ਵਿੱਤ ਮੰਤਰੀ ਦੇ ਹਲਕੇ ’ਚ ਦੋ ਬਾਰਸ਼ਾਂ ਵੀ ਨਹੀਂ ਝੱਲ ਸਕਿਆ ਫਲਾਈਓਵਰ
ਅਸ਼ੋਕ ਵਰਮਾ
ਬਠਿੰਡਾ, 1 ਅਗਸਤ2021: ਬਠਿੰਡਾ ਮੁਲਤਾਨੀਆ ਰੋਡ ਤੇ ਬਣਿਆ ਰੇਲਵੇ ਓਵਰਬਰਿੱਜ ਦੋ ਬਾਰਸ਼ਾਂ ਦਾ ਵੀ ਭਾਰ ਨਹੀਂ ਝੱਲ ਸਕਿਆ ਹੈ। ਇਸ ਫਲਾਈਓਵਰ ਦੀ ਮਾਰਚ 2017 ’ਚ ਕਰੀਬ ਇੱਕ ਕਰੋੜ ਰੁਪਏ ਖਰਚ ਕਰਕੇ ਮੁਰੰਮਤ ਕੀਤੀ ਸੀ। ਇਸ ਕਾਰਨ ਲੋਕਾਂ ਨੂੰ ਆਸ ਬੱਝੀ ਸੀ ਕਿ ਹੁਣ ਇਸ ਪੁਲ ਦੀ ਉਮਰ ਵਧ ਗਈ ਹੈ ਪਰ ਤਿੰਨ ਸਾਲਾਂ ’ਚ ਇੱਕ ਵਾਰ ਫਿਰ ਇਸ ਦੀ ਟੁੱਟ ਭੱਜ ਹੋ ਗਈ ਹੈ। ਐਨੀ ਮੋਟੀ ਰਾਸ਼ੀ ਖਰਚਣ ਉਪਰੰਤ ਪੁਲ ਦੇ ਹੋਏ ਇਸ ਹਾਲ ਕਾਰਨ ਸ਼ਹਿਰ ’ਚ ਮੁਰੰਮਤ ਦੌਰਾਨ ਚੱਕ ਥੱਲ ਹੋਣ ਦੇ ਚਰਚੇ ਹਨ। ਲੋਕ ਆਖਦੇ ਹਨ ਕਿ ਜੇਕਰ ਪੂਰਾ ਪੈਸਾ ਲੱਗਿਆ ਹੁੰਦਾ ਤਾਂ ਇੰਜ ਨਹੀਂ ਹੋਣਾ ਸੀ। ਇਹ ਪਹਿਲੀ ਵਾਰ ਨਹੀਂ ਹੋਇਆ ਬਲਕਿ ਇਸ ਪੁਲ ਦੀ ਹੁਣ ਤੱਕ ਚਾਰ ਵਾਰ ਮੁਰੰਮਤ ਕੀਤੀ ਜਾ ਚੁੱੱਕੀ ਹੈ ਫਿਰ ਵੀ ਇਸ ਫਲਾਂਈਓਵਰ ਦੇ ਭਾਗ ਨਹੀਂ ਜਾਗ ਸਕੇ ਹਨ।
ਦੇਖਣ ’ਚ ਆਇਆ ਹੈ ਕਿ ਓਵਰਬਰਿੱਜ ਦੇ ਫੁੱਟਪਾਥ ਦੇ ਫਰਸ਼ ਦੀਆਂ ਟਾਈਲਾਂ ਟੁੱਟ ਗਈਆਂ ਹਨ ਅਤੇ ਤਿੰਨ ਥਾਵਾਂ ਤੇ ਸੜਕ ਧਸਣ ਕਾਰਨ ਮਘੋੋਰੇ ਹੋ ਗਏ ਹਨ। ਇਸ ਬਾਰੇ ਪਤਾ ਉਦੋਂ ਲੱਗਿਆ ਜਦੋਂ ਲੰਘ ਰਹੇ ਟਰਾਲੇ ਦਾ ਇੱਕ ਟਾਇਰ ਸੜਕ ’ਚ ਧਸਣ ਤੋਂ ਬਾਅਦ ਵੱਡਾ ਖੱਡਾ ਬਣ ਗਿਆ । ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਮੌਕੇ ਤੇ ਪੁੱਜੇ ਤੇ ਸਥਿਤੀ ਦਾ ਜਾਇਜਾ ਲਿਆ ਹੈ। ਅਫਸਰਾਂ ਨੇ ਖੱਡਿਆਂ ਦੇ ਆਲੇ ਦੁਆਲੇ ਸੁਰੱਖਿਆ ਦ। ਪੱਖ ਤੋ ਇੱਟਾਂ ਰਖਵਾ ਦਿੱਤੀਆਂ ਹਨ ਪੁਲ ਤੇ ਪਈ ਰੁਕਾਵਟ ਕਾਰਨ ਰਾਹਗੀਰਾਂ ਲਈ ਨਵੀਂ ਮੁਸੀਬਤ ਖੜੀ ਹੋਣ ਲੱਗੀ ਹੈ। ਇਸ ਪੁਲ ਰਾਹੀਂ ਰੋਜਾਨਾ 18 ਹਜਾਰ ਦੇ ਕਰੀਬ ਗੱਡੀਆਂ ਲੰਘਦੀਆਂ ਹਨ। ਆਵਾਜਾਈ ਲਈ ਰਿੰਗ ਰੋਡ ਨੂੰ ਜੋੜਦਾ ਹੋਣ ਕਰਕੇ ਪੁਲ ਦੀ ਕਾਫੀ ਮਹੱਤਤਾ ਹੈ । ਪਿਛਲੇ ਦਿਨੀ ਪਈ ਦੋ ਵਾਰ ਬਾਰਸ਼ ਨੇ ਪੁਲ ਦੀ ਹਾਲਤ ਹੋਰ ਨਾਜ਼ੁਕ ਬਣਾ ਦਿੱਤੀ ਹੈ।
ਬਠਿੰਡਾ ’ਚ ਕਈ ਰੇਲਵੇ ਲਾਈਨਾਂ ਤੋਂ ਉੱਪਰ ਦੀ ਲੰਘਣ ਵਾਲਾ 14 ਸੌ ਮੀਟਰ ਲੰਬਾ ਇਹ ਸਭ ਤੋਂ ਪਹਿਲਾ ਓਵਰਬਰਿੱਜ ਹੈ ਜਿਸ ਦਾ ਦਾ ਉਦਘਾਟਨ ਸਾਲ 1993 ’ਚ ਤੱਤਕਾਲੀ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਨੇ ਕੀਤਾ ਸੀ । ਤਕਨੀਕੀ ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਨਵੇਂ ਬਰਿੱਜ ਤਾਂ ਪਿੱਲਰਾਂ ‘ਤੇ ਬਣਦੇ ਹਨ ਜਦੋਂ ਕਿ ਮੁਲਤਾਨੀਆ ਪੁਲ ਦੀਵਾਰਾਂ ‘ਤੇ ਬਣਿਆ ਹੋਇਆ ਹੈ । ਕੰਧਾਂ ਵਿਚਲੀ ਜਗ੍ਹਾ ਵਿੱਚ ਮਿੱਟੀ ਭਰੀ ਹੋਈ ਹੈ । ਜਦੋਂ ਬਰਸਾਤ ਹੁੰਦੀ ਹੈ ਤਾਂ ਸਿੱਧਾ ਅਸਰ ਫੁੱਟਪਾਥ ‘ਤੇ ਪੈਂਦਾ ਹੈ। ਬਠਿੰਡਾ ਤੋਂ ਬਾਦਲ ਅਤੇ ਬ ਦਰਜਨਾਂ ਪਿੰਡਾਂ ਨੂੰ ਜਾਣ ਵਾਲੀ ਆਵਾਜਾਈ ਲਈ ਇਹ ਓਵਰਬਰਿੱਜ ਵਰਦਾਨ ਹੈ । ਉਜ ਇਹ ਪੁਲ ਕਿਸੇ ਮੁੱਖ ਸੜਕ ‘ਤੇ ਨਾ ਹੋਣ ਕਰਕੇ ਇਸ ਵੱਲ ਸਰਕਾਰ ਦਾ ਧਿਆਨ ਨਹੀਂ ਹੈ। ਨਗਰ ਨਿਗਮ ਵੀ ਇਸ ਪੁਲ ਦੀ ਮੁਰੰਮਤ ਅਤੇ ਸਾਂਭ ਸੰਭਾਲ ਵਾਸਤੇ ਕੋਈ ਫੰਡ ਖਰਚ ਨਹੀਂ ਕਰਦਾ ਹੈ ।
ਲਾਈਨੋ ਪਾਰ ਅਬਾਦੀ ਨੂੰ ਖਤਰਾ
ਮੁਲਤਾਨੀਆ ਪੁਲ ਦੇ ਟੁੱਟਣ ਕਾਰਨ ਲਾਗਲੇ ਪਿੰਡਾਂ ਦੀ ਅਬਾਦੀ ਦੇ ਨਾਲ ਨਾਲ ਲਾਈਨੋਪਾਰ ਇਲਾਕੇ ਦੀ ਵੱਡੀ ਵਸੋਂ ਖਤਰੇ ਦੀ ਮਾਰ ਹੇਠ ਆ ਗਈ ਹੈ। ਇਸ ਪੁੱਲ ਉੱਪਰ ਦੀ ਇੰਨ੍ਹਾਂ ਕਲੋਨੀਆਂ ਦੇ ਹਜਾਰਾਂ ਲੋਕ ਆਪਣੇ ਕੰਮ ਧੰਦਿਆਂ ਲਈ ਸ਼ਹਿਰ ’ਚ ਆਉਂਦੇ ਜਾਂਦੇ ਹਨ। ਇਸ ਦੌਰਾਨ ਜੇਕਰ ਕੋਈ ਵੱਡਾ ਹਾਦਸਾ ਵਾਪਰ ਗਿਆ ਤਾਂ ਕੀਮਤੀ ਜਿੰਦਾਂ ਜਾ ਸਕਦੀਆਂ ਹਨ। ਖਾਸ ਤੌਰ ਤੇ ਪੁਲ ਹੇਠ ਦੀ ਲੰਘਣ ਵਾਲੀਆਂ ਰੇਲ ਗੱਡੀਆਂ ਕਹਿਰ ਵਰਤਾ ਸਕਦੀਆਂ ਹਨ। ਲੋਕਾਂ ਨੇ ਮੰਗ ਕੀਤੀ ਕਿ ਸਰਕਾਰ ਨਵੇਂ ਪੁਲ ਉਸਾਰਨ ਦੇ ਨਾਲ ਨਾਲ ਪੁਰਾਣਿਆਂ ਦੀ ਸਾਂਭ ਸੰਭਾਲ ਵੀ ਕਰੇ ਤਾਂ ਜੋ ਕਿ ਕਿਸੇ ਸੰਭਾਵੀ ਹਾਦਸੇ ਤੋਂ ਬਚਾਓ ਹੋ ਸਕੇ।
ਆਰਜੀ ਮੁਰੰਮਤ ਕੀਤੀ ਪੱਕੀ ਠਹਿਰ ਕੇ ਕਰਾਂਗੇ
ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਇੰਦਰਜੀਤ ਸਿੰਘ ਦਾ ਕਹਿਣਾ ਸੀ ਕਿ ਲੋਕਾਂ ਵੱਲੋਂ ਪੰਛੀਆਂ ਨੂੰ ਦਾਣਾ ਪਾਉਣ ਵਾਲੀਆਂ ਤਿੰਨ ਥਾਵਾਂ ਤੋਂ ਹੀ ਸੜਕ ਧਸੀ ਹੈ। ਉਨ੍ਹਾਂ ਦੱਸਿਆ ਕਿ ਦਾਣੇ ਅਤੇ ਅਨਾਜ ਆਦਿ ਖਾਣ ਲਈ ਆਉਂਦੇ ਮੋਟੇ ਚੂਹਿਆਂ ਨੇ ਇਸ ਬੁੱਢੇ ਓਵਰਬਰਿਜ ਨੂੰ ਸੰਨ੍ਹ ਲਾ ਲਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੂਹਿਆਂ ਨੇ ਓਵਰਬਰਿੱਜ ਦੀਆਂ ਕੰਧਾਂ ਵਿੱਚ ਆਪਣੇ ਟਿਕਾਣੇ ਬਣਾ ਰੱਖੇ ਹਨ ਜਿਸ ਦਾ ਸਿੱਧਾ ਅਸਰ ਫੁੱਟਪਾਥ ‘ਤੇ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਮੁਲਤਾਨੀਆ ਰੋਡ ਫਲਾਈਓਵਰ ਦੇ ਖੱਡਿਆਂ ਨੂੰ ਆਰਜੀ ਤੌਰ ਤੇ ਬੰਦ ਕਰ ਦਿੱਤਾ ਹੈ ਅਤੇ ਪੱਕਾ ਹੱਲ ਬਾਰਸ਼ਾਂ ਤੋਂ ਬਾਅਦ ਕੀਤਾ ਜਾਏਗਾ।
ਚੂਹਿਆਂ ਦੇ ਮਾਮਲੇ ਦੀ ਜਾਂਚ ਹੋਵੇ: ਗਿੱਲ
ਸੀਨੀਅਰ ਕਾਂਗਰਸੀ ਕੌਂਸਲਰ ਜਗਰੂਪ ਸਿੰਘ ਗਿੱਲ ਦਾ ਕਹਿਣਾ ਸੀ ਕਿ ਲੋਕ ਨਿਰਮਾਣ ਵਿਭਾਗ ਪਿਛਲੇ ਕਈ ਵਰਿ੍ਹਆਂ ਤੋਂ ਚੂਹਿਆਂ ਦਾ ਪਿੱਛਾ ਕਰ ਰਿਹਾ ਹੈ ਪਰ ਕੋਈ ਠੋਸ ਹੱਲ ਨਹੀਂ ਨਿਕਲ ਸਕਿਆ ਹੈ। ਉਨ੍ਹਾਂ ਆਖਿਆ ਕਿ ਕਿਧਰੇ ਇਹ ਚੂਹੇ ਮਹਿਕਮੇ ਲਈ ਵਰਦਾਨ ਤਾਂ ਨਹੀਂ ਬਣ ਰਹੇ ਇਸ ਦੀ ਉੱਚ ਪੱਧਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਬਾਦਲ ਪ੍ਰੀਵਾਰ ਦੇ ਲਾਂਘੇ ਵਕਤ ਮੁਲਤਾਨੀਆ ਪੁਲ ਵੀਆਈਪੀ ਹੁੰਦਾ ਸੀ ਪਰ ਜਦੋਂ ਤੋਂ ਬਠਿੰਡਾ ਬਾਦਲ ਸੜਕ ‘ਤੇ ਫਲਾਈਓਵਰ ਬਣਿਆ ਹੈ, ਉਸ ਮਗਰੋਂ ਸਰਕਾਰ ਨੇ ਇਸ ਦੀ ਗੌਰ ਕਰਨੀ ਛੱਡ ਦਿੱਤੀ ਹੈ। ਉਨ੍ਹਾਂ ਆਖਿਆ ਕਿ ਜੇਕਰ ਕੋਈ ਭਿਆਨਕ ਹਾਦਸਾ ਵਾਪਰ ਗਿਆ ਤਾਂ ਇਸ ਲਈ ਪੰਜਾਬ ਸਰਕਾਰ ਜਿੰਮੇਵਾਰ ਹੋਵੇਗੀ।