲਵਿੰਦਰ ਸਿੰਘ ਅਤੇ ਮਹਿੰਦਰ ਸਿੰਘ ਉਸਦੀ ਮੌਤ ਦੇ ਜਿੰਮੇਵਾਰ ਹਨ। ਸੁਰਿੰਦਰ ਸਿੰਘ ਅਨੁਸਾਰ ਦਲਜੀਤ ਸਿੰਘ ਦੋਪਹਰ ਕਰੀਬ 12.15 ਬਜੇ ਇਕੋਦਮ ਘਰੋਂ ਟਰੈਕਟਰ ਲੈਕੇ ਨਿਕਲ ਗਿਆ ਅਤੇ ਉਸ ਵਲੋਂ ਆਡੀਓ ਵਾਇਰਲ ਕਰ ਦਿਤੀ ਗਈ।
ਇਸ ਆਡੀਓ ਨੂੰ ਸੁਰਿੰਦਰ ਸਿੰਘ ਦੇ ਬੇਟੇ ਜਪਸਿਮਰਨ ਨੇ ਸੁਣਾਇਆ ਅਤੇ ਸੁਣਦੇ ਸਾਰ ਹੀ ਸੁਰਿੰਦਰ ਆਪਣੇ ਭਰਾ ਨੂੰ ਲੱਭਣ ਚਲਾ ਗਿਆ ਤਾਂ ਫਿਰਨੀ ਹਿੱਸੋਵਾਲ ਕੋ ਪੁੱਜਕੇ ਵੇਖਿਆ ਕਿ ਉਸਦਾ ਟਰੈਕਟਰ ਖੜਾ ਸੀ ਅਤੇ ਦਲਜੀਤ ਸਿੰਘ ਇਛੇ ਡਿੱਗਿਆ ਪਿਆ ਸੀ ਅਤੇ ਉਸਦੇ ਮੂੰਹ ਵਿਚੋਂ ਝੱਗ ਨਿਕਲ ਰਹੀ ਸੀ। ਦਲਜੀਤ ਸਿੰਘ ਨੇ ਦਸਿਆ ਕਿ ਉਸਨੇ ਪ੍ਰੀਤਮ ਸਿੰਘ ,ਬਲਜਿੰਦਰ ਸਿੰਘ ਅਤੇ ਮਹਿੰਦਰ ਸਿੰਘ ਤੋਂ ਤੰਗ ਆਕੇ ਸਲਫਾਸ ਖਾ ਲਈ ਹੈ। ਪੁਲਿਸ ਵਲੋਂ ਪ੍ਰੀਤਮ ਸਿੰਘ , ਬਲਜਿੰਦਰ ਸਿੰਘ ਅਤੇ ਮਹਿੰਦਰ ਸਿੰਘ ਵਾਸੀ ਜਾਂਗਪੁਰ ਖਿਲਾਫ 306 ਦਾ ਮੁਕਦਮਾ ਦਰਜ ਕੀਤਾ ਹੈ।