ਅਮਰੀਕਾ: ਰਾਸ਼ਟਰਪਤੀ ਜੋਅ ਬਾਇਡਨ , ਜੰਗਲੀ ਅੱਗਾਂ ਸਬੰਧੀ ਗਵਰਨਰਾਂ ਨਾਲ ਕਰਨਗੇ ਮੀਟਿੰਗ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ) 30 ਜੁਲਾਈ,2021: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਸ਼ੁੱਕਰਵਾਰ ਨੂੰ ਸੱਤ ਸਟੇਟਾਂ ਦੇ ਗਵਰਨਰਾਂ ਨਾਲ ਜੰਗਲੀ ਅੱਗਾਂ ਦੇ ਸਬੰਧੀ ਵਿਚਾਰ ਵਟਾਂਦਰੇ ਕਰਨ ਲਈ ਮੁਲਾਕਾਤ ਕਰਨਗੇ। ਇਸ ਦੌਰਾਨ ਬਾਈਡੇਨ ਵੱਲੋਂ ਇਹਨਾਂ ਸੂਬਿਆਂ ਵਿੱਚ ਜੰਗਲੀ ਅੱਗਾਂ ਦੇ ਮੱਦੇਨਜ਼ਰ ਸੂਬਾ ਸਰਕਾਰਾਂ ਦੇ ਯਤਨਾਂ ਅਤੇ ਕੇਦਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਹਾਇਤਾ ਬਾਰੇ ਗੱਲਬਾਤ ਕੀਤੀ ਜਾਵੇਗੀ। ਗਵਰਨਰਾਂ ਨਾਲ ਹੋਣ ਵਾਲੀ ਇਹ ਵਰਚੁਅਲ ਮੀਟਿੰਗ ਤਕਰੀਬਨ ਇੱਕ ਘੰਟਾ ਚੱਲੇਗੀ ਜਿਹਨਾਂ ਦੇ ਸੂਬੇ ਜੰਗਲੀ ਅੱਗ ਅਤੇ ਸੋਕੇ ਦਾ ਸਾਹਮਣਾ ਕਰ ਰਹੇ ਹਨ। ਇਹਨਾਂ ਗਵਰਨਰਾਂ ਵਿੱਚ ਮੋਂਟਾਨਾ ਦੇ ਗ੍ਰੇਗ ਗੈਨਫੋਰਟੇ, ਵਾਸ਼ਿੰਗਟਨ ਦੇ ਜੈ ਇੰਸਲੀ, ਕੈਲੀਫੋਰਨੀਆ ਦੇ ਗੈਵਿਨ ਨਿਊਸਮ, ਆਈਡਾਹੋ ਤੋਂ ਬ੍ਰੈਡ ਲਿਟਲ, ਓਰੇਗਨ ਦੇ ਕੇਟ ਬ੍ਰਾਊਨ, ਮਿਨੇਸੋਟਾ ਦੇ ਟਿਮ ਵਾਲਜ਼ ਅਤੇ ਵੋਮਿੰਗ ਦੇ ਮਾਰਕ ਗੋਰਡਨ ਸ਼ਾਮਲ ਹਨ। ਬਾਈਡੇਨ ਅਤੇ ਹੈਰਿਸ ਜੰਗਲ ਦੀ ਅੱਗ ਦੀ ਰੋਕਥਾਮ ਲਈ ਤਿਆਰੀ, ਯਤਨਾਂ ਨੂੰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਕਰਨਗੇ। ਜਿਸ ਵਿੱਚ ਅੱਗਾਂ ਨਾਲ ਜੂਝ ਰਹੇ ਕੇਂਦਰੀ ਫਾਇਰਫਾਈਟਰਾਂ ਲਈ ਤਨਖਾਹ ਵਧਾਉਣ ਅਤੇ ਅਸਥਾਈ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਦੀ ਭਰਤੀ ਵਧਾਉਣਾ ਵੀ ਸ਼ਾਮਲ ਹੈ। ਜਿਕਰਯੋਗ ਹੈ ਕਿ ਕੈਲੀਫੋਰਨੀਆ ਅਤੇ ਨੇਵਾਡਾ ਦੇ ਗਵਰਨਰਾਂ ਗੈਵਿਨ ਨਿਊਸਮ ਅਤੇ ਸਟੀਵ ਸਿਸੋਲਕ ਨੇ ਬੁੱਧਵਾਰ ਨੂੰ ਟੇਮਰੈਕ ਫਾਇਰ ਕਾਰਨ ਹੋਈ ਤਬਾਹੀ ਦਾ ਦੌਰਾ ਕਰਨ ਤੋਂ ਬਾਅਦ, ਕੇਂਦਰੀ ਸਰਕਾਰ ਨੂੰ ਸਹਾਇਤਾ ਦੀ ਅਪੀਲ ਕੀਤੀ ਸੀ।