ਸੀਨੀਅਰ ਸਿਟੀਜ਼ਨਜ਼ ਕੌਂਸਲ (ਰਜਿ.) ਰੂਪਨਗਰ ਦੀ ਹੋਈ ਮਹੀਨਾਵਾਰ ਮੀਟਿੰਗ
ਹਰੀਸ਼ ਕਾਲੜਾ
ਰੂਪਨਗਰ,02 ਅਗਸਤ 2021: ਬੀਤੇ ਦਿਨੀ ਐਤਵਾਰ ਨੂੰ ਸੀਨੀਅਰ ਸਿਟੀਜ਼ਨਜ਼ ਕੌਂਸਲ (ਰਜਿ.) ਰੂਪਨਗਰ ਦੀ ਮਹੀਨਾਵਾਰ ਮੀਟਿੰਗ ਸ਼ਿਵਾਲਿਕ ਸਕੂਲ ਦੇ ਐਡੀਟੋਰੀਅਮ ਵਿੱਚ ਹੋਈ।ਸ਼ੁਰੂ ਵਿੱਚ ਕੌਂਸਲ ਦੇ ਵਿਛੜੇ ਸਾਥੀ, ਕਿਸਾਨ ਮੋਰਚੇ ਅਤੇ ਬਾਰਡਰ ਤੇ ਸ਼ਹੀਦ ਹੋਏ ਜਵਾਨਾਂ ਨੂੰ 2 ਮਿੰਟ ਦੇ ਮੋਨ ਰੱਖ ਕੇ ਸਰਧਾਂਜਲੀ ਭੇਟ ਕੀਤੀ ਗਈ। ਸ. ਭਾਗ ਸਿੰਘ ਮਦਾਨ, ਸ. ਉਜਾਗਰ ਸਿੰਘ ਸੈਂਫਲਪੁਰ, ਮੈਡਮ ਊਸ਼ਾ ਸਿੱਕਾ ਅਤੇ ਕੈਪਟਨ ਹਰਪਾਲ ਸਿੰਘ ਜੀ ਨੇ ਆਪਣੀ ਰਚਨਾਵਾਂ ਪੇਸ਼ ਕਰਕੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਸ. ਕੇਹਰ ਸਿੰਘ ਰਿਟਾਇਰਡ ਪੁਲਸ ਇੰਸਪੈਕਟਰ ਨੇ ਸ਼ਹੀਦ ਭਗਤ ਸਿੰਘ ਨਾਲ ਸੰਬੰਧਤ ਕਵਿਤਾ ਪੇਸ਼ ਕਰਕੇ ਜਿੱਥੇ ਸ਼ਹੀਦਾਂ ਦੀ ਯਾਦ ਦੁਆਈ ਉੱਥੇ ਸਰੋਤਿਆਂ ਵਿੱਚ ਜੋਸ਼ ਵੀ ਭਰ ਦਿੱਤਾ।
ਉਨ੍ਹਾਂ ਵੱਲੋਂ ਪੁਲਿਸ ਨਾਲ ਸੰਬੰਧਤ ਕਿਸੇ ਵੀ ਕੇਸ ਵਿੱਚ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ। ਸ. ਗੁਰਬਚਨ ਸਿੰਘ ਬੇਲੀ ਵੱਲੋਂ ਮੁਹੱਲੇ ਨਾਲ ਸੰਬੰਧਿਤ ਮੁਸ਼ਕਿਲਾਂ ਦੇ ਜ਼ਿਕਰ ਕਰਦੇ ਹੋਏ ਆਪਣੇ ਵਿਚਾਰ ਪੇਸ਼ ਕੀਤੇ। ਕੌਂਸਲ ਪ੍ਰਧਾਨ ਇੰਜ. ਕਰਨੈਲ ਸਿੰਘ ਜੀ ਵੱਲੋਂ ਇਸ ਮਹੀਨਾਵਾਰ ਮੀਟਿੰਗ ਵਿੱਚ ਹਾਜ਼ਰੀਨ ਦਾ ਸੁਆਗਤ ਕੀਤਾ ਗਿਆ ਅਤੇ ਵਿਸਥਾਰਪੂਰਵਕ ਕੌਂਸਲ ਦੀਆਂ ਗਤੀਵਿਧੀਆਂ ਅਤੇ ਕੋਰੋਨਾ ਦੇ ਸਮੇਂ ਵਿੱਚ ਵੀ ਕੌਂਸਲ ਦੀਆਂ ਅਲੱਗ-2 ਗਤੀਵਿਧੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਆਪਣੇ ਗਵਰਨਿੰਗ ਬਾਡੀ ਦੇ ਮੈਂਬਰਾਂ ਵੱਲੋਂ ਦਿੱਤੇ ਭਰਪੂਰ ਸਹਿਯੋਗ ਲਈ ਧੰਨਵਾਦ ਕੀਤਾ।
ਇਸ ਸਮਾਗਮ ਦੌਰਾਨ ਸਲਾਹਕਾਰ ਕਮੇਟੀ ਦੇ ਮੈਂਬਰ ਕਰਨਲ ਵੀ.ਕੇ. ਚੌਧਰੀ ਨੇ ਕੌਂਸਲ ਦੇ ਕੰਮਾਂ ਦੀ ਤਾਰੀਫ ਕਰਦਿਆਂ ਅੱਗੋਂ ਲਈ ਵੀ ਇੰਜ. ਕਰਨੈਲ ਸਿੰਘ ਕੌਂਸਲ ਪ੍ਰਧਾਨ ਅਤੇ ਸਾਥੀਆਂ ਦੀ ਟੀਮ ਨੂੰ ਆਪਣਾ ਕੰਮ ਹੋਰ ਉਤਸ਼ਾਹ ਨਾਲ ਜਾਰੀ ਰੱਖਣ ਦੀ ਸਲਾਹ ਦਿੱਤੀ। ਇਸੇ ਤਰ੍ਹਾਂ ਕੌਂਸਲ ਦੇ ਪੈਟਰਨ ਕਰਨਲ ਦਿਆਲ ਸਿੰਘ ਨੇ ਵੀ ਚੱਲ ਰਹੀਆਂ ਗਤੀਵਿਧੀਆਂ ਤੇ ਤਸੱਲੀ ਪ੍ਰਗਟ ਕਰਦੇ ਹੋਏ ਕੌਂਸਲ ਦੇ ਪੰਜਾਬ ਪੱਧਰ ਦੇ ਇਨਾਮਾਂ ਦੀ ਪ੍ਰਾਪਤੀ ਅਤੇ ਭਾਰਤ ਪੱਧਰ ਤੇ ਜਿੱਤੇ ਅਵਾਰਡਾਂ ਦੀ ਤਾਰੀਫ ਕੀਤਾ। ਕੌਂਸਲ ਵੱਲੋਂ ਪਿਛਲੇ ਸਮੇਂ ਦੌਰਾਨ ਛਪਵਾਏ ਲਿਟਰੇਚਰ ਦੀ ਵੰਡ ਕੀਤੀ, ਜਿਨ੍ਹਾਂ ਵਿੱਚ ਸੁਨਹਿਰੇ ਪਲ ਅੰਕ 26, 27, 28 ਵੰਡੇ ਗਏ। ਇਸ ਤੋਂ ਇਲਾਵਾ ਸੋਵੀਨਾਰ 2019 ਅਤੇ ਸੋਵੀਨਾਰ 2020 ਦੀਆਂ ਕਾਪੀਆਂ ਹਰ ਇੱਕ ਮੈਂਬਰ ਨੂੰ ਦਿੱਤੀਆਂ ਗਈਆਂ। ਕੌਂਸਲ ਦਾ ਕੈਟਾਲਾਗ, ਕੈਲੰਡਰ-2021 ਅਤੇ ਡਾਇਰੈਕਟਰੀ-2021 ਮੁਫ਼ਤ ਵੰਡੀਆਂ ਗਈਆਂ। ਕਾਫੀ ਦੇਰ ਬਾਅਦ ਹੋਈ ਮੀਟਿੰਗ ਦੌਰਾਨ ਮੈਂਬਰਾਂ ਦੇ ਜਨਮ ਦਿਨ ਮਨਾਏ ਗਏ। ਜਿਸ ਵਿੱਚ ਜੁਲਾਈ 2021 ਅਤੇ ਪਹਿਲੀ ਅਗਸਤ 2021 ਵਾਲੇ ਮੈਂਬਰਾਂ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਤੋਹਫ਼ੇ ਦਿੱਤੇ ਗਏ। ਅਗਲੀ ਕਾਰਵਾਈ ਤੋਂ ਪਹਿਲਾਂ ਮੌਜੂਦਾ ਗਵਰਨਿੰਗ ਬਾਡੀ ਨੂੰ ਕੌਂਸਲ ਪ੍ਰਧਾਨ ਵੱਲੋਂ ਭੰਗ ਕਰਨ ਦਾ ਜਨਰਲ ਹਾਊਸ ਵਿੱਚ ਐਲਾਨ ਕੀਤਾ।
ਕੌਂਸਲ ਦੀ ਜਨਰਲ ਹਾਊਸ ਦੀ ਮੀਟਿੰਗ ਵਿੱਚ ਨਵੀਂ ਚੁਣੀ ਗਵਰਨਿੰਗ ਬਾਡੀ 2021-2023 ਨੂੰ ਹਾਊਸ ਨੇ ਸਹਿਮਤੀ ਦਿੱਤੀ। ਸਰਬਸੰਮਤੀ ਅਨੁਸਾਰ ਇੰਜ. ਕਰਨੈਲ ਸਿੰਘ ਜੀ ਨੂੰ ਛੇਵੀਂ ਵਾਰ ਫਿਰ ਤੋਂ ਕੌਂਸਲ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਐਡਵੋਕੇਟ ਦਲਜੀਤ ਸਿੰਘ ਨੂੰ ਸੀਨੀਅਰ ਵਾਈਸ ਪ੍ਰਜ਼ੀਡੈਂਟ ਅਤੇ ਸਕੁ.ਲੀਡਰ ਐਚ.ਐਸ. ਰਾਹੀ ਨੂੰ ਕੌਂਸਲ ਦਾ ਦੂਜੀ ਵਾਰ ਜਨਰਲ ਸਕੱਤਰ ਚੁਣਿਆ ਗਿਆ ਸੀ। ਇੱਥੇ ਵਰਣਨਯੋਗ ਹੈ ਕਿ ਕੋਰੋਨਾ ਕਾਲ ਦੀ ਵਜ੍ਹਾ ਕਰਕੇ ਗਵਰਨਿੰਗ ਬਾਡੀ ਨੇ ਭਾਵੇਂ ਸਮੇਂ ਸਿਰ ਉਪਰੋਕਤ ਅਹੁਦੇਦਾਰਾਂ ਦੀ ਚੋਣ ਕਰ ਲਈ ਸੀ, ਪਰ ਗਵਰਨਿੰਗ ਬਾਡੀ ਨੇ ਇੱਕ ਮਤੇ ਰਾਹੀਂ ਇਸੇ ਟੀਮ ਨੂੰ ਕੋਰੋਨਾ ਦੇ ਹਾਲਾਤ ਠੀਕ ਹੋਣ ਤੱਕ ਕੰਮ ਕਰਨ ਲਈ ਅਧਿਕਾਰਤ ਕੀਤਾ ਸੀ। ਹੁਣ ਹਾਲਾਤ ਠੀਕ ਹੋਣ ਤੇ ਹਾਊਸ ਵੱਲੋਂ ਦਿੱਤੀ ਸਹਿਮਤੀ ਨਾਲ ਹੀ ਨਵੀਂ ਗਵਰਨਿੰਗ ਬਾਡੀ ਦੀ ਟੀਮ ਆਪਣਾ ਕੰਮ ਕਰਨਾ ਆਰੰਭ ਕਰ ਦੇਵੇਗੀ।
ਕੌਂਸਲ ਹਾਊਸ ਦੀ ਸਹਿਮਤੀ ਤੋਂ ਬਾਅਦ ਨਵੇਂ ਅਹੁਦੇਦਾਰਾਂ ਦਾ ਐਲਾਨ ਸਟੇਜ਼ ਵੱਲੋਂ ਕੀਤਾ ਗਿਆ। ਸਾਰਿਆਂ ਮੈਂਬਰਾਂ ਨੇ ਨਵੀਂ ਟੀਮ ਨੂੰ ਵਧਾਈ ਦਿੱਤੀ। ਜਿਸ ਤੇ ਕੌਂਸਲ ਪ੍ਰਧਾਨ ਨੇ ਫਿਰ ਸਟੇਜ਼ ਤੋਂ ਐਲਾਨ ਕੀਤਾ ਕਿ ਉਹ ਕੌਂਸਲ ਨੂੰ ਹੋਰ ਤਰੱਕੀ ਦੇ ਰਾਹ ਤੇ ਲਿਜਾਣ ਦੀ ਕੋਸ਼ਿਸ਼ ਕਰਨਗੇ। ਨਵੇਂ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਨੇ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਵਿਸ਼ਵਾਸ ਦਵਾਇਆ। ਸੰਵਿਧਾਨ ਅਨੁਸਾਰ ਇਹ ਤਿੰਨੇ ਅਹੁਦੇਦਾਰ ਗਵਰਨਿੰਗ ਬਾਡੀ ਦੇ ਮੈਂਬਰਾਂ ਦੀ ਫਾਰਮੇਸ਼ਨ ਕਰਨਗੇ।
ਇਸ ਮੀਟਿੰਗ ਵਿੱਚ ਪੁਰਾਣੀ ਗਵਰਨਿੰਗ ਬਾਡੀ ਦੇ ਮੈਂਬਰ ਸ. ਦਲਜੀਤ ਸਿੰਘ, ਮੈਡਮ ਭਗਵੰਤ ਕੌਰ, ਹਰਦੇਵ ਸਿੰਘ, ਭਾਗ ਸਿੰਘ ਮਦਾਨ, ਮੈਡਮ ਊਸ਼ਾ ਟੰਡਨ, ਸੁਰੇਸ਼ ਚੰਦਰ, ਹਰਬੰਸ ਸਿੰਘ, ਪ੍ਰੇਮ ਸਿੰਘ ਪੜੀ, ਸੁਰਿੰਦਰ ਸਿੰਘ, ਅਮਰਜੀਤ ਸਿੰਘ, ਕੈਪਟਨ ਹਰਪਾਲ ਸਿੰਘ, ਗੁਰਬਖਸ਼ ਸਿੰਘ ਆਦਿ ਹਾਜ਼ਰ ਸਨ। ਸਟੇਜ਼ ਦੀ ਭੂਮਿਕਾ ਸ. ਹਰਦੇਵ ਸਿੰਘ ਜੁਆਇੰਟ ਸਕੱਤਰ ਨੇ ਬਾਖੂਬੀ ਨਿਭਾਈ। ਇਹ ਜਾਣਕਾਰੀ ਕੌਂਸਲ ਪ੍ਰਧਾਨ ਇੰਜ. ਕਰਨੈਲ ਸਿੰਘ ਨੇ ਦਿੱਤੀ।