ਸਿਰਫਿਰੇ ਨੇ ਜਿਊਂਦੇ ਕਤੂਰੇ ਨੂੰ ਸੁੱਟਿਆ ਬਲਦੇ ਤੰਦੂਰ 'ਚ, ਸੀ ਸੀ ਟੀ ਵੀ ਫੁਟੇਜ ਆਈ ਸਾਹਮਣੇ
ਗੌਰਵ ਮਾਣਿਕ
- ਦੁਕਾਨਦਾਰ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ, ਵਾਇਰਲ ਸੀ ਸੀ ਟੀ ਵੀ ਫੁਟੇਜ ਆਈ ਸਾਹਮਣੇ
- ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਕੀਤਾ ਮਾਮਲਾ ਦਰਜ
ਫਿਰੋਜ਼ਪੁਰ 31 ਜੁਲਾਈ 2021 - ਫ਼ਿਰੋਜ਼ਪੁਰ ਵਿੱਚ ਇੱਕ ਹੈਵਾਨੀਅਤ ਭਰਿਆ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਸਿਰਫਿਰੇ ਵੱਲੋਂ ਇਕ ਛੋਟੇ ਜਿਹੇ ਕਤੂਰੇ ਨੂੰ ਜ਼ਿੰਦਾ ਹੀ ਤੰਦੂਰ ਵਿੱਚ ਸੁੱਟ ਕੇ ਸਾੜ ਦਿੱਤਾ ਗਿਆ। ਮਾਮਲਾ ਹੈ ਫਿਰੋਜ਼ਪੁਰ ਛਾਉਣੀ ਵਿੱਚ ਮੌਜੂਦ ਨਰੇਸ਼ ਚਿਕਨ ਕਾਰਨਰ ਦਾ ਜਿੱਥੇ ਰਾਤ ਨੂੰ ਜਦੋਂ ਉਕਤ ਚਿਕਨ ਕਾਰਨਰ ਬੰਦ ਹੋ ਗਿਆ ਤਾਂ ਦੁਕਾਨ ਦੇ ਤੰਦੂਰ ਬਾਹਰ ਬਲਦੇ ਰਹੇ, ਚਿਕਨ ਕਾਰਨਰ ਦੇ ਮਾਲਕ ਨਰੇਸ਼ ਕੁਮਾਰ ਨੇ ਦੱਸਿਆ ਕਿ ਰਾਤ ਨੂੰ 3 ਵਜੇ ਇਕ ਮੰਦਬੁੱਧੀ ਵਿਅਕਤੀ ਵੱਲੋਂ ਤੰਦੂਰ 'ਚ ਇਕ ਕਤੂਰੇ ਨੂੰ ਸਿੱਟ ਦਿੱਤਾ ਗਿਆ।
ਜਦ ਸਵੇਰ ਵੇਲੇ ਉਹ ਦੁਕਾਨ ਤੇ ਆਏ ਤਾਂ ਦੁਕਾਨ ਤੇ ਕੰਮ ਕਰਦੇ ਲੜਕੇ ਨੇ ਆ ਕੇ ਦੱਸਿਆ ਕਿ ਤੰਦੂਰ 'ਚ ਕੋਈ ਚੀਜ਼ ਪਈ ਹੈ। ਵੇਖਣ ਤੇ ਪਤਾ ਚਲਿਆ ਕਿ ਇਕ ਕਤੂਰਾ ਤੰਦੂਰ 'ਚ ਮਰਿਆ ਪਿਆ ਸੀ ਜੋ ਪੁਰੀ ਤਰਾਂ ਸੜ ਚੁੱਕਾ ਸੀ। ਉਸ ਨੇ ਦੱਸਿਆ ਕਿ ਸੀ ਸੀ ਟੀ ਵੀ ਫੁਟੇਜ ਦੇਖਣ ਤੇ ਉਸ ਵਿਅਕਤੀ ਦੀ ਪਛਾਣ ਹੋਈ, ਜਿਸ ਨੂੰ ਫੜ ਕੇ ਥਾਣਾ ਫਿਰੋਜ਼ਪੁਰ ਛਾਉਣੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।
ਉੱਥੇ ਹੀ ਜਾਂਚ ਅਧਿਕਾਰੀ ਸੁਖਦੀਪ ਸਿੰਘ ਨੇ ਕਿਹਾ ਕਿ ਉਹਨਾਂ ਕੋਲ ਸੋਸ਼ਲ ਮੀਡੀਆ 'ਤੇ ਵੀ ਸ਼ਿਕਾਇਤ ਆਈ ਸੀ ਅਤੇ ਵਾਇਰਲ ਹੋ ਰਹੀ ਸੀਸੀਟੀਵੀ ਵੀਡੀਓ ਵੀ ਮਿਲੀ ਸੀ ਅਤੇ ਉਸ ਸ਼ਿਕਾਇਤ ਉਪਰ ਕਾਰਵਾਈ ਕਰਦੇ ਹੋਏ ਅਸੀਂ ਇੱਕ ਵਿਅਕਤੀ ਉੱਪਰ ਮਾਮਲਾ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅੱਗੇ ਪੜਤਾਲ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਕਤੂਰੇ ਨੂੰ ਸਾੜਨ ਦਾ ਵੀਡੀਓ ਵਾਇਰਲ ਹੋ ਗਿਆ ਸੀ ਜੋ ਕਿ ਟਵਿੱਟਰ ਉੱਪਰ ਪਾ ਕੇ ਲੋਕਾਂ ਵੱਲੋਂ ਇਸ ਘਟਨਾ ਦੀ ਨਿਖੇਧੀ ਕੀਤੀ ਤਾਂ ਇਹ ਮਾਮਲਾ ਪੁਲੀਸ ਦੇ ਧਿਆਨ ਵਿੱਚ ਆਇਆ ਤਾਂ ਇਸ ਉੱਪਰ ਕਾਰਵਾਈ ਕਰਦਿਆਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸ਼ਰਮਨਾਕ ਘਟਨਾ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ ਅਤੇ ਜਾਨਵਰਾਂ ਨਾਲ ਪਿਆਰ ਕਰਨ ਵਾਲੇ ਲੋਕਾਂ ਵੱਲੋਂ ਸਖ਼ਤ ਟਿੱਪਣੀ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਵੀ ਕੀਤੀ ਜਾ ਰਹੀ ਹੈ।