ਕਾਲੇ ਪਾਣੀ ਦੀ ਸਜ਼ਾ ਕੱਟ ਰਹੇ ਨੇ ਸਰਦੂਲਗੜ੍ਹ ਘੱਗਰ ਕਿਨਾਰੇ ਵੱਸਦੇ ਲੋਕ
ਸੰਜੀਵ ਜਿੰਦਲ
- ਕਿਸੇ ਸਮੇਂ ਵਰਦਾਨ ਸੀ, ਹੁਣ ਮੁਸੀਬਤ ਬਣਿਆ ਘੱਗਰ ਦਰਿਆ
ਮਾਨਸਾ, 1 ਅਗਸਤ 2021 : ਕਦੇ ਪਾਣੀ ਦੀਆਂ ਲੋੜਾਂ ਦੀ ਪੂਰਤੀ ਕਰਦਾ ਸਰਦੂਲਗੜ੍ਹ ਇਲਾਕੇ ਦਾ ਘੱਗਰ ਦਰਿਆ ਅੱਜ ਜ਼ਹਿਰੀਲੇ ਰਸਾਇਣਾਂ ਦਾ ਦਰਿਆ ਬਣ ਗਿਆ। ਪੰਜਾਬ 'ਚ 208 ਕਿਲੋਮੀਟਰ ਵਗਣ ਵਾਲਾ ਇਹ ਦਰਿਆ ਪਹਿਲਾਂ ਹੜ੍ਹ ਕਰਕੇ ਫਸਲਾਂ ਦੀ ਤਬਾਹੀ ਦਾ ਕਾਰਨ ਬਣਦਾ ਸੀ ਤੇ ਹੁਣ ਪ੍ਰਦੂਸ਼ਤ ਪਾਣੀ ਨਾਲ ਫਸਲਾਂ ਨੂੰ ਤਬਾਹ ਕਰਦਾ ਹੈ।ਹਿਮਾਚਲ ਦੀਆਂ ਟਾਂਗਰੀ ਤੇ ਮਾਰਕੰਡਾ ਬਰਸਾਤੀ ਨਦੀਆਂ ਦੇ ਸੁਮੇਲ 'ਚੋਂ ਵਗਣ ਵਾਲਾ ਘੱਗਰ ਦਰਿਆ ਇਨ੍ਹਾਂ ਨਦੀਆਂ ਦੇ ਬਰਸਾਤੀ ਪਾਣੀ ਤੋਂ ਇਲਾਵਾ ਹਿਮਾਚਲ, ਹਰਿਆਣਾ ਤੇ ਪੰਜਾਬ ਦੇ ਲਗਪਗ 35 ਤੋਂ 40 ਡਰੇਨਾਂ ਨੂੰ ਵੀ ਆਪਣੇ ਕਲਾਵੇ ਵਿੱਚ ਸਮੇਟਦਾ ਹੈ। ਹੁਣ ਤਕ ਇਹ ਦਰਿਆ ਸਰਦੂਲਗੜ ਇਲਾਕੇ ਵਿੱਚ 6 ਵਾਰ 1962, 1988, 1993, 1994, 1995 ਤੇ 2010 'ਚ ਹੜ੍ਹ ਲਿਆ ਚੁੱਕਾ ਹੈ।
ਇਸ ਖੇਤਰ ਵਿੱਚ ਹੜ੍ਹ ਆਉਣ ਦਾ ਸਭ ਤੋਂ ਵੱਡਾ ਕਾਰਨ ਸਰਦੂਲਗੜ੍ਹ- ਸਿਰਸਾ ਸੜਕ 'ਤੇ ਬਣਿਆ ਪੁਲ ਹੈ । 1955 ਵਿੱਚ ਬਣਿਆ ਇਹ ਪੁਲ 1984 'ਚ ਪੰਜਾਬ 'ਚ ਲੱਗੇ ਕਰਫਿਊ ਦੌਰਾਨ ਇਥੋਂ ਲੰਘਣ ਸਮੇਂ ਮਿਲਟਰੀ ਨੇ ਇਸ ਨੂੰ ਅਸੁਰੱਖਿਅਤ ਐਲਾਨ ਦਿੱਤਾ ਸੀ ਤੇ ਇਸ ਉੱਪਰੋਂ ਲੰਘਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਬਾਵਜੂਦ ਬੀਤੇ 35-36 ਸਾਲਾਂ ਤੋਂ ਕਿਸੇ ਵੀ ਸਰਕਾਰ ਨੇ ਇਸ ਪੁਲ ਦੀ ਸਾਰ ਨਹੀਂ ਲਈ। ਪੰਜਾਬ ਵਿੱਚ ਅਕਾਲੀ ਕਾਂਗਰਸ ਸਰਕਾਰਾਂ ਬਣਦੀਆਂ ਰਹੀਆਂ ਪਰ ਇਸ ਇਲਾਕੇ ਨੂੰ ਲਾਵਾਰਿਸ ਹੀ ਸਮਝਿਆ ਗਿਆ । ਜਦੋਂਕਿ ਜ਼ਿਕਰਯੋਗ ਗੱਲ ਹੈ ਕਿ ਰਾਜਨੀਤੀ ਵਿੱਚ ਆਪਣਾ ਉੱਚਾ ਕੱਦ ਰੱਖਣ ਵਾਲੇ ਬਲਵਿੰਦਰ ਸਿੰਘ ਭੂੰਦੜ ਇੱਥੇ ਕਈ ਵਾਰ ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਅਤੇ ਰਾਜ ਸਭਾ ਦੇ ਮੈਂਬਰ ਵੀ ਰਹੇ ਪਰ ਆਪਣੀ ਸਰਕਾਰ ਹੋਣ ਦੇ ਬਾਵਜੂਦ ਵੀ ਇਸ ਇਲਾਕੇ ਦੀ ਕੋਈ ਸਾਰ ਨਾ ਲੈ ਸਕੇ।
ਜਦੋਂਕਿ ਉਹ ਖੁਦ ਇਸ ਇਲਾਕੇ ਦੇ ਵਸਨੀਕ ਹਨ । ਚਲੋ ਸਿਆਣੇ ਕਹਿੰਦੇ ਨੇ ਕਿ " ਦੇਰ ਆਏ ਦਰੁਸਤ ਆਏ" ਹੁਣ ਇਹ ਪੁਲ ਬਣਨਾ ਸ਼ੁਰੂ ਹੋਇਆ ਹੈ ਜਿਸ ਦਾ ਕੰਮ ਚੱਲ ਰਿਹਾ ਹੈ ਪਰ ਹੁਣ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਪੁਲ ਉਸਾਰੀ ਕਾਰਜਾਂ 'ਚ ਖੜੋਤ ਆ ਗਈ ਹੈ। ਸਿਆਣਿਆਂ ਦੀਆਂ ਕਹੀਆਂ ਹੋਈਆਂ ਕਹਾਵਤਾਂ ਸੱਚ ਹੋ ਗਈਆਂ ਉਹ ਕਹਿੰਦੇ ਸੀ ਕਿ " ਬੂਹੇ ਬੈਠੀ ਜੰਨ , ਵਿੰਨੋ ਕੁੜੀ ਦੇ ਕੰਨ " ਹੁਣ ਜਦੋਂ ਭਾਰੀ ਬਰਸਾਤਾਂ ਕਾਰਨ ਪਾਣੀ ਦਾ ਲੈਵਲ ਘੱਗਰ ਦਰਿਆ ਵਿੱਚ ਉੱਚਾ ਹੋ ਗਿਆ ਹੈ ਤਾਂ ਸਰਕਾਰ ਨੂੰ ਨਵਾਂ ਪੁਲ ਬਣਾਉਣ ਦੀ ਸੋਝੀ ਆਈ ਹੈ । ਸੂਬੇ ਵਿੱਚ ਕਾਂਗਰਸ ਸਰਕਾਰ ਬਣੇ ਹੋਏ ਵੀ ਪੂਰੇ ਸਾਢੇ ਚਾਰ ਸਾਲ ਬੀਤ ਗਏ ਪਰ ਹੁਣ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਗਈਆਂ ਤਾਂ ਇਸ ਪੁਲ ਦੀ ਯਾਦ ਆ ਗਈ ।
ਇਹ ਪੁਲ ਆਪਣੇ ਹੇਠੋਂ 21000 ਕਿਊਸਿਕ ਪਾਣੀ ਲੰਘਾਉਣ ਦੀ ਸਮਰੱਥਾ ਰੱਖਦਾ ਹੈ ਜਦਕਿ ਬਰਸਾਤਾਂ 'ਚ ਜਦੋਂ ਪਿਛਲੀਆਂ ਨਦੀਆਂ ਅਤੇ ਡਰੇਨ ਉਫ਼ਾਨ 'ਤੇ ਹੁੰਦੇ ਹਨ ਤਾਂ ਘੱਗਰ ਦਰਿਆ ਵਿਚ 50000 ਕਿਊਸਿਕ ਤੱਕ ਪਾਣੀ ਵਗਦਾ ਹੈ। ਸਮਰੱਥਾ ਤੋਂ ਵੱਧ ਪਾਣੀ ਘੱਗਰ ਵਿਚ ਆਉਣ ਕਰਕੇ ਪੁਰਾਣੇ ਪੁਲ ਦੀ ਡਾਫ ਲੱਗਣ ਕਰਕੇ ਪਿਛਲੇ ਕਿਨਾਰੇ ਟੁੱਟ ਜਾਂਦੇ ਹਨ ਤੇ ਆਸੇ ਪਾਸੇ ਦੇ ਖੇਤਰ ਹੜ੍ਹਾਂ ਦੀ ਭੇਟ ਚੜ੍ਹ ਜਾਂਦੇ ਹਨ । ਹਿਮਾਚਲ ਦੇ ਪਰਵਾਣੂ ਤੋਂ ਇਸ ਦਰਿਆ 'ਚ ਸੁੱਟਿਆ ਜਾਣ ਵਾਲਾ ਸੀਵਰੇਜ, ਹਰਿਆਣੇ ਦੇ 20 ਵੱਡੇ ਸ਼ਹਿਰਾਂ ਦਾ ਸੀਵਰੇਜ ਅਤੇ ਫੈਕਟਰੀਆਂ ਦਾ ਗੰਦ, ਪੰਜਾਬ ਦੇ 21 ਵੱਡੇ ਸ਼ਹਿਰਾਂ ਦੇ ਸੀਵਰੇਜ ਅਤੇ ਫੈਕਟਰੀਆਂ ਦਾ ਗੰਦਾ ਪਾਣੀ ਇਸ ਦਰਿਆ ਦੇ ਪਾਣੀ ਨੂੰ ਜ਼ਹਿਰੀਲਾ ਤੇ ਪ੍ਰਦੂਸ਼ਤ ਕਰਦਾ ਹੈ। ਜੇਕਰ ਕਿਹਾ ਜਾਵੇ ਕਿ ਘੱਗਰ ਕਿਨਾਰੇ ਵੱਸਦੇ ਲੋਕ ਕਾਲੇ ਪਾਣੀ ਦੀ ਸਜ਼ਾ ਕੱਟ ਰਹੇ ਹਨ ਤਾਂ ਇਸ ਵਿੱਚ ਕੋਈ ਅਥਕਥਨੀ ਨਹੀਂ ਹੋਵੇਗੀ।
ਇਹ ਘੱਗਰ ਦਰਿਆ ਜਦੋਂ ਭਿਆਨਕ ਰੂਪ ਧਾਰ ਲੈਂਦਾ ਹੈ ਤਾਂ ਨਾਲ ਲੱਗਦੀਆਂ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਵੀ ਆਪਣੇ ਵਿੱਚ ਸਮੇਟ ਲੈਂਦਾ ਹੈ ਜਿਸ ਕਾਰਨ ਉਨ੍ਹਾਂ ਕਿਸਾਨਾਂ ਅਤੇ ਮਜ਼ਦੂਰਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ । ਜਿਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਤੁਸੀਂ ਅੱਜ ਦੇਖ ਰਹੇ ਹੋ ।