ਭਾਰਤੀ ਹਾਕੀ ਨੇ 41 ਵਰ੍ਹਿਆਂ ਬਾਅਦ ਇਤਿਹਾਸ ਰਚਿਆ, 49 ਸਾਲਾਂ ਬਾਅਦ ਖੇਡੇਗਾ ਓਲੰਪਿਕ ਸੈਮੀ ਫ਼ਾਈਨਲ
ਨਵਦੀਪ ਸਿੰਘ ਗਿੱਲ
- ਭਾਰਤ ਨੇ ਬਰਤਾਨੀਆ ਨੂੰ 3-1 ਨਾਲ ਹਰਾ ਕੇ ਸੈਮੀ ਫਾਈਨਲ ਦੀ ਟਿਕਟ ਕਟਾਈ
- ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ ਤੇ ਹਾਰਦਿਕ ਸਿੰਘ ਨੇ ਕੀਤੇ ਫੀਲਡ ਗੋਲ
ਟੋਕੀਓ, 1 ਔਗੁਸਟ 2021 - ਭਾਰਤੀ ਪੁਰਸ਼ ਹਾਕੀ ਟੀਮ ਨੇ ਓਲੰਪਿਕ ਖੇਡਾਂ ਵਿੱਚ 41 ਵਰ੍ਹਿਆਂ ਬਾਅਦ ਸਿਖਰਲੀਆਂ ਚਾਰ ਟੀਮਾਂ ਵਿੱਚ ਜਗ੍ਹਾਂ ਬਣਾ ਕੇ ਇਤਿਹਾਸ ਰਚਿਆ ਹੈ। ਸੈਮੀ ਫਾਈਨਲ ਦੀ ਗੱਲ ਕਰੀਏ ਤਾਂ ਭਾਰਤ ਨੇ 49 ਸਾਲਾਂ ਬਾਅਦ ਦਾਖਲਾ ਪਾਇਆ ਹੈ। ਟੋਕੀਓ ਵਿਖੇ ਚੌਥੇ ਕੁਆਰਟਰ ਫਾਈਨਲ ਵਿੱਚ ਬਰਤਾਨੀਆ ਨੂੰ 3-1 ਨਾਲ ਹਰਾ ਕੇ ਭਾਰਤ ਨੇ ਸੈਮੀ ਫਾਈਨਲ ਵਿੱਚ ਜਗ੍ਹਾਂ ਬਣਾਈ ਜਿੱਥੇ ਭਾਰਤ ਦਾ ਮੁਕਾਬਲਾ ਬੈਲਜੀਅਮ ਨਾਲ 3 ਅਗਸਤ ਨੂੰ ਹੋਵੇਗਾ।
ਅੱਜ ਦੇ ਮੈਚ ਵਿਚ ਭਾਰਤ ਨੇ ਤਿੰਨ ਗੋਲ ਕੀਤੇ, ਤਿੰਨੇ ਫੀਲਡ ਗੋਲ। ਦਿਲਪ੍ਰੀਤ ਸਿੰਘ ਨੇ ਸੱਤਵੇਂ, ਗੁਰਜੰਟ ਸਿੰਘ ਨੇ 16ਵੇਂ ਤੇ ਹਾਰਦਿਕ ਸਿੰਘ ਨੇ 57ਵੇਂ ਮਿੰਟ ਵਿੱਚ ਗੋਲ ਕੀਤਾ। ਬਰਤਾਨੀਆ ਨੇ ਇਕੋ ਇਕ ਗੋਲ ਵਾਰਡ ਨੇ 45ਵੇਂ ਮਿੰਟ ਵਿੱਚ ਗੋਲ ਕੀਤਾ। ਦਿਲਪ੍ਰੀਤ ਸਿੰਘ ਨੇ ਜਿੱਥੇ ਸ਼ੁਰੂਆਤ ਵਿੱਚ ਬਿਹਤਰ ਗੋਲ ਕੀਤਾ ਉਥੇ ਗੁਰਜੰਟ ਸਿੰਘ ਨੇ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣਾ ਤੀਜਾ ਓਲੰਪਿਕਸ ਗੋਲ ਕੀਤਾ। ਆਖਰੀ ਪਲਾਂ ਵਿੱਚ ਕਪਤਾਨ ਮਨਪ੍ਰੀਤ ਸਿੰਘ ਨੂੰ ਪੀਲਾ ਕਾਰਡ ਮਿਲਣ ਕਰਕੇ ਭਾਰਤੀ ਟੀਮ ਦਬਾਅ ਮਹਿਸੂਸ ਕਰ ਰਹੀ ਸੀ, ਉਪਰੋਂ ਬਰਤਾਨੀਆ ਨਿਰੰਤਰ ਹਮਲੇ ਬਣਾ ਰਿਹਾ ਸੀ। ਗੋਲਚੀ ਪੀ. ਸ੍ਰੀਜੇਸ਼ ਚੀਨ ਦੀ ਦੀਵਾਰ ਸਾਬਤ ਹੋਇਆ ਜਿਸ ਨੇ ਪੈਨਲਟੀ ਕਾਰਨਰ ਸਣੇ ਕਈ ਫੀਲਡ ਮੌਕੇ ਬਚਾਏ। ਆਖਰੀ ਪਲਾਂ ਵਿੱਚ ਹਾਰਦਿਕ ਵੱਲੋਂ ਇਕੱਲਿਆ ਪੂਰਾ ਮੈਦਾਨ ਕਵਰ ਕਰ ਕੇ ਮੂਵ ਬਣਾਉਂਦਿਆਂ ਕੋਸ਼ਿਸ਼ ਕੀਤੀ ਗਈ ਜਿਸ ਉਤੇ ਉਸ ਨੇ ਖੁਦ ਹੀ ਰਿਵਾਊਂਡ ਉਤੇ ਗੋਲ ਕਰਕੇ ਭਾਰਤ ਦੀ ਜਿੱਤ ਪੱਕੀ ਕੀਤੀ।
ਓਲੰਪਿਕ ਖੇਡਾਂ ਵਿੱਚ ਭਾਰਤ ਨੇ ਆਖਰੀ ਮੈਡਲ 1980 ਵਿੱਚ ਮਾਸਕੋ ਓਲੰਪਿਕਸ ਵਿੱਚ ਜਿੱਤਿਆ ਸੀ ਜਦੋਂ ਭਾਰਤ ਨੇ ਗੋਲਡ ਮੈਡਲ ਜਿੱਤਿਆ ਸੀ। ਸੈਮੀ ਫਾਈਨਲ ਫਾਰਮੈਟ ਦੀ ਗੱਲ ਕਰੀਏ ਤਾਂ ਭਾਰਤ ਨੇ 49 ਸਾਲ ਬਾਅਦ ਸੈਮੀ ਫਾਈਨਲ ਵਿੱਚ ਜਗ੍ਹਾਂ ਬਣਾਈ ਹੈ। 1972 ਦੀਆਂ ਮਿਊਨਿਖ ਓਲੰਪਿਕ ਖੇਡਾਂ ਵਿੱਚ ਭਾਰਤ ਸੈਮੀ ਫਾਈਨਲ ਵਿੱਚ ਪੁੱਜਿਆ ਸੀ ਜਦੋਂ ਭਾਰਤ ਪਾਕਿਸਤਾਨ ਹੱਥੋਂ 0-2 ਨਾਲ ਹਾਰਿਆ ਸੀ ਅਤੇ ਫੇਰ ਕਾਂਸੀ ਦੇ ਮੈਡਲ ਮੈਚ ਵਿੱਚ ਹਾਲੈਂਡ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਮੈਡਲ ਜਿੱਤਿਆ ਸੀ। 1980 ਮਾਸਕੋ ਓਲੰਪਿਕਸ ਵਿੱਚ ਸੈਮੀ ਫਾਈਨਲ ਫਾਰਮੈਟ ਨਹੀਂ ਸੀ। ਉਦੋਂ ਛੇ ਟੀਮਾਂ ਪੂਲ ਵਿੱਚ ਸਨ ਅਤੇ ਭਾਰਤ ਦੂਜੇ ਨੰਬਰ ਉਤੇ ਆਈ ਸੀ। ਸਿਖਰਲੀਆਂ ਦੋ ਟੀਮਾਂ ਵਿਚਾਲੇ ਫਾਈਨਲ ਹੋਇਆ ਸੀ ਜਦੋਂ ਭਾਰਤ ਨੇ ਸਪੇਨ ਨੂੰ 4-3 ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ ਸੀ ਜੋ ਹੁਣ ਤੱਕ ਦਾ ਹਾਕੀ ਵਿੱਚ ਭਾਰਤ ਦਾ ਆਖਰੀ ਮੈਡਲ ਸੀ। 2000 ਵਿੱਚ ਸਿਡਨੀ ਵਿਖੇ ਭਾਰਤ ਪੋਲੈਂਡ ਖਿਲਾਫ ਆਖਰੀ ਪਲਾਂ ਵਿੱਚ ਗੋਲ ਕਰਵਾਉਣ ਕਰਕੇ ਬਰਾਬਰੀ ਕਾਰਨ ਸੈਮੀ ਫਾਈਨਲ ਵਿੱਚ ਪਹੁੰਚਣ ਤੋਂ ਖੁੰਝ ਗਈ ਸੀ। 2016 ਰੀਓ ਓਲੰਪਿਕਸ ਵਿੱਚ ਭਾਰਤ ਕੁਆਰਟਰ ਫਾਈਨਲ ਵਿੱਚ ਬੈਲਜੀਅਮ ਹੱਥੋਂ 1-3 ਨਾਲ ਹਾਰ ਗਿਆ ਸੀ।