ਕੈਨੇਡਾ: ਪੰਜਾਬੀ ਮੁੜ ਬਣਿਆ ਯੂਨੀਵਰਸਿਟੀ ਆਫ਼ ਕੈਲਗਰੀ ਦਾ ਸੈਨੇਟ ਮੈਂਬਰ
ਕਮਲਜੀਤ ਬੁੱਟਰ
- ਰਿਸ਼ੀ ਨਾਗਰ ਕੈਨੇਡਾ ਦੇ ਇਕ ਰੇਡੀਓ ‘ਚ ਬਤੌਰ ਨਿਊਜ਼ ਡਾਇਰੈਕਟਰ ਤੇ ਹੋਸਟ ਵਜੋਂ ਸੇਵਾਵਾਂ ਨਿਭਾਅ ਰਹੇ
- ਪੰਜਾਬ ਦੇ ਸ਼ੰਕਰ (ਜਲੰਧਰ) ਪਿੰਡ ਦੇ ਜਮ-ਪਲ
ਕੈਲਗਰੀ, 31 ਅਗਸਤ 2021 : ਪੰਜਾਬੀ ਭਾਈਚਾਰੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਰਹਿੰਦੇ ਸੀਨੀਅਰ ਪੱਤਰਕਾਰ ਰਿਸ਼ੀ ਨਾਗਰ ਹੁਰਾਂ ਨੂੰ ਐਲਬਰਟਾ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਨੇ ਯੂਨੀਵਰਸਿਟੀ ਔਫ਼ ਕੈਲਗਰੀ ਦੀ ਸੈਨੇਟ ਦੇ ਮੈਂਬਰ ਵਜੋਂ ਵਾਧਾ ਕਰ ਦਿੱਤਾ ਹੈ। ਹੁਣ ਉਹ ਇਸ ਭੂਮਿਕਾ ਵਿੱਚ 30 ਜੂਨ, 2024 ਤੱਕ ਰਹਿਣਗੇ, ਉਨ੍ਹਾਂ ਦੀ ਪਹਿਲੀ ਨਿਯੁਕਤੀ 1 ਜੁਲਾਈ 2018 ‘ਚ ਹੋਈ ਸੀ।
ਰਿਸ਼ੀ ਨਾਗਰ ਪੰਜਾਬ ਦੇ ਪਿੰਡ ਸ਼ੰਕਰ (ਜਲੰਧਰ) ਦੇ ਜੰਮਪਲ ਹਨ ਉਨ੍ਹਾਂ ਆਪਣੀ ਸਿੱਖਿਆ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੂਰੀ ਕੀਤੀ ਤੇ ਆਰੀਆ ਕਾਲਜ ਨੂਰਮਹਿਲ ‘ਚ ਲੈਕਚਰਾਰ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ ਤੇ ਪ੍ਰਿੰਸੀਪਲ ਵਜੋਂ ਵੀ ਪ੍ਰਮੋਟ ਹੋਏ, ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ‘ਚ ਬਤੌਰ ਅੰਗਰੇਜ਼ੀ ਲੈਕਚਰਾਰ ਪੰਜ ਸਾਲ ਵਜੋਂ ਵੀ ਸੇਵਾ ਨਿਭਾਈ। ਇਸ ਤੋਂ ਬਾਅਦ ਉਨ੍ਹਾਂ ਛੇ ਸਾਲ ਤੱਕ ਮੀਡੀਆ ਖੇਤਰ ‘ਚ ਕੰਮ ਕੀਤਾ ਜਿਸ ਦੌਰਾਨ ਉਹ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਅਖ਼ਬਾਰਾਂ ਨਾਲ ਜੁੜੇ ਰਹੇ।
ਸਾਲ 2009 ‘ਚ ਉਹ ਪਰਿਵਾਰ ਸਮੇਤ ਕੈਨੇਡਾ ਦੇ ਸਰੀ ਸ਼ਹਿਰ ਪੱਕੇ ਵਸਨੀਕ ਬਣ ਗਏ ਜਿੱਥੇ ਉਨ੍ਹਾਂ ਦੱਖਣੀ ਭਾਈਚਾਰੇ ਨਾਲ ਸੰਬੰਧਤ ਇਕ ਰੇਡੀਓ Red-FM 93.1 ‘ਤੇ ਹੋਸਟ ਵਜੋਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਹੁਣ ਇਸੇ ਰੇਡੀਓ ਅਦਾਰੇ ਨਾਲ ਕੈਲਗਰੀ ਤੋਂ ਨਿਊਜ਼ ਡਾਇਰੈਕਟਰ ਤੇ ਹੋਸਟ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ਰਿਸ਼ੀ ਨਾਗਰ ਆਪਣੇ ਕੰਮ ਤੋਂ ਬਿਨਾ ਲੋਕ ਭਲਾਈ ਕੰਮਾਂ ‘ਚ ਵੀ ਆਪਣੀਆਂ ਸੇਵਾਵਾਂ ਵੱਡੇ ਪੱਧਰ ‘ਤੇ ਨਿਭਾਅ ਰਹੇ ਹਨ ਜਿਸ ‘ਚ ਉਹ ਕਈ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਹਨ ਜਿਵੇਂ ਕੈਲਗਰੀ ਪੁਲਿਸ ਸਰਵਿਸ ਐਂਟੀ ਰੇਸਇਜ਼ਮ ਐਕਸ਼ਨ ਕਮੇਟੀ, ਕੈਲਗਰੀ ਐਂਟੀ ਰੇਸਇਜ਼ਮ ਕਮੇਟੀ ਤੇ ਬੋਰਡ ਆਫ ਡਾਇਰੈਕਟਰ ਸੈੱਡਲਰਿਜ਼ ਕਮਿਊਨਿਟੀ ਐਸੋਸਿਏਸਨ।