ਡੀ.ਸੀ. ਦਫ਼ਤਰ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨਣ ਵਿਰੁੱਧ ਰਹੀ ਕਲਮਛੋੜ ਹੜਤਾਲ
ਹਰੀਸ਼ ਕਾਲੜਾ
ਰੂਪਨਗਰ,02 ਅਗਸਤ 2021: ਪੰਜਾਬ ਰਾਜ ਜਿਲ੍ਹਾ (ਡੀ.ਸੀ.) ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੀ ਸੂਬਾ ਬਾਡੀ ਵੱਲੋਂ ਡੀ.ਸੀ. ਦਫ਼ਤਰ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨਣ ਅਤੇ ਪੁਨਰਗਠਨ ਵਿਰੁੱਧ ਰੋਸ ਪ੍ਰਗਟ ਕਰਨ ਲਈ 02 ਅਤੇ 03 ਅਗਸਤ 2021 ਨੂੰ ਕਲਮਛੋੜ ਹੜਤਾਲ ਕਰਨ ਅਤੇ 04 ਅਗਸਤ 2021 ਨੂੰ ਸਮੂਹਿਕ ਤੌਰ ਤੇ ਛੁੱਟੀ ਲੈ ਕੇ ਕਾਂਗੜ (ਬਠਿੰਡਾ) ਵਿਖੇ ਸੂਬਾ ਪੱਧਰੀ ਰੋਸ ਰੈਲੀ, ਰੋਸ ਮਾਰਚ ਅਤੇ ਮਾਲ ਮੰਤਰੀ ਦੀ ਕੋਠੀ ਦਾ ਘੇਰਾਓ ਕਰਨ ਦਾ ਫੈਸਲਾ ਲਿਆ ਗਿਆ ਹੈ। ਉਕਤ ਅਨੁਸਾਰ ਅੱਜ ਰੂਪਨਗਰ ਡੀ.ਸੀ. ਦਫ਼ਤਰ ਦੇ ਸਮੂਹ ਕਰਮਚਾਰੀ, ਉਪ ਮੰਡਲ ਮੈਜਿਸਟ੍ਰੇਟ ਦਫ਼ਤਰਾਂ ਅਤੇ ਤਹਿਸੀਲ ਦਫ਼ਤਰਾਂ ਦੇ ਕਰਮਚਾਰੀ ਕਲਮਛੋੜ ਹੜਤਾਲ ਤੇ ਰਹੇ।
ਇਸ ਦੌਰਾਨ ਸਮੂਹ ਕਰਮਚਾਰੀਆਂ ਵੱਲੋਂ ਜਿਲ੍ਹਾ ਹੈੱਡ ਕੁਆਟਰ ਤੇ ਡੀ.ਸੀ. ਦਫ਼ਤਰ ਵਿਖੇ ਰੋਸ ਪ੍ਰਦਰਸ਼ਨ ਅਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ ਗਈ। ਡੀ.ਸੀ. ਦਫ਼ਤਰ, ਉਪ ਮੰਡਲ ਮੈਜਿਸਟ੍ਰੇਟ ਦਫ਼ਤਰ ਅਤੇ ਤਹਿਸੀਲ ਦਫ਼ਤਰ ਵਿੱਚ ਅੱਜ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਕੰਮ ਨਹੀਂ ਕੀਤਾ ਗਿਆ। ਆਮ ਜਨਤਾ ਨੂੰ ਬਿਨ੍ਹਾਂ ਕੰਮ ਕਰਵਾਏ ਨਿਰਾਸ਼ ਵਾਪਸ ਮੁੜਨਾ ਪਿਆ। ਰੋਜ਼ਾਨਾ ਕੰਮਾਂ ਵਿੱਚ ਮੈਰਿਜ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਇਨਕਮ ਸਰਟੀਫਿਕੇਟ ਅਤੇ ਰਜਿਸ਼ਟ੍ਰੇਸ਼ਨ ਦੇ ਕੰਮ ਮੁੱਖ ਤੌਰ ਤੇ ਸ਼ਾਮਲ ਹਨ। ਇਸ ਦੌਰਾਨ ਜਨਤਾ ਨੂੰ ਹੋਣ ਵਾਲੀ ਸਾਰੀ ਖੱਜਲ-ਖੁਆਰੀ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੈ।
ਇਥੇ ਇਹ ਦੱਸਣਯੋਗ ਹੈ ਕਿ ਸਰਕਾਰ ਵੱਲੋਂ ਪੁਨਰਗਠਨ ਸਬੰਧੀ ਜਾਰੀ ਹੋਏ ਪੱਤਰ ਤੋਂ ਬਾਅਦ ਸੀਨੀਅਰ ਸਹਾਇਕ ਅਤੇ ਕਲਰਕਾਂ ਦੇ ਰੀਵਰਸ਼ਨਾਂ ਦੇ ਖਦਸ਼ੇ ਨਾਲ ਕਰਮਚਾਰੀਆਂ ਵਿੱਚ ਕਾਫ਼ੀ ਗੁੱਸਾ ਅਤੇ ਅਸੰਤੋਸ਼ ਪਾਇਆ ਜਾ ਰਿਹਾ ਹੈ। ਯੂਨੀਅਨ ਦੀਆਂ ਮੁੱਖ ਮੰਗਾਂ ਵਿੱਚ ਸੀਨੀਅਰ ਸਹਾਇਕ ਤੋਂ ਨਾਇਬ ਤਹਿਸੀਲਦਾਰ ਬਨਣ ਲਈ ਕੋਟਾ 50% ਕੀਤਾ ਜਾਣਾ, ਪੁਨਰਗਠਨ ਸਬੰਧੀ ਪੱਤਰ ਵਾਪਸ ਲੈ ਕੇ ਡੀ.ਸੀ. ਦਫ਼ਤਰਾਂ ਵਿੱਚ ਸਟਾਫ਼ ਪੂਰਾ ਕਰਨਾ, ਅਸਾਮੀਆਂ ਦੇ ਨਾਮ ਬਦਲਣ ਸਬੰਧੀ ਮੰਨੀਆਂ ਗੈਰ ਵਿੱਤੀ ਮੰਗਾਂ ਤੁਰੰਤ ਲਾਗੂ ਕਰਨਾ, ਸਟੈਨੋ ਕਾਡਰ ਦੀ ਪਦਉੱਨਤੀ ਦੀਆਂ ਮੰਨੀਆਂ ਮੰਗਾਂ ਲਾਗੂ ਕਰਨਾ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਰਲੀਜ਼ ਕਰਨਾ, ਬਣਦੀਆਂ ਪਦਉਨਤੀਆਂ ਤੁਰੰਤ ਕਰਨਾ, ਪੁਰਾਣੀ ਪੈਨਸ਼ਨ ਬਹਾਲ ਕਰਨਾ ਆਦਿ ਮੁੱਖ ਤੌਰ ਤੇ ਸ਼ਾਮਲ ਹਨ।
ਇਸ ਮੌਕੇ ਵਿਨੈ ਧਵਨ, ਬੁੱਧ ਸਿੰਘ, ਬਲਜੀਤ ਕੌਰ, ਅੰਜੂ ਬਾਲਾ, ਦਿਨੇਸ਼ ਜੈਨ, ਮਲਕੀਤ ਸਿੰਘ, ਕੰਵਲਜੀਤ ਸਿੰਘ, ਰੁਪਿੰਦਰ ਕੌਰ, ਮਨੋਜ ਕੁਮਾਰ, ਕਾਕਾ ਸਿੰਘ, ਜਸਪ੍ਰੀਤ ਸਿੰਘ, ਹਰਦੀਪ ਕੁਮਾਰ, ਮਹੇਸ਼ ਜੋਸ਼ੀ, ਕਰਮਵੀਰ ਸਿੰਘ, ਭੁਪਿੰਦਰ ਕੁਮਾਰ, ਰਣਧੀਰ ਸਿੰਘ, ਦੀਪਕ ਰਾਵਤ, ਨਿਤਿਨ ਸ਼ਰਮਾ, ਜਤਿੰਦਰ ਸਿੰਘ, ਹਰਪ੍ਰੀਤ ਕੌਰ, ਹਰਮਨਜੀਤ ਕੌਰ, ਜਸਪਾਲ ਸਿੰਘ, ਪੂਰਨ, ਪ੍ਰਭਜੋਤ ਸਿੰਘ, ਮਨਮੀਤ ਸਿੰਘ, ਅਜੈ ਕੁਮਾਰ, ਰਣਦੀਪ ਸਿੰਘ, ਸੁਰਿੰਦਰਪਾਲ ਜੰਡੀ, ਹਰਮੀਤ ਸਿੰਘ, ਬੇਅੰਤ ਸਿੰਘ, ਗੁਰਿੰਦਰ ਸਿੰਘ, ਗੁਰਿੰਦਰ ਕੌਰ, ਰਾਜੀ ਰਾਣੀ, ਰਾਜਵਿੰਦਰ ਕੌਰ, ਰੋਹਿਤ ਸ਼ਰਮਾ, ਭੁਪਿੰਦਰ ਸਿੰਘ (ਰਿੰਕੂ) ਆਦਿ ਹਾਜ਼ਰ ਰਹੇ।