ਭਾਰੀ ਮੀਂਹ ਕਾਰਨ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬੀ
ਬਲਵਿੰਦਰ ਸਿੰਘ ਧਾਲੀਵਾਲ
- ਸੜਕਾਂ ਵਿੱਚ ਨਿਕਾਸੀ ਪੁਲੀਆਂ ਦੀ ਘਾਟ ਅਤੇ ਨਿਕਾਸੀ ਨਾਲਿਆਂ ਦੀ ਸਫ਼ਾਈ ਨਾ ਹੋਣ ਕਰਕੇ ਪਾਣੀ ਹੋਇਆ ਜਮਾਂ
ਸੁਲਤਾਨਪੁਰ ਲੋਧੀ 2 ਅਗਸਤ 2021 - ਹਲਕਾ ਸੁਲਤਾਨਪੁਰ ਲੋਧੀ ਅਤੇ ਇਸਦੇ ਆਸ-ਪਾਸ ਇਲਾਕਿਆਂ ਵਿੱਚ ਬੀਤੀ ਰਾਤ ਅਤੇ ਅੱਜ ਸਾਰਾ ਦਿਨ ਪਈ ਭਾਰੀ ਬਾਰਸ਼ ਕਾਰਨ ਖੇਤਾਂ ਵਿੱਚ ਪਾਣੀ ਜਮ੍ਹਾਂ ਹੋ ਜਾਣ ਕਾਰਨ ਸੈਂਕੜੇ ਏਕੜ ਝੋਨੇ ਦੀ ਫ਼ਸਲ ਡੁੱਬ ਗਈ ਹੈ। ਪਵਿੱਤਰ ਸ਼ਹਿਰ ਅੰਦਰ ਵੀ ਕੁੱਝ ਸਮਾਂ ਪਾਣੀ ਜਮ੍ਹਾਂ ਹੋਣ ਨਾਲ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। 'ਅਜੀਤ' ਦੀ ਟੀਮ ਵੱਲੋਂ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ਤੇ ਦੇਖਿਆ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਖੇਤ ਪਾਣੀ ਵਿੱਚ ਡੁੱਬੇ ਹੋਏ ਸਨ। ਪਿੰਡ ਦੂਲੋਵਾਲ ਅਤੇ ਸਾਬੂਵਾਲ ਨੇੜੇ 100 ਏਕੜ ਦੇ ਕਰੀਬ ਝੋਨੇ ਦੀ ਫ਼ਸਲ ਪਾਣੀ ਵਿੱਚ ਬੁਰੀ ਤਰ੍ਹਾਂ ਡੁੱਬੀ ਹੋਈ ਸੀ।
ਪਿੰਡ ਕੋਲੀਆਂ ਵਾਲ ਨੂੰ ਜਾਣ ਵਾਲੀ ਸੜਕ ਉੱਪਰ ਪਾਣੀ ਤੇਜ਼ੀ ਨਾਲ ਵੱਗ ਰਿਹਾ ਸੀ। ਪਿੰਡ ਦੂਲੋਵਾਲ,ਦਰੀਏਵਾਲ ਅਤੇ ਟੋਡਰਵਾਲ ਆਦਿ ਪਿੰਡਾਂ ਵਿੱਚੋਂ ਦੀ ਗੁਜ਼ਰਨ ਵਾਲੇ ਨਿਕਾਸੀ ਨਾਲੇ ਵਿੱਚ ਵੱਡੀ ਮਾਤਰਾ ਵਿੱਚ ਹਾਈਸਿੰਥ ਬੂਟੀ ਹੋਣ ਕਰਕੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਸੀ ਜਿਸ ਕਰਕੇ ਪਾਣੀ ਖੇਤਾਂ ਵਿੱਚ ਫੇਲ ਰਿਹਾ ਸੀ। ਮੌਕੇ ਤੇ ਹਾਜ਼ਰ ਕਿਸਾਨਾਂ ਰੇਸ਼ਮ ਸਿੰਘ, ਅਵਤਾਰ ਸਿੰਘ ਦਰੀਏਵਾਲ, ਚਰਨਜੀਤ ਸਿੰਘ ਮੋਮੀ ਆਦਿ ਨੇ ਦੱਸਿਆ ਕਿ ਸੜਕਾਂ ਉੱਚੀਆਂ ਹੋਣ ਕਰਕੇ ਅਤੇ ਪੁਲੀਆਂ ਦੀ ਨਾਮਾਤਰ ਹੋਣ ਕਰਕੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ।
ਇਸੇ ਤਰ੍ਹਾਂ ਪਿੰਡ ਸੈਦਪੁਰ,ਕਾਲਰੂ, ਟਿੱਬਾ, ਮਸੀਤਾਂ, ਹੈਬਤਪੁਰ, ਜੱਬੋਵਾਲ,ਵਾਟਾਂਵਾਲੀ,ਸੇਖਮਾਗਾ, ਗਾਜੀਪੁਰ,ਡੱਲਾ, ਕਰਮਜੀਤ ਆਦਿ ਪਿੰਡਾਂ ਵਿੱਚ ਵੀ ਪਾਣੀ ਜਮ੍ਹਾਂ ਹੋਣ ਕਰਕੇ ਝੋਨੇ ਦੇ ਖੇਤ ਡੁੱਬੇ ਪਏ ਹਨ। ਪਿੰਡ ਡੱਲਾ ਦੇ ਕਿਸਾਨਾਂ ਸਰਬਜੀਤ ਸਿੰਘ, ਦਿਲਬਾਗ ਸਿੰਘ , ਦਲਬੀਰ ਸਿੰਘ ਆਦਿ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਅਤੇ ਡੱਲਾ ਸੰਪਰਕ ਸੜਕ ਵਿੱਚ ਨਿਕਾਸੀ ਪੁਲੀਆਂ ਘੱਟ ਹੋਣ ਕਰਕੇ ਕਰਮਜੀਤ ਪੁਰ,ਰਾਮਪੁਰ ਜਗੀਰ,ਮਨਿਆਲਾ,ਤੋਤੀ ਆਦਿ ਪਿੰਡਾਂ ਦੀਆਂ ਜ਼ਮੀਨਾਂ ਵਿੱਚੋਂ ਪਾਣੀ ਦੀ ਨਿਕਾਸੀ ਜਲਦ ਨਹੀਂ ਹੁੰਦੀ। ਕਿਸਾਨਾਂ ਨੇ ਦੱਸਿਆ ਕਿ ਜੇਕਰ ਹੋਰ ਬਾਰਿਸ਼ ਹੋ ਗਈ ਤਾਂ ਨੀਵੇਂ ਇਲਾਕਿਆਂ ਵਿੱਚ ਝੋਨੇ ਦੀ ਫ਼ਸਲ ਖ਼ਰਾਬ ਹੋ ਸਕਦੀ ਹੈ।