ਚਾਈਲਡ ਲਾਈਨ ਨੇ ਕੀਤੀ ਗੁੰਮਸ਼ੁਦਾ ਬੱਚੀ ਵਾਰਸਾਂ ਹਵਾਲੇ
ਅਸ਼ੋਕ ਵਰਮਾ
ਬਠਿੰਡਾ,2 ਅਗਸਤ2021:ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸਹਿਯੌਗ ਨਾਲ ਚੱਲ ਰਹੀ ਨੈਚੁਰਲ ਕੇਅਰ ਚਾਈਲਡ ਲਾਈਨ 1098 ਬਠਿੰਡਾ ਨੇ ਇੱਕ ਗੁੰਮਸ਼ੁਦਾ ਬੱਚੀ ਨੂੰ ਵਾਰਸਾਂ ਹਵਾਲੇ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਚਾਈਲਡ ਲਾਈਨ ਬਠਿੰਡਾ ਦੀ ਸੈਂਟਰ ਕੋਆਰਡੀਨੇਟਰ ਸੁਮਨਦੀਪ ਸ਼ਰਮਾ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਸੂਚਨਾ ਦਿੱਤੀ ਸੀ ਕਿ ਫ਼ਿਰੋਜ਼ਪੁਰ ਤੋਂ ਆਉਣ ਵਾਲੀ ਰੇਲ ਗੱਡੀ ਵਿੱਚ ਇੱਕ ਬੱਚੀ ਹੈ ਜੋ ਬਹੁਤ ਰੋ ਰਹੀ ਹੈ ਅਤੇ ਬੱਚੇ ਦੇ ਮਾਤਾ ਪਿਤਾ ਦਾ ਕੋਈ ਪਤਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਚਾਈਲਡ ਲਾਈਨ ਟੀਮ ਰੇਲਵੇ ਸਟੇਸ਼ਨ ਪਹੁੰਚੀ ਤੇ ਬੱਚੀ ਨਾਲ ਗੱਲਬਾਤ ਕਰਨ ਤੇ ਪਤਾ ਲੱਗਿਆ ਕਿ ਉਹ ਰੋਹਤਕ ,ਹਰਿਆਣਾ ਦੀ ਰਹਿਣ ਵਾਲੀ ਹੈ।
ਉਨ੍ਹਾਂ ਦੱਸਿਆ ਕਿ ਚਾਈਲਡ ਲਾਈਨ ਟੀਮ ਵਲੋਂ ਬੱਚੀ ਦੀ ਤੇ ਮੈਡੀਕਲ ਕਰਵਉਣ ਤੋਂ ਬਾਅਦ ਬਾਲ ਭਲਾਈ ਕਮੇਟੀ ਤੇ ਬਾਲ ਸੁਰੱਖਿਆ ਅਫਸਰ ਰਵਨੀਤ ਕੌਰ ਦੀਆਂ ਹਦਾਇਤਾਂ ਅਨੁਸਾਰ ਬੱਚੀ ਨੂੰ ਵਨ ਸਟਾਪ ਸੈਂਟਰ ਬਠਿੰਡਾ ਵਿਖੇ ਰੱਖਿਆ ਗਿਆ। ਚਾਈਲਡ ਲਾਈਨ ਬਠਿੰਡਾ ਦੀ ਟੀਮ ਮੈਂਬਰ ਰਮਨਦੀਪ ਤੇ ਰੀਤੂ ਨੇ ਬੱਚੀ ਵੱਲੋਂ ਦਿੱਤੀ ਜਾਣਕਾਰੀ ਦੇ ਅਧਾਰ ਤੇ ਪੁਲਿਸ ਸਟੇਸ਼ਨ ਰੋਹਤਕ ਤੇ ਚਾਈਲਡ ਲਾਈਨ ਰੋਹਤਕ ਦੀ ਮਦਦ ਨਾਲ ਮਾਤਾ ਪਿਤਾ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਬਠਿੰਡਾ ਸੱਦ ਕੇ ਤਸੱਲੀ ਤੋਂ ਬਾਅਦ ਬੱਚੀ ਨੂੰ ਵਾਰਸਾਂ ਹਵਾਲੇ ਕੀਤਾ ਗਿਆ।