ਭ੍ਰਿਸ਼ਟ ਸਾਧੂ ਸਿੰਘ ਧਰਮਸੋਤ ਸਮੇਤ ਮਾਫੀਆ ਨੁੰ ਹੁਣ ਨਵਜੋਤ ਸਿੱਧੂ ਤੋਂ ਲਾਭ ਮਿਲੇਗਾ : ਬਿਕਰਮ ਸਿੰਘ ਮਜੀਠੀਆ
ਜੀ ਐਸ ਪੰਨੂ
- ਸਿੱਧੂ ਪੰਜਾਬ ਕਾਂਗਰਸ ਵਿਚ ਆਪਣੀ ਪਕੜ ਮਜ਼ਬੂਤ ਬਣਾਉਣ ਲਈ ਮਾਫੀਆ ਤੱਤਾਂ ਵੱਲ ਵੇਖੇ
ਨਾਭਾ, 1 ਅਗਸਤ,2021 : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸੂਬੇ ਵਿਚ ਸਾਧੂ ਸਿੰਘ ਧਰਮਸੋਤ ਵਰਗੇ ਭ੍ਰਿਸ਼ਟ ਮੰਤਰੀਆਂ ਸਮੇਤ ਮਾਫੀਆ ਨੁੰ ਹੁਣ ਨਵੇਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਰੂਪ ਵਿਚ ਨਵਾਂ ਲਾਭ ਮਿਲੇਗਾ ਜਿਸਨੇ ਉਹਨਾਂ ਦੀ ਪੁਸਤ ਪਨਾਹੀ ਦੀ ਜ਼ਿੰਮੇਵਾਰੀ ਚੁੱਕੀ ਹੈ।
ਇਥੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ ਓ ਆਈ) ਦੇ ਆਗੂ ਗੁਰਸੇਵਕ ਸਿੰਘ ਗੋਲੂ ਵੱਲੋਂ ਆਯੋਜਿਤ ਮੈਡੀਕਲ ਕੈਂਪ ਵਿਚ ਸ਼ਮੂਲੀਅਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਬਜਾਏ ਰੇਤ ਤੇ ਸਰਾਬ ਮਾਫੀਆ ਤੇ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਕਾਰਵਾਈ ਦੀ ਮੰਗ ਕਰਨ ਦੀ ਥਾਂ ਨਵਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਪੰਜਾਬ ਕਾਂਗਰਸ ਵਿਚ ਆਪਣੀ ਪਕੜ ਮਜ਼ਬੂਤ ਬਣਾਉਣ ਲਈ ਇਹਨਾਂ ਤੱਤਾਂ ਦੀ ਹਮਾਇਤ ਦੀ ਝਾਕ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਿਰਫ ਸਿਧੂ ਹੀ ਨਹੀਂ ਬਲਕਿ ਕਾਂਗਰਸ ਦਾ ਭ੍ਰਿਸ਼ਟਾਚਾਰ ਵੀ ਬੇਨਕ਼ਾਬ ਹੋ ਗਿਆ ਹੈ ਜੋ ਭ੍ਰਿਸ਼ਟਾਚਾਰ, ਘੁਟਾਲਿਆਂ ਅਤੇ ਦਲਿਤ ਤੇ ਗਰੀਬ ਵਿਰੋਧੀ ਨੀਤੀਆਂ ਲਈ ਜਾਣਿਆ ਜਾਂਦਾ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੁਰਜੀਤ ਸਿੰਘ ਰੱਖੜਾ ਵੀ ਹਾਜ਼ਰ ਸਨ।
ਮਜੀਠੀਆ ਨੇ ਕਿਹਾ ਕਿ ਪੰਜਾਬੀ ਐਸ ਸੀ ਘੁਟਾਲਾ ਮਾਮਲੇ ਵਿਚ ਧਰਮਸੋਤ ਦੀ ਤੁਰੰਤ ਮੰਤਰੀ ਮੰਡਲ ਵਿਚੋਂ ਬਰਖ਼ਾਸਤੀ ਚਾਹੁੰਦੇ ਹਨ ਅਤੇ ਉਸਦੇ ਖਿਲਾਫ ਕੇਸ ਦਰਜ ਕਰਕੇ ਉਸਨੁੰ ਗ੍ਰਿਫਤਾਰ ਹੋਇਆ ਵੇਖਣਾ ਚਾਹੁੰਦੇ ਹਨ। ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਧਰਮਸੋਤ ਲਈ ਕਲੀਨ ਚਿੱਟ ਹਾਸਲ ਕਰ ਲਈ ਤੇ ਹੁਣ ਸਿੱਧੂ ਵੀ ਹਮਾਇਤ ਕਰ ਰਿਹਾ ਹੈ ਜਦੋਂ ਸੱਚਾਈ ਇਹ ਹੈ ਕਿ ਮੰਤਰੀ ਨੇ ਉਹਨਾਂ ਅੱਠ ਲੱਖ ਦਲਿਤ ਵਿਦਿਆਰਥੀਆਂ ਦਾ ਭਵਿੱਖ ਬਰਬਾਦ ਕਰ ਦਿੱਤਾ ਜਿਹਨਾਂ ਨੁੰ ਵਿਦਿਅਕ ਅਦਾਰਿਆਂ ਵਿਚੋਂ ਕੱਢ ਦਿੱਤਾ ਗਿਆ ਤੇ ਹੁਣ ਉਹਨਾਂ ਦੀਆਂ ਡਿਗਰੀਆਂ ਵੀ ਨਹੀਂ ਮਿਲ ਰਹੀਆਂ। ਇਸ ਤੋਂ ਵੱਡਾ ਗੁਨਾਹ ਹੋਰ ਕੋਈ ਨਹੀਂ ਹੋ ਸਕਦਾ।
ਧਰਮਸੋਤ ਨੂੰ ਤੁਰੰਤ ਵਜਾਰਤ ਵਿਚੋਂ ਕੱਢੇ ਜਾਣ ਦੀ ਮੰਗ ਕਰਦਿਆਂ ਮਜੀਠੀਆ ਨੇ ਕਿਹਾ ਕਿ ਜਿੰਨਾ ਚਿਰ ਧਰਮਸੋਤ ਮੰਤਰੀ ਮੰਡਲ ਦਾ ਹਿੱਸਾ ਬਣਿਆ ਰਹੇਗਾ, ਉਹਨਾਂ ਚਿਰ ਮਾਮਲੇ ਦੀ ਆਜਾਦ ਤੇ ਨਿਰਪੱਖ ਜਾਂਚ ਸੰਭਵ ਨਹੀਂ ਹੈ। ਇਹ ਬਹੁਤ ਹੀ ਸਰਮਨਾਕ ਗੱਲ ਹੈ ਕਿ ਸੀ ਬੀ ਆਈ ਨੁੰ ਐਸ ਸੀ ਸਕਾਲਰਸ਼ਿਪ ਘੁਟਾਲੇ ਦੀ ਨਿਰਪੱਖ ਜਾਂਚ ਕਰਨ ਦੇਣ ਦੇ ਸਰਕਾਰ ਇਸ ਕੇਸ ਦੀਆਂ ਫਾਈਲਾਂ ਏਜੰਸੀ ਨੁੰ ਨਹੀਂ ਸੌਂਪ ਰਹੀ।
ਸੂਬੇ ਸਿਰ ਚੜ੍ਹੇ ਕਰਜ਼ੇ ਦੀ ਗੱਲ ਕਰਦਿਆਂ ਮਜੀਠੀਆ ਨੇ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਨੁੰ ਬਿਜਲੀ ਸਰ ਪਲੱਸ ਬਣਾਇਆ ਸੀ, ਕਈ ਵਿਲੱਖਣ ਸਮਾਜ ਭਲਾਈ ਸਕੀਮਾਂ ਸਫਲਤਾ ਪੂਰਵਕ ਚਲਾਈਆਂ ਸਨ ਤੇ ਸੂਬੇ ਵਿਚ ਵਿਸਵ ਪੱਧਰੀ ਸੜਕਾਂ ਤੇ ਕੌਮਾਂਤਰੀ ਹਵਾਈ ਅੱਡੇ ਬਣੇ ਸਨ। ਉਨ੍ਹਾਂ ਕਿਹਾ ਕਿ ਇਸਦੇ ਉਲਟ ਮੌਜੂਦਾ ਕਾਂਗਰਸ ਸਰਕਾਰ ਦੇ ਰਾਜ ਵਿਚ ਇਕ ਵੀ ਵਿਕਾਸ ਨਹੀਂ ਹੋਇਆ ਤੇ ਨਾ ਬੁਨਿਆਦੀ ਢਾਂਚੇ ਦਾ ਵਿਕਾਸ ਹੋਇਆ।
ਇਸੇ ਤਰੀਕੇ 60 ਲੱਖ ਨੌਕਰੀਆਂ ਦਾ ਵਾਅਦਾ ਕਰ ਕੇ ਕਾਂਗਰਸ ਸਰਕਾਰ ਨੇ ਇਕ ਵੀ ਨੌਕਰੀ ਨਹੀਂ ਦਿੱਤੀ।
ਜਦੋਂ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਵਾਅਦਿਆਂ ਬਾਰੇ ਪੁੱਛਿਆ ਗਿਆ ਤਾਂ ਮਜੀਠੀਆ ਨੇ ਕਿਹਾ ਕਿ ਦਿੱਲੀ ਵਿਚ ਲੋਕਾਂ ਨੂੰ ਇਸ ਸਰਤ ’ਤੇ 200 ਯੂਨਿਟ ਬਿਜਲੀ ਇਕ ਬਿਲਿੰਗ ਸਾਈਕਲ ਵਿਚ ਮੁਫਤ ਮਿਲ ਰਹੀ ਹੈ ਕਿ ਜੇਕਰ ਇਕ ਯੂਨਿਟ ਵੀ ਵੱਧ ਹੋਇਆ ਤਾਂ ਪੂਰਾ ਬਿੱਲ ਲੈ ਲਿਆ ਜਾਂਦਾ ਹੈ । ਉਹਨਾਂ ਕਿਹਾ ਕਿ ਦਿੱਲੀ ਦੀ ਆਪ ਸਰਕਾਰ ਸਿਰਫ 1000 ਕਰੋੜ ਰੁਪਏ ਦੀ ਸਬਸਿਡੀ ਦੇ ਰਹੀ ਹੈ ਜਦ ਕਿ ਬਾਦਲ ਦੀ ਅਗਵਾਈ ਹੇਠਲੀ ਸਰਕਾਰ ਨੇ 10600 ਕਰੋੜ ਰੁਪਏ ਦੀ ਸਬਸਿਡੀ ਲੋਕਾਂ ਨੂੰ ਦਿੱਤੀ ਹੈ।
ਮਜੀਠੀਆ ਨੇ ਕਿਹਾ ਕਿ ਲੋਕਾਂ ਨੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੇਖ ਲਿਆ ਹੈ ਜੋ ਸਤਲੁਜ ਯਮੁਨਾ ਲਿੰਕ ਨਹਿਰ ਤੇ ਪਰਾਲੀ ਸਾੜਨ ਦੇ ਮਾਮਲੇ ਵਿਚ ਦੋਗਲੇ ਮਾਪਦੰਡ ਅਪਣਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੁੰ ਪੰਜਾਬ ਨੂੰ ਰਿਮੋਟ ਨਾਲ ਚਲਾਉਣ ਦੀ ਆਗਿਆ ਨਹੀਂ ਦੇਣਗੇ।