ਨਿਊਯਾਰਕ ਵਿੱਚ ਨਕਾਬਪੋਸ਼ ਹਮਲਾਵਰਾਂ ਨੇ 10 ਲੋਕਾਂ 'ਤੇ ਕੀਤੀ ਗੋਲੀਬਾਰੀ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 2 ਅਗਸਤ 2021 - ਅਮਰੀਕਾ ਵਿੱਚ ਆਏ ਦਿਨ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ , ਜਿਹਨਾਂ ਵਿੱਚ ਬੇਕਸੂਰ ਲੋਕ ਸ਼ਿਕਾਰ ਬਣਦੇ ਹਨ। ਅਜਿਹੀ ਹੀ ਇੱਕ ਗੋਲੀਬਾਰੀ ਸ਼ਨੀਵਾਰ ਨੂੰ ਨਿਊਯਾਰਕ ਖੇਤਰ ਵਿੱਚ ਕੀਤੀ ਗਈ ਹੈ।
ਨਿਊਯਾਰਕ ਪੁਲਿਸ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗੋਲੀਬਾਰੀ ਦੋ ਨਕਾਬਪੋਸ਼ ਹਮਲਾਵਰਾਂ ਨੇ ਸ਼ਨੀਵਾਰ ਰਾਤ ਨੂੰ ਨਿਊਯਾਰਕ ਸਿਟੀ ਦੇ ਨੇੜਲੇ ਇਲਾਕੇ ਦੀ ਭੀੜ ਭਰੀ ਸੜਕ ਕੀਤੀ। ਇਸ ਗੋਲੀਬਾਰੀ ਨਾਲ 10 ਲੋਕਾਂ ਨੂੰ ਜਖਮੀ ਕਰਕੇ ਹਮਲਾਵਰ ਇੱਕ ਮੋਪੇਡ' ਤੇ ਫਰਾਰ ਹੋ ਗਏ। ਨਿਊਯਾਰਕ ਪੁਲਿਸ ਅਨੁਸਾਰ ਇਹ ਘਟਨਾ ਕਿਸੇ ਗੈਂਗ ਦੀ ਹਿੰਸਾ ਨਾਲ ਜੁੜੀ ਹੋਈ ਜਾਪਦੀ ਹੈ, ਪਰ ਇਸ ਗੋਲੀਬਾਰੀ ਦੇ 7 ਪੀੜਤ ਨਿਰਦੋਸ਼ ਸਨ, ਜਿਨ੍ਹਾਂ ਵਿੱਚ ਇੱਕ 72 ਸਾਲਾਂ ਬਜੁਰਗ ਵੀ ਸ਼ਾਮਲ ਹੈ।
ਇਹ ਗੋਲੀਬਾਰੀ ਸ਼ਨੀਵਾਰ ਰਾਤ ਨੂੰ ਕਰੀਬ 10:38 ਵਜੇ ਸ਼ਹਿਰ ਦੇ ਕੁਈਨਜ਼ ਬੋਰੋ ਵਿੱਚ ਇੱਕ ਬਾਰਬਰ ਸ਼ਾਪ ਅਤੇ ਇੱਕ ਰੈਸਟੋਰੈਂਟ ਦੇ ਬਾਹਰ ਹੋਈ। ਇਸ ਘਟਨਾ ਨਾਲ ਸਬੰਧਿਤ ਇੱਕ ਸੀ ਸੀ ਟੀ ਵੀ ਫੁਟੇਜ਼ ਵਿੱਚ ਦੋ ਮਾਸਕ ਪਹਿਨੇ ਹੋਏ ਆਦਮੀ ਕੁਈਨਜ਼ ਦੀ 97 ਵੀਂ ਸਟ੍ਰੀਟ ਦੇ ਕੋਲ 37 ਵੇਂ ਐਵੇਨਿਊ 'ਤੇ ਪੂਰਬ ਵੱਲ ਤੁਰਦੇ ਹੋਏ ਗੋਲੀਬਾਰੀ ਕਰਦੇ ਦਿਖਾਈ ਦੇ ਰਹੇ ਹਨ। ਘਟਨਾ ਸਥਾਨ ਤੇ ਘੱਟੋ ਘੱਟ 37 ਗੋਲੀਆਂ ਦੇ ਗੋਲੇ ਬਰਾਮਦ ਕੀਤੇ ਗਏ , ਜਦਕਿ ਪੁਲਿਸ ਹੋਰ ਸਬੂਤਾਂ ਲਈ ਅਪਰਾਧ ਵਾਲੀ ਥਾਂ 'ਤੇ ਜਾਂਚ ਕਰ ਰਹੀ ਹੈ।
ਇਸ ਗੋਲੀਬਾਰੀ ਦੇ ਤਿੰਨ ਲੋਕ ਟ੍ਰਿਨੀਟੇਰੀਓਸ ਸਟ੍ਰੀਟ ਗੈਂਗ ਦੇ ਮੈਂਬਰ ਹਨ ਅਤੇ ਮੰਨਿਆ ਜਾਂਦਾ ਹੈ ਕਿ ਉਹ ਇਸ ਗੋਲੀਬਾਰੀ ਦਾ ਨਿਸ਼ਾਨਾ ਸਨ।