ਮਾਨਸਾ ਸੀਐੱਨਜੀ ਧਮਾਕੇ ਵਿਚ ਮਰਨ ਵਾਲੇ ਵਿਕਰਮ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕੀਤਾ ਕੈਂਡਲ ਮਾਰਚ
ਸੰਜੀਵ ਜਿੰਦਲ
ਮਾਨਸਾ, 31 ਜੁਲਾਈ 2021 : ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਪਿਛਲੇ ਦਿਨੀਂ ਮਾਨਸਾ ਦੇ ਪੈਟਰੋਲ ਪੰਪ ’ਤੇ ਸੀਐੱਨਜੀ ਗੈਸ ਭਰਨ ਸਮੇਂ ਹੋਏ ਹਾਦਸੇ ਵਿੱਚ ਮਰਨ ਵਾਲੇ ਪੈਟਰੋਲ ਪੰਪ ’ਤੇ ਕੰਮ ਕਰਦੇ ਮੁਲਾਜ਼ਮ ਵਿਕਰਮ ਸਿੰਘ ਦੇ ਪੀੜਤ ਪਰਿਵਾਰ ਨੂੰ ਮੁਆਵਜ਼ੇ ਦਾ ਵਾਅਦਾ ਕਰਕੇ ਮੁਕਰਨ ਵਾਲੇ ਪੈਟਰੋਲ ਪੰਪ ਮਾਲਕ ਖ਼ਿਲਾਫ਼ ਲਗਾਤਾਰ ਧਰਨਾ 11ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਕਾਮਰੇਡ ਭਗਵੰਤ ਸਿੰਘ ਸਮਾਉਂ ਦੀ ਅਗਵਾਈ ਵਿੱਚ ਧਰਨਾ ਸਥਾਨ ਤੋਂ ਲੈ ਕੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ਤੱਕ ਮ੍ਰਿਤਕ ਵਿਕਰਮ ਸਿੰਘ ਨੂੰ ਇਨਸਾਫ਼ ਦਵਾਉਣ ਲਈ ਕੈਂਡਲ ਮਾਰਚ ਕੱਢਿਆ ਗਿਆ।
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਨੇ ਕਿਹਾ ਕਿ ਪੰਪ ਮਾਲਕ ਖ਼ਿਲਾਫ਼ ਭਾਵੇ ਪ੍ਰਸ਼ਾਸਨ ਨੇ ਪਰਚਾ ਦਰਜ ਕੀਤਾ ਹੈ ਪਰ ਅਜੇ ਤੱਕ ਉਸ ਦੀ ਗ੍ਰਿਫ਼ਤਾਰੀ ਨਹੀਂ ਕੀਤੀ। ਉਨ੍ਹਾਂ ਹਾਦਸੇ ’ਚ ਮਰਨ ਵਾਲੇ ਮੁਲਾਜ਼ਮ ਨੌਜਾਵਨ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਅਤੇ ਗੈਰਕਾਨੂੰਨੀ ਸੰਘਣੀ ਆਬਾਦੀ ਵਿੱਚ ਸੀਐੱਨਜੀ ਪੰਪ ਲਗਾਉਣ ਵਾਲੇ ਮਾਲਕ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।