ਡਾਕਟਰਾਂ ਦਾ ਐਨ ਪੀ ਏ ਮਾਮਲਾ: ਵੈਟਰਨਰੀ ਡਾਕਟਰਾਂ ਨੇ ਹੜਤਾਲ ਕਰਕੇ ਜ਼ਿਲ੍ਹਾ ਹੈਡਕੁਆਰਟਰ ਕੀਤੇ ਜਾਮ
ਜੀ ਐਸ ਪੰਨੂ
ਪਟਿਆਲਾ,2 ਅਗਸਤ,2021 - ਐਨ ਪੀ ਏ ਦੇ ਮਸਲੇ 'ਤੇ ਸਰਕਾਰ ਦੀ ਡਾਕਟਰ ਵਿਰੋਧੀ ਨੀਤੀ ਤੋਂ ਖਫ਼ਾ ਵੈਟਰਨਰੀ ਡਾਕਟਰਾਂ ਨੇ ਅੱਜ ਇੱਥੇ ਪਸੂ ਪਾਲਣ ਵਿਭਾਗ ਦੇ ਜ਼ਿਲਾਂ ਰੌਣੀ ਫਾਰਮ ਨਾਭਾ ਰੋਡ ਪਟਿਆਲਾ ਤੇ ਧਰਨਾ ਦੇ ਕੇ ਸਮੁੱਚਾ ਸਰਕਾਰੀ ਕੰਮ ਠੱਪ ਕਰ ਦਿੱਤਾ |
ਡਿਪਟੀ ਡਾਇਰੈਕਟਰ ਦਫਤਰ ਦੇ ਵਰਾਂਡੇ 'ਚ ਧਰਨਾ ਲਾ ਕੇ ਬੈਠੇ ਡਾਕਟਰਾਂ ਨੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕਰਦੇ ਹੋਏ ਅਪਣਾ ਗੁੱਸਾ ਜਾਹਿਰ ਕੀਤਾ |
ਪੰਜਾਬ ਸਟੇਟ ਵੈਟਰਨਰੀ ਡਾਕਟਰ ਐਸੋਸ਼ੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਬਿਕਰਮ ਸਿੰਘ ਅਨੁਸਾਰ ਇਹ ਕੰਮ ਰੋਕੂ ਧਰਨਾ ਵੱਖ ਵੱਖ ਕੈਟਾਗਰੀਆਂ ਦੇ ਡਾਕਟਰਾਂ ਦੀ ਸਾਂਝੀ ਕੋ-ਆਰਡੀਨੇਸ਼ਨ ਕਮੇਟੀ ਵੱਲੋਂ ਦਿੱਤੇ ਸੱਦੇ ਤਹਿਤ ਦਿੱਤਾ ਗਿਆ ਜੋ ਕਿ ਮੰਗਲਵਾਰ ਤੱਕ ਜਾਰੀ ਰਹੇਗਾ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ ਦੀ ਪੂਰਤੀ ਲਈ ਬਣਾਈ ਕੈਬਨਿਟ ਸਬ ਕਮੇਟੀ ਮੰਗਲਵਾਰ ਸ਼ਾਮ ਤੱਕ ਕੋਈ ਸਾਰਥਕ ਐਲਾਨ ਨਹੀਂ ਕਰਦੀ ਤਾਂ ਉਹ ਪਸੂ ਪਾਲਣ ਵਿਭਾਗ ਦੇ ਮੁਹਾਲੀ ਸਥਿਤ ਸੂਬਾ ਸਦਰ ਮੁਕਾਮ ਨੂੰ ਵੀ ਜਾਮ ਕਰਨ ਤੋਂ ਪ੍ਰਹੇਜ ਨਹੀਂ ਕਰਨਗੇ |
ਇਸ ਰੋਸ ਧਰਨੇ ਵਿੱਚ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਗੁਰਚਰਨ ਸਿੰਘ, ਸਾਰੇ ਐਸ. ਵੀ. ਓ. ਡਾ: ਭੁਪੇਸ਼ ਕੁਮਾਰ, ਡਾ: ਰਮਨ ਕੁਮਾਰ, ਡਾ: ਦੀਪਇੰਦਰ ਸਿੰਘ, ਡਾ: ਰਣਧੀਰ ਸਿੰਘ ਤੋਂ ਇਲਾਵਾ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਵੈਟਰਨਰੀ ਅਫਸਰ ਵੀ ਸ਼ਾਮਿਲ ਹੋਏ |
ਇਸ ਰੋਸ ਧਰਨੇ ਨੂੰ ਪੰਜਾਬ ਸਟੇਟ ਵੈਟਰਨਰੀ ਅਫਸਰ ਐਸੋਸੀਏਸ਼ਨ ਦੇ ਨੁਮਾਇੰਦੇ ਡਾ: ਗੁਰਬਖਸ਼ ਸਿੰਘ, ਡਾ: ਗੁਰਜੀਤ ਸਿੰਘ, ਡਾ: ਜਤਿੰਦਰ ਧੰਜਲ ਅਤੇ ਡਾ: ਵਿਨੀਤ ਮਲਹੋਤਰਾ ਨੇ ਵੀ ਸੰਬੋਧਨ ਕੀਤਾ।
ਡਾਕਟਰਾਂ ਦੀ ਹੜਤਾਲ ਕਾਰਨ ਐਮਰਜੈਂਸੀ ਅਤੇ ਵੈਟਰੋ ਲੀਗਲ ਕੇਸਾਂ ਤੋਂ ਸਿਵਾਏ ਹਰ ਤਰਾਂ ਦੀਆਂ ਵੈਟਰਨਰੀ ਸੇਵਾਂਵਾਂ, ਸੈਂਟਰਲ ਸਕੀਮਾਂ, ਮਸਨੂਈ ਗਰਭ ਦਾਨ, ਗਲ ਘੋਟੂ ਦੀ ਵੈਕਸੀਨ, ਵਿਭਾਗੀ ਟਰੇਨਿੰਗਾਂ ਅਤੇ ਸਰਕਾਰੀ ਮੀਟਿੰਗਾਂ ਦਾ ਵੀ ਪੂਰਨ ਬਾਈਕਾਟ ਰਿਹਾ |
ਜਿਕਰ ਯੋਗ ਹੈ ਕਿ ਮੈਡੀਕਲ ਅਤੇ ਵੈਟਰਨਰੀ ਡਾਕਟਰ ਐਨ ਪੀ ਏ ਵਿੱਚ ਕਟੌਤੀ ਨੂ਼ੰ ਲੈ ਕੇ ਪਿਛਲੇ ਸਵਾ ਮਹੀਨੇ ਤੋਂ ਲਗਾਤਾਰ ਸਘੰਰਸ਼ ਕਰ ਰਹੇ ਹਨ ਪਰ ਸਰਕਾਰ ਦੀ ਲਾਰੇ ਲੱਪੇ ਵਾਲੀ ਨੀਤੀ ਹਾਲੇ ਤੀਕ ਜਾਰੀ ਹੈ ਅਤੇ ਡਾਕਟਰਾਂ ਦੀ ਲੰਮੀ ਅਤੇ ਲਮਕਵੀਂ ਹੜਤਾਲ ਕਾਰਨ ਆਮ ਲੋਕਾਂ ਨੂ਼ੰ ਬੇਹੱਦ ਪਰੇਸ਼ਨੀ ਹੋ ਰਹੀ ਹੈ |
ਚੇਤੇ ਰਹੇ ਕਿ ਪਿਛਲੇ ਦਿਨੀ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਡਾਕਟਰਾਂ ਦੇ ਸੂਬਾ ਪੱਧਰੀ ਰੋਸ ਧਰਨੇ ਵਿੱਚ ਪਹੁੰਚ ਕੇ ਮੰਗ ਪੱਤਰ ਲੈਣ ਉਪਰੰਤ 30 ਜੁਲਾਈ ਤੱਕ ਐਨ ਪੀ ਏ ਵਿੱਚ ਕੀਤੀ ਕਟੌਤੀ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ ਅਤੇ ਇਸ ਤੋਂ ਪਹਿਲਾਂ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ ਦੇ ਨਿਪਟਾਰੇ ਲਈ ਬਣਾਈ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਬ੍ਰਹਮ ਮਹਿੰਦਰਾ ਨੇ ਵੀ 19 ਜੁਲਾਈ ਤੱਕ ਮਸਲੇ ਦੇ ਹੱਲ ਦਾ ਭਰੋਸਾ ਦਿਵਾਇਆ ਸੀ |
ਪਰ ਸਰਕਾਰੀ ਵਾਅਦੇ ਹਾਲੇ ਤੀਕ ਵਫ਼ਾ ਨਹੀਂ ਹੋਏ ਅਤੇ ਪਰਨਾਲਾ ਉੱਥੇ ਦਾ ਉੱਥੇ ਹੈ | ਸਰਕਾਰ ਦੇ ਲਾਰੇ ਲੱਪਿਆਂ ਤੋਂ ਅੱਕੇ ਡਾਕਟਰਾਂ ਨੇ ਹੁਣ
ਮਜਬੂਰਨ ਅਪਣੇ ਸਘੰਰਸ਼ ਨੂੰ ਹੋਰ ਤੇਜ ਕਰ ਦਿੱਤਾ ਹੈ |