‘ਮੀਡੀਆ ਵਿੱਚ ਰੁਜ਼ਗਾਰ ਦੀਆਂ ਸੰਭਾਵਨਾਵਾਂ’ ਵਿਸ਼ੇ 'ਤੇ ਵਿਚਾਰ-ਚਰਚਾ ਕਰਵਾਈ
ਅਸ਼ੋਕ ਵਰਮਾ
ਬਠਿੰਡਾ,2 ਅਗਸਤ2021:ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਆਰ. ਪੀ. ਤਿਵਾੜੀ ਦੀ ਅਗਵਾਈ ਹੇਠ “ਸਾਹਿਤ ਦੇ ਵਿਦਿਆਰਥੀਆਂ ਲਈ ਮੀਡੀਆ ਵਿੱਚ ਰੁਜਗਾਰ ਦੀਆਂ ਸੰਭਾਵਨਾਵਾਂ’ ਵਿਸ਼ੇ ’ਤੇ ਆਨਲਾਈਨ ਵਿਚਾਰ-ਚਰਚਾ ਕਰਵਾਈ ਗਈ ਜਿਸ ਵਿੱਚ ਆਲ ਇੰਡੀਆ ਰੇਡੀਓ ਐਫ.ਐਮ. ਬਠਿੰਡਾ ਦੇ ਸਟੇਸ਼ਨ ਡਾਇਰੈਕਟਰ, ਰਾਜੀਵ ਕੁਮਾਰ ਅਰੋੜਾ ਵਿਦਿਆਰਥੀਆਂ ਦੇ ਰੂਬਰੂ ਹੋਏ। ਰਾਜੀਵ ਕੁਮਾਰ ਅਰੋੜਾ ਨੇ ਵਿਦਿਆਰਥੀਆਂ ਨੂੰ ਮੀਡੀਆ ਵਿੱਚ ਰੁਜ਼ਗਾਰ ਦੇ ਘਟ ਰਹੇ ਮੌਕਿਆਂ ਬਾਰੇ ਸੁਚੇਤ ਕਰਦਿਆਂ ਦੱਸਿਆ ਕਿ ਜਿਥੇ ਇੱਕ ਪਾਸੇ ਰਵਾਇਤੀ ਤਰਜ਼ ਦੀਆਂ ਨੌਕਰੀਆਂ ਦੀ ਗਿਣਤੀ ਘਟ ਰਹੀ ਹੈ, ਉੱਥੇ ਦੂਜੇ ਪਾਸੇ ਯੋਗ ਉਮੀਦਵਾਰਾਂ ਦੀ ਵੀ ਘਾਟ ਦਿਖਾਈ ਦਿੰਦੀ ਹੈ ਇਸ ਲਈ ਆਪਣੇ ਆਪ ਨੂੰ ਅਕਾਦਮਿਕ ਅਤੇ ਹੁਨਰੀ ਪੱਧਰ ਤੇ ਤਿਆਰ ਕਰਨ ਦੀ ਵੱਡੀ ਲੋੜ ਹੈ।
ਉਨ੍ਹਾਂ ਕਿਹਾ ਕਿ ਪੰਜਾਬੀ ਮੀਡੀਆ ਵਿੱਚ ਸ਼ਬਦਾਂ ਦੇ ਉਚਾਰਨ ਦੀ ਸਮੱਸਿਆ ਕਾਫੀ ਗੰਭੀਰ ਹੈ ਅਤੇ ਵਿਦਿਆਰਥੀਆਂ ਨੂੰ ਭਾਸ਼ਾ ਦੀ ਵਰਤੋਂ ਅਤੇ ਇਸ ਦੇ ਸਹੀ ਉਚਾਰਨ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਸ੍ਰੀ ਅਰੋੜਾ ਨੇ ਵੱਖ-ਵੱਖ ਯੂ-ਟਿਊਬ ਚੈਨਲਾਂ ਦੀ ਉਦਾਹਰਣ ਨਾਲ ਸਮਝਾਇਆ ਕਿ ਕਿਵੇਂ ਮਿਹਨਤ ਅਤੇ ਰਚਨਾਤਮਕਤਾ ਨਾਲ ਚੰਗੀ ਸਮੱਗਰੀ ਇਕੱਠੀ ਕਰਕੇ ਸੋਸ਼ਲ ਮੀਡੀਆ ’ਤੇ ਆਪਣੀ ਪਹਿਚਾਣ ਬਣਾਈ ਅਤੇ ਚੰਗੀ ਕਮਾਈ ਵੀ ਕੀਤੀ ਜਾ ਸਕਦੀ ਹੈ। ਕੇਂਦਰੀ ਯੂਨੀਵਰਸਿਟੀ ਦੇ ਮਾਸ ਕਮਿਊਨੀਕੇਸ਼ਨ ਅਤੇ ਮੀਡੀਆ ਸਟੱਡੀਜ਼ ਵਿਭਾਗ ਤੋਂ ਡਾ. ਰੂਬਲ ਕਨੌਜੀਆ ਨੇ ਵੈਬ-ਅਧਾਰਤ ਮੀਡੀਆ ਵਿੱਚ ਰੁਜ਼ਗਾਰ ਦੀਆਂ ਸੰਭਾਵਨਾਵਾਂ ‘ਤੇ ਵਿਸਤਾਰ ਸਹਿਤ ਚਾਨਣਾ ਪਾਇਆ।
ਉਨ੍ਹਾਂ ਦੱਸਿਆ ਕਿ ਅਜੋਕੇ ਦੌਰ ਦੌਰਾਨ ਅੰਗਰੇਜ਼ੀ ਭਾਸ਼ਾ ਨਾਲੋਂ ਖੇਤਰੀ ਭਾਸ਼ਾਵਾਂ ਨਾਲ ਸੰਬੰਧਤ ਮੀਡੀਆ ਵਿੱਚ ਰੁਜਗਾਰ ਦੇ ਕਿਤੇ ਵਧੇਰੇ ਮੌਕੇ ਹਨ, ਪਰ ਇਸ ਲਈ ਵਿਦਿਆਰਥੀਆਂ ਨੂੰ ਰੁਜ਼ਗਾਰ ਨਾਲ ਜੁੜੀ ਰਵਾਇਤੀ ਮਾਨਸਿਕਤਾ ਤੋਂ ਬਾਹਰ ਆਉਣ ਦੀ ਲੋੜ ਹੈ। ਇਸ ਵਿਚਾਰ ਚਰਚਾ ਦੌਰਾਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਰਮਨਪ੍ਰੀਤ ਕੌਰ ਅਤੇ ਡੀਨ ਭਾਸ਼ਾਵਾਂ, ਸਾਹਿਤ ਤੇ ਸੱਭਿਆਚਾਰ ਸਕੂਲ, ਪ੍ਰੋਫੈਸਰ ਡਾ. ਜਮੀਰਪਾਲ ਕੌਰ ਅਤੇ ਵਿਚਾਰ-ਚਰਚਾ ਦੇ ਕਨਵੀਨਰ ਡਾ. ਅਮਨਦੀਪ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ।