ਰੂਪਨਗਰ: ਸਾਰੀਆਂ ਜਮਾਤਾਂ ਲਈ ਸਕੂਲ ਖੁੱਲ੍ਹਣ ਦੇ ਪਹਿਲੇ ਦਿਨ ਸਰਕਾਰੀ ਸਕੂਲਾਂ 'ਚ ਉਤਸ਼ਾਹ ਨਾਲ ਪਹੁੰਚੇ ਵਿਦਿਆਰਥੀ
ਹਰੀਸ਼ ਕਾਲੜਾ
- ਕੋਰੋਨਾ ਤੋਂ ਬਚਾਅ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਦਾ ਤਾਪਮਾਨ ਚੈਕ ਕੀਤਾ ਅਤੇ ਹੱਥ ਸੈਨੇਟਾਈਜ ਕਰਵਾਏ ਗਏ
ਰੂਪਨਗਰ 2 ਅਗਸਤ 2021:ਸੂਬਾ ਸਰਕਾਰ ਵੱਲੋਂ ਕੋਰੋਨਾ ਸਥਿਤੀ 'ਚ ਸੁਧਾਰ ਦੇ ਮੱਦੇਨਜ਼ਰ ਸਕੂਲੀ ਵਿਦਿਆਰਥੀਆਂ ਬਾਰੇ ਜਾਰੀ ਹਦਾਇਤਾਂ ਅਨੁਸਾਰ ਅੱਜ ਸਾਰੀਆਂ ਜਮਾਤਾਂ ਦੇ ਵਿਦਿਆਰਥੀ ਸਕੂਲਾਂ 'ਚ ਆਏ।ਇਸ ਬਾਰੇ ਜਾਣਕਾਰੀ ਦਿੰਦਿਆਂ ਰੂਪਨਗਰ ਦੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜ ਕੁਮਾਰ ਖੋਸਲਾ ਅਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਜਰਨੈਲ ਸਿੰਘ ਨੇ ਦੱਸਿਆ ਕਿ ਤਕਰੀਬਨ ਪੰਜ ਮਹੀਨਿਆਂ ਲਈ ਬੰਦ ਰਹੇ ਸਕੂਲ ਮੁੜ ਤੋਂ ਪੂਰੀ ਤਰ੍ਹਾਂ ਖੁੱਲ ਗਏ ਹਨ।
ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ 2 ਅਗਸਤ ਤੋਂ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਸਕੂਲ ਆਉਣਾ ਸ਼ੁਰੂ ਕਰ ਦਿੱਤਾ ਹੈ ਜਦਕਿ ਦਸਵੀਂ ਤੋਂ ਬਾਰਵੀਂ ਤੱਕ ਦੀਆਂ ਸੀਨੀਅਰ ਜਮਾਤਾਂ ਦੇ ਵਿਦਿਆਰਥੀ 26 ਜੁਲਾਈ ਤੋਂ ਹੀ ਸਕੂਲ ਆ ਕੇ ਜਮਾਤ ਕਮਰਿਆਂ 'ਚ ਆਫਲਈਨ ਪੜ੍ਹਾਈ ਕਰ ਰਹੇ ਹਨ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਵੱਲੋਂ ਵਿਦਿਆਰਥੀਆਂ ਦੀ ਸਕੂਲਾਂ 'ਚ ਆਮਦ ਦੇ ਮੱਦੇਨਜ਼ਰ ਸਾਫ ਸਫਾਈ ਅਤੇ ਕੋਰੋਨਾ ਹਦਾਇਤਾਂ ਦੇ ਪਾਲਣ ਦੇ ਸਮੁੱਚੇ ਪ੍ਰਬੰਧ ਮੁਕੰਮਲ ਕੀਤੇ ਗਏ ਸਨ।
ਸਕੂਲਾਂ ਵੱਲੋਂ ਜਮਾਤ ਕਮਰਿਆਂ ਦੀ ਸਾਫ ਸਫਾਈ ਕਰਵਾਉਣ ਦੇ ਨਾਲ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਪ੍ਰਾਜੈਕਟਰ,ਐਲ.ਸੀ.ਡੀਜ਼ ਅਤੇ ਐਜੂਸੈਟ ਆਦਿ ਦੀ ਚਾਲੂ ਸਥਿਤੀ ਦੇ ਪ੍ਰਬੰਧ ਵੀ ਮੁਕੰਮਲ ਕੀਤੇ ਗਏ ਸਨ।ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦੀ ਸਿਹਤ ਸੰਭਾਲ ਵੀ ਸਕੂਲਾਂ ਦੀ ਪਹਿਲੀ ਤਰਜ਼ੀਹ ਰਹੇਗੀ।ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਮਾਪਿਆਂ ਅਤੇ ਸਮਾਜ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਕੋਰੋਨਾ ਤੋਂ ਬਚਾਅ ਦੀਆਂ ਹਦਾਇਤਾਂ ਦੇ ਪਾਲਣ ਲਈ ਜਾਗਰੂਕ ਕਰਦੇ ਰਹਿਣ ਲਈ ਕਿਹਾ ਗਿਆ ਹੈ।ਸਕੂਲ ਖੁੱਲਣ ਦੇ ਪਹਿਲੇ ਦਿਨ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਚਾਅ ਅਤੇ ਉਤਸ਼ਾਹ ਨਾਲ ਜਮਾਤ ਕਮਰਿਆਂ 'ਚ ਪੜਾਈ ਸ਼ੁਰੂ ਕੀਤੀ ਗਈ।
ਸੁਰਿੰਦਰ ਪਾਲ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਚਰਨਜੀਤ ਸਿੰਘ ਸੋਢੀ ਤੇ ਰੰਜਨਾ ਕਟਿਆਲ ਉਪ ਜਿਲ੍ਹਾ ਸਿੱਖਿਆ ਐਲੀਮੈਂਟਰੀ ਨੇ ਦੱਸਿਆ ਕਿ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲ ਖੁੱਲਣ ਦੀ ਸੂਚਨਾ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਤੱਕ ਪਹਿਲਾਂ ਹੀ ਪਹੁੰਚਾ ਦਿੱਤੀ ਗਈ ਸੀ।ਸਕੂਲ ਖੁੱਲਣ ਨੂੰ ਲੈ ਕੇ ਅਧਿਆਪਕਾਂ, ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਪੁਸਤਕਾਂ ਅਤੇ ਸਹਾਇਕ ਪੜ੍ਹਨ ਸਮੱਗਰੀ ਵੀ ਵਿਦਿਆਰਥੀਆਂ ਤੱਕ ਪਹਿਲਾਂ ਹੀ ਪਹੁੰਚਦੀ ਕੀਤੀ ਗਈ ਹੈ।ਸਰਕਾਰੀ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਨੂੰ ਵਰਦੀਆਂ ਵੀ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਕੂਲ ਆ ਰਹੇ ਵਿਦਿਆਰਥੀਆਂ ਨੂੰ ਅਗਸਤ ਮਹੀਨੇ ਦੀ ਪੜ੍ਹਾਈ ਜਮਾਤ ਕਮਰਿਆਂ 'ਚ ਸ਼ੁਰੂ ਕਰਨ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਕਿਉਂਕਿ ਅਪ੍ਰੈਲ,ਮਈ ਅਤੇ ਜੁਲਾਈ ਮਹੀਨਿਆਂ ਦਾ ਪਾਠਕ੍ਰਮ ਪਹਿਲਾਂ ਹੀ ਆਨਲਾਈਨ ਤਰੀਕੇ ਕਰਵਾ ਕੇ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜੀ ਰੱਖਿਆ ਗਿਆ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਥੇੜ੍ਹਾ ਦੀ ਪ੍ਰਿੰਸੀਪਲ ਪਰਵਿੰਦਰ ਕੌਰ ਦੂਆ ਨੇ ਦੱਸਿਆ ਕਿ ਸਕੂਲ ਪਹੁੰਚੇ ਵਿਦਿਆਰਥੀਆਂ ਦਾ ਤਾਪਮਾਨ ਚੈਕ ਕੀਤਾ ਗਿਆ ਅਤੇ ਹੱਥ ਸੈਨੇਟਾਈਜ ਕਰਵਾਏ ਗਏ, ਸਰਕਾਰੀ ਹਾਈ ਸਕੂਲ ਦੇ ਹੈਡਮਾਸਟਰ ਮੋਹਣ ਲਾਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਹੈਡਟੀਚਰ ਨੀਲਮ ਰਾਣੀ ਸਮੇਤ ਬਹੁਤ ਸਾਰੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੇ ਦੱਸਿਆ ਕਿ ਸਕੂਲ ਖੁੱਲਣ ਦੇ ਪਹਿਲੇ ਦਿਨ ਵਿਦਿਆਰਥੀ ਉਤਸ਼ਾਹ ਨਾਲ ਸਕੂਲਾਂ 'ਚ ਪਹੁੰਚੇ।