ਸਾਕਾ ਬਲੈਕ ਹੋਲ-2 ਦੀ ਗਵਾਹ ਹੈ ਢਾਹੀ ਜਾਣ ਵਾਲ਼ੀ ਗੁਰੂ ਰਾਮਦਾਸ ਸਰਾਂ-50 ਜਣੇ ਸਰਾਂ ਦੇ ਇੱਕ ਕਮਰੇ ਤਾੜ ਕੇ ਮਾਰੇ ਸੀ ਫ਼ੌਜ ਨੇ
ਗੁਰਪ੍ਰੀਤ ਸਿੰਘ ਮੰਡਿਆਣੀ
ਲੁਧਿਆਣਾ, 2 ਅਗਸਤ 2021:
ਕਲਕੱਤੇ ਦੇ ਫੋਰਟ ਵਿਲੀਅਮ ਕਿਲ੍ਹੇ ਚ 1756 ਨੂੰ ਇੱਕ ਅਜਿਹੀ ਘਟਨਾ ਵਾਪਰੀ ਜੀਹਦੀ ਦੁਨੀਆ ਦੇ ਜੰਗੀ ਇਤਿਹਾਸ ਵਿੱਚ ਕੋਈ ਮਿਸਾਲ ਨਹੀਂ ਸੀ ਲੱਭਦੀ।146 ਅੰਗਰੇਜ਼ ਜੰਗੀ ਕੈਦੀਆਂ ਨਾਲ ਜੋ ਸਲੂਕ ਬੰਗਾਲ ਦੇ ਨਵਾਬ ਸਿਰਾਜਉੱਲ ਦੌਲਾ ਦੀ ਫ਼ੌਜ ਨੇ ਕੀਤਾ ਸੀ ਉਹਨੂੰ ਅੰਗਰੇਜ਼ੀ ਇਤਿਹਾਸ ਵਿੱਚ "ਬਲੈਕ ਹੋਲ" ਦਾ ਨਾਂ ਦਿੱਤਾ ਗਿਆ ਹੈ।ਦੁਨੀਆਂ ਭਰ ਚ ਇਸ ਵਾਕੇ ਦੀ ਨਿੰਦਿਆ ਕੀਤੀ ਗਈ।ਬਰਤਾਨਵੀ ਜੰਗੀ ਇਤਿਹਾਸ ਨਾਲ ਮਾੜਾ ਮੋਟਾ ਵੀ ਵਾਸਤਾ ਰੱਖਣ ਵਾਲਾ ਹਰੇਕ ਸ਼ਖ਼ਸ ਬਲੈਕ ਹੋਲ ਤੋਂ ਵਾਕਫ਼ ਹੈ।ਪਰ ਸਿੱਖ ਇਤਿਹਾਸ ਦੀ ਸਿਤਮ ਜਰੀਫੀ ਹੈ ਕਿ ਫੋਰਟ ਵਿਲੀਅਮ ਵਾਲੀ ਘਟਨਾ ਨਾਲ ਹੂ ਬ ਹੂ ਮੇਲ ਖਾਂਦਾ ਸਾਕਾ ਗੁਰੂ ਰਾਮਦਾਸ ਸਰਾਂ ਵਿਚ ਵੀ ਵਾਪਰਿਆਂ ਸੀ 6 ਜੂਨ 1984 ਨੂੰ ਜੀਹਦਾ ਕੋਈ ਉੱਭਰਵਾਂ ਜ਼ਿਕਰ ਤੱਕ ਵੀ ਨਹੀਂ ਹੈ ਜੂਨ ਚੁਰਾਸੀ ਵਾਲੇ ਘੱਲੂਘਾਰੇ ਦੇ ਇਤਿਹਾਸ ਚ।ਕਲਕੱਤੇ ਦੇ ਫੋਰਟ ਵਿਲੀਅਮ ਚ ਇਹਦੀ ਯਾਦਗਾਰ ਵੀ ਬਣੀ ਹੋਈ ਹੈ ਪਰ ਗੁਰੂ ਰਾਮਦਾਸ ਸਰਾਂ ਚ ਇਹਦੇ ਨਾਂ ਅੱਡੀ ਕੋਈ ਤਖ਼ਤੀ ਵੀ ਨਹੀਂ ਲੱਭਦੀ।ਇਸ ਸਰਾਂ ਦੇ ਮਲੀਆਮੇਟ ਹੋਣ ਤੋਂ ਬਾਅਦ ਇੱਥੇ ਤਖ਼ਤੀ ਲੱਗਣ ਦੀ ਗੁੰਜਾਇਸ਼ ਵੀ ਖ਼ਤਮ ਹੋ ਜਾਣੀ ਹੈ।
ਭਾਰਤੀ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ ਤੇ ਕਬਜ਼ਾ ਕਰਨ ਮਗਰੋਂ ਜਿਸ ਕਿਸਮ ਦਾ ਰੌਂਗਟੇ ਖੜੇ ਕਰਨ ਵਾਲਾ ਵਿਹਾਰ ਆਮ ਸ਼ਰਧਾਲੂਆਂ ਅਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨਾਲ ਕੀਤਾ ਉਸ ਬਾਰੇ ਬਹੁਤ ਸਾਰੀਆਂ ਗੱਲਾਂ ਅਖ਼ਬਾਰਾਂ, ਰਸਾਲਿਆਂ ਅਤੇ ਕਿਤਾਬਾਂ ਵਿੱਚ ਲਿਖੀਆਂ ਜਾ ਚੁੱਕੀਆਂ ਨੇ ਪਰ ਇੱਕ ਘਟਨਾ ਜੋ ਕਿ ਫੋਰਟ ਵਿਲੀਅਮ ਕਿਲ੍ਹੇ ਦੇ ਬਲੈਕ ਹੋਲ ਵਾਲੇ ਵਾਕੇ ਨਾਲ ਮੇਲ ਖਾਂਦੀ ਹੈ ਉਹ ਅਜੇ ਤੱਕ ਕਿਸੇ ਲਿਖਤ ਵਿੱਚ ਸਾਹਮਣੇ ਨਹੀਂ ਆਈ। 1756 ਦੀ 20 ਜੂਨ ਨੂੰ ਵਾਪਰਿਆ ਇਹ ਸਾਕਾ ਅੰਗਰੇਜ਼ ਇਤਿਹਾਸ ਦਾ ਇੱਕ ਅਹਿਮ ਕਾਂਡ ਹੈ।
ਬੰਗਾਲ ਦੇ ਨਵਾਬ ਸਿਰਾਜਉਲ ਦੌਲਾ ਨੇ ਕਲਕੱਤੇ ਬੰਦਰਗਾਹ ਨੇੜੇ ਬਣੇ ਕਿਲ੍ਹੇ ਫੋਰਟ ਵਿਲੀਅਮ ਵਿੱਚ ਬੈਠੀ ਈਸਟ ਇੰਡੀਆ ਕੰਪਨੀ ਦੀ ਫ਼ੌਜ ਤੇ 50 ਹਜ਼ਾਰ ਦੀ ਕੁਮਕ ਨਾਲ ਹਮਲਾ ਕਰ ਦਿੱਤਾ। ਕੰਪਨੀ ਦੀ ਬਹੁਤੀ ਫ਼ੌਜ ਨੇ ਸਮੁੰਦਰ ਵਿੱਚ ਖੜੇ ਬੇੜੇ ਵਿੱਚ ਲੁੱਕ ਕੇ ਜਾਨ ਬਚਾਈ ਜਦਕਿ 170 ਅੰਗਰੇਜ਼ ਸਿਪਾਹੀ ਨਵਾਬੀ ਫ਼ੌਜ ਦੇ ਕਾਬੂ ਆ ਗਏ। ਇਹਨਾਂ ਵਿੱਚੋਂ 146 ਨੂੰ ਕਿਲ੍ਹੇ ਵਿੱਚ ਬਣੀ ਇੱਕ ਹਵਾਲਾਤ ਵਿੱਚ ਸ਼ਾਮ ਵੇਲੇ ਤਾੜ ਦਿੱਤਾ। ਇਹਨਾਂ ਵਿੱਚ 2 ਔਰਤਾਂ ਤੇ ਕੁਝ ਜ਼ਖ਼ਮੀ ਵੀ ਸਨ। 18 ਫੁੱਟ ਲੰਮੀ ਅਤੇ 14 ਫੁੱਟ ਚੌੜੀ ਇਸ ਹਵਾਲਾਤ ਵਿੱਚ ਸਿਰਫ਼ ਦੋ ਨਿੱਕੀਆਂ-ਨਿੱਕੀਆਂ ਖਿੜਕੀਆਂ ਸਨ। ਅੱਤ ਦੀ ਗਰਮੀ ਅਤੇ ਹੁੰਮ੍ਹਸ ਵਾਲੇ ਮਾਹੌਲ ਵਿੱਚ ਤੂੜੀ ਵਾਂਗ ਤੁੰਨੇ ਕੈਦੀਆਂ ਦਾ ਜਦੋਂ ਬੁਰਾ ਹਾਲ ਹੋਣ ਲੱਗਿਆ ਤਾਂ ਉਹਨਾਂ ਨੇ ਪਹਿਰੇਦਾਰਾਂ ਮੂਹਰੇ ਬਾਹਰ ਕੱਢਣ ਲਈ ਹਾੜੇ ਕੱਢੇ। ਪਰ ਪਹਿਰੇਦਾਰ, ਅੰਗਰੇਜ਼ਾਂ ਉੱਤੇ ਹੱਸਦੇ ਤੇ ਮਸ਼ਕਰੀਆਂ ਕਰਦੇ ਰਹੇ। ਦਿਨ ਚੜ੍ਹੇ ਜਦੋਂ ਹਵਾਲਾਤ ਦਾ ਬੂਹਾ ਖੋਲਿਆਂ ਤਾਂ ਇਹਨਾਂ ਵਿੱਚੋਂ 23 ਜਾਣੇ ਹੀ ਜਿਉਂਦੇ ਬਚੇ ਸੀ। ਦੁਨੀਆ ਦੇ ਇਤਿਹਾਸ ਵਿੱਚ ਇਸ ਘਟਨਾ ਨੂੰ ਹਿੰਦੁਸਤਾਨੀਆਂ ਦੀ ਕਮੀਨੀ ਹਰਕਤ ਵਜੋਂ ਭੰਡਿਆ ਗਿਆ ਹੈ ਜਦਕਿ ਹਿੰਦੁਸਤਾਨੀ ਇਤਿਹਾਸਕਾਰ ਇਹ ਤੋਂ ਸੰਗ ਮੰਨਦਿਆਂ ਇਹਨੂੰ ਹਰ ਪੱਖੋਂ ਛੋਟਾ ਪਾਉਣ ਦਾ ਯਤਨ ਕਰਦੇ ਰਹੇ ਅਤੇ ਉਹਨਾਂ ਨੇ ਨਵਾਬ ਨੂੰ ਬਰੀ ਕੀਤਾ ਹੈ ਜਦਕਿ ਬਹੁਤੇ ਹਿੰਦੁਸਤਾਨੀ ਇਤਿਹਾਸਕਾਰ ਤਾਂ ਇਸ ਸਾਕੇ ਤੋਂ ਉੱਕਾ ਹੀ ਮੁੱਕਰਨ ਵਾਲੀ ਹੱਦ ਤੱਕ ਜਾਂਦੇ ਹੋਏ ਇੱਥੋਂ ਤੱਕ ਆਖ ਗਏ ਨੇ ਅਜਿਹਾ ਸਾਕਾ ਵਾਪਰਿਆ ਹੀ ਨਹੀਂ। ਹਵਾਲਾਤ ਦੀ ਕੋਠੜੀ ਹਨੇਰੀ ਹੋਣ ਅਤੇ ਕਾਲੀ ਰਾਤ ਦਾ ਮੌਕਾ ਹੋਣ ਕਰਕੇ ਇਹਨੂੰ ਬਲੈਕ ਹੋਣ ਦਾ ਨਾਂਅ ਦਿੱਤਾ ਗਿਆ। ਕਿਸੇ ਜੇਤੂ ਫ਼ੌਜ ਵੱਲੋਂ ਹਾਰੀ ਹੋਈ ਫ਼ੌਜ ਨਾਲ ਅਜਿਹੇ ਕਾਇਰਤਾ ਵਾਲੇ ਜ਼ਾਲਮ ਸਲੂਕ ਦੀ ਮਿਸਾਲ ਇਸ ਤੋਂ ਵੱਧ ਦੁਨੀਆ ਦੇ ਜੰਗੀ ਇਤਿਹਾਸ 'ਚ ਕਿਤੇ ਨਹੀਂ ਮਿਲਦੀ।
ਕਲਕੱਤੇ ਵਾਲੇ ਬਲੈਕ ਹੋਲ ਘਟਨਾ ਨਾਲ ਮਿਲਦੇ ਇੱਕ ਵਾਕੇ ਬਾਰੇ ਮੈਂ ਖ਼ੁਦ ਇੱਕ ਚਸ਼ਮਦੀਦ ਗਵਾਹ ਦੀ ਜ਼ੁਬਾਨੀ ਸੁਣਿਆ ਹੈ ਪਰ ਇਹ ਗੱਲ ਕਿਸੇ ਲਿਖਤ ਰਾਹੀਂ ਸਾਡੇ ਸਾਹਮਣੇ ਨਹੀਂ ਆਈ। ਇਹ ਗੱਲ ਬਲੂ ਸਟਾਰ ਸਾਕੇ ਮੌਕੇ ਭਾਰਤੀ ਫ਼ੌਜ ਦੇ ਸਰਾਂਵਾਂ ਵਾਲੇ ਪਾਸੇ ਕਬਜ਼ੇ ਮੌਕੇ ਦੀ ਹੈ। ਗੁਰੂ ਰਾਮਦਾਸ ਸਰਾਂ ਦੇ ਮੁੱਖ ਗੇਟ ਦੇ ਠੀਕ ਸੱਜੇ ਪਾਸੇ (ਗੁਰੂ ਨਾਨਕ ਨਿਵਾਸ ਵੱਲ) ਵਾਲੇ ਇੱਕ ਕਮਰੇ ਵਿੱਚ ਜਿੱਥੇ ਅੱਜ-ਕੱਲ੍ਹ ਡਿਸਪੈਂਸਰੀ ਬਣੀ ਹੋਈ ਹੈ ਲਗਭਗ 55-60 ਬੰਦੇ ਸਾਰੀ ਰਾਤ ਤਾੜੀ ਰੱਖੇ ਅਗਲੇ ਦਿਨ ਜਦੋਂ ਕਮਰਾ ਖੋਲ੍ਹਿਆ ਤਾਂ ਇਹਨਾਂ ਵਿੱਚੋਂ ਮਸਾਂ 4-5 ਬੰਦੇ ਜਿਉਂਦੇ ਬਚੇ। ਇਹਨਾਂ ਵਿੱਚ ਇੱਕ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ (ਸੇਵਾਦਾਰ) ਵੀ ਜਿਊਂਦਾ ਬਚਿਆ ਸੀ। ਇਸ ਬਿਰਧ ਸੇਵਾਦਾਰ ਮੁਲਾਜ਼ਮ ਦਾ ਮੈਨੂੰ ਨਾਂਅ ਨਹੀਂ ਪਤਾ ਪਰ ਉਹਨੇ ਉਸ ਕਮਰੇ ਵੱਲ ਇਸ਼ਾਰਾ ਕਰਕੇ ਵੀ ਦੱਸਿਆ ਸੀ ।ਇਹ ਗੱਲ ਨਵੰਬਰ 1984 ਦੀ ਹੈ ਜਿਸ ਦਿਨ ਜੇਲ੍ਹ ਵਿੱਚ ਬੰਦ ਗੁਰਚਰਨ ਸਿੰਘ ਟੌਹੜਾ ਨੂੰ ਮੁੜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਸੀ । ਉਸ ਦਿਨ ਰਾਤ ਨੂੰ ਮੇਰਾ ਗੁਰੂ ਰਾਮਦਾਸ ਸਰਾਂ ਵਿੱਚ ਰਹਿਣ ਦਾ ਸਬੱਬ ਬਣਿਆ ਸੀ।
ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ ਮਾਸਟਰ ਅਜੀਤ ਸਿੰਘ ਸੇਖੋਂ ਨਾਲ ਮੇਰੀ ਚੰਗੀ ਜਾਣ-ਪਛਾਣ ਸੀ ਉਹਨਾਂ ਨੇ ਹੀ ਸਾਨੂੰ ਸਰਾਂ ਵਿੱਚ ਕਮਰਾ ਲੈ ਕੇ ਦਿੱਤਾ ਸੀ। ਸ਼ਾਇਦ ਸੇਖੋਂ ਸਾਹਿਬ ਵੀ ਸਾਡੇ ਕਮਰੇ ਵਿੱਚ ਜਾਂ ਨਾਲ ਦੇ ਕਮਰੇ ਵਿੱਚ ਠਹਿਰੇ ਸਨ। ਨਵੰਬਰ ਦਾ ਆਖ਼ਰੀ ਹਫ਼ਤਾ ਸੀ ਦਿਨ ਢਲੇ ਅਸੀਂ ਸੇਖੋਂ ਸਾਹਿਬ ਨਾਲ ਟਾਈਮ ਪਾਸ ਕਰਨ ਖ਼ਾਤਰ ਸਰਾਂ ਦੇ ਇੰਚਾਰਜ ਵਾਲੇ ਦਫ਼ਤਰ ਵਿੱਚ ਜਾ ਬੈਠੇ। ਉੱਥੇ ਡਿਊਟੀ ਤੇ ਹਾਜ਼ਰ ਉਸ ਬਜ਼ੁਰਗ ਸੇਵਾਦਾਰ ਨੇ ਸਾਨੂੰ ਦੱਸਿਆ ਕਿ ਵਿੱਚ ਫ਼ੌਜ ਨੇ ਸਣੇ ਮੈਨੂੰ ਇਸ ਕਮਰੇ ਵਿੱਚ ਸਾਰੀ ਰਾਤ ਤਾੜੀ ਰੱਖਿਆ ਸੀ। ਬਾਹਰੋਂ ਦਰਵਾਜ਼ੇ ਨੂੰ ਕੁੰਡਾ ਮਾਰ ਦਿੱਤਾ। ਫ਼ੌਜੀ ਸਾਡੇ ਵੱਲੋਂ ਦਰਵਾਜ਼ਾ ਖੜਕਾਉਣ ਤੇ ਫਾਇਰ ਦਾ ਬਰੱਸਟ ਮਾਰਨ ਦੀਆਂ ਧਮਕੀਆਂ ਦਿੰਦੇ ਅਤੇ ਗੱਲਾਂ ਕੱਢਦੇ ਸੀ। ਇਹ ਕਮਰਾ ਮਸਾਂ 12 ਫੁੱਟ ਲੰਮਾ ਅਤੇ 12 ਫੁੱਟ ਚੌੜਾ ਹੋਵੇਗਾ 55 ਬੰਦੇ ਇੱਕ ਇਹੋ ਜੇਹੀ ਕੋਠੜੀ ਵਿੱਚ ਬੰਦ ਸਨ ਜਿਹੜੀ ਚਾਰ ਚੁਫੇਰਿਓਂ ਬੰਦ ਸੀ। ਜੂਨ ਦੀ ਗਰਮੀ ਵਿੱਚ ਸਾਹ ਘੁਟਣ ਕਰਕੇ 4-5 ਬੰਦਿਆਂ ਨੂੰ ਛੱਡ ਕੇ ਬਾਕੀ ਸਾਰੇ ਮਾਰੇ ਗਏ। ਸੇਵਾਦਾਰ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਦੱਸੀਆਂ ਜੋ ਹੁਣ ਚੇਤੇ ਨਹੀਂ। ਉਦੋਂ ਮੇਰੀ ਉਮਰ 24 ਸਾਲ ਦੀ ਸੀ। ਉਦੋਂ ਇਹ ਨਹੀਂ ਸੀ ਚੱਜ ਕਿ ਸੇਵਾਦਾਰ ਦੀਆਂ ਸਾਰੀਆਂ ਗੱਲਾਂ ਨੋਟ ਕਰਾਂ ਅਤੇ ਉਹਦਾ ਨਾ ਪਤਾ ਵੀ ਲਿਖ ਲਵਾਂ।
ਉਦੋਂ ਇਉਂ ਜਾਪਦਾ ਸੀ ਕਿ ਜਿੱਥੇ ਐਡਾ ਵੱਡਾ ਘੱਲੂਘਾਰਾ ਹੋਇਆ, ਤਾਂ ਇਹ ਵਾਅਕਾ ਉਸ ਵਿੱਚ ਇੱਕ ਛੋਟੀ ਘਟਨਾ ਹੀ ਹੈ। ਪਰ ਇੱਕ ਦਿਨ ਫੋਰਟ ਵਿਲੀਅਮ ਵਾਲੇ ਬਲੈਕ ਹੋਲ ਸਾਕੇ ਦੀ ਇਤਿਹਾਸਕ ਅਹਿਮੀਅਤ ਬਾਰੇ ਪੜ੍ਹਦਿਆਂ ਮੇਰੇ ਜ਼ਿਹਨ ਵਿੱਚ ਆਇਆ ਕਿ ਇਸਦੇ ਨਾਲ ਦਾ ਬਲੈਕ ਹੋਲ ਸਾਕਾ ਤਾਂ ਸਾਡੀ ਗੁਰੂ ਰਾਮਦਾਸ ਸਰਾਂ ਵਿੱਚ ਵੀ ਜੂਨ 1984 ਵੇਲੇ ਵਾਪਰਿਆ ਹੈ। ਇਸਦਾ ਸਾਕਾ ਬਲੂ ਸਟਾਰ ਦੇ ਇਤਿਹਾਸ ਵਿੱਚ ਜ਼ਿਕਰ ਨਾ ਹੋਣ ਦੀ ਹੈਰਾਨੀ ਵੀ ਹੋਈ।ਨਾਲੇ ਬਲੈਕ ਹੋਲ ਕਾਂਡ ਤਾਂ ਇੱਕ ਜੇਤੂ ਫ਼ੌਜ ਵੱਲੋਂ ਹਾਰੀ ਹੋਈ ਫ਼ੌਜ ਦੇ ਜਵਾਨਾਂ ਨਾਲ ਵਾਪਰਿਆ ਸੀ ਜੋ ਕਿ ਬਾਕਾਇਦਾ ਜੰਗੀ ਕੈਦੀ ਵੀ ਸਨ। ਪਰ ਗੁਰੂ ਰਾਮਦਾਸ ਸਰਾਂ ਵਾਲਾ ਕਾਂਡ ਭਾਰਤੀ ਫ਼ੌਜ ਵੱਲੋਂ ਆਪਣੇ ਹੀ ਮੁਲਕ ਦੇ ਸਿਵਲੀਅਨਾਂ ਨਾਲ ਵਰਤਾਇਆ ਗਿਆ ਸੀ ਜੋ ਲੜਾਕੂ ਵੀ ਨਹੀਂ ਸਨ।ਜਦੋਂ ਕਿਸੇ ਪਹਿਲੇ ਵਾਅਕੇ ਨਾਲ ਮਿਲਦਾ ਦੁਬਾਰਾ ਦੁਹਰਾਇਆ ਜਾਵੇ ਤਾਂ ਪਹਿਲੇ ਨੂੰ '1' ਤੇ ਦੂਜੇ ਨੂੰ '2' ਆਖਿਆ ਜਾਂਦਾ ਹੈ ਜਿਵੇਂ ਸੰਸਾਰ ਜੰਗ-1 ਤੇ ਸੰਸਾਰ ਜੰਗ-2. ਇਸ ਹਿਸਾਬ ਨਾਲ ਭਾਰਤੀ ਫ਼ੌਜ ਵੱਲੋਂ ਸਰਾਂ ਦੇ ਜਿਹੜੇ ਕਮਰੇ ਚ ਸਿੱਖਾਂ ਨੂੰ ਤਾੜ ਕੇ ਮਾਰਿਆ ਗਿਆ ਉਸ ਕਮਰੇ ਦਾ ਨੌਮਨਕਲੀਏਚਰ "ਬਲੈਕ ਹੋਲ-2" ਬਣਦਾ ਹੈ।
ਇਹ ਵੀ ਜ਼ਰੂਰ ਪੜ੍ਹੋ :
ਜਿਵੇਂ ਭਾਰਤ ਸਰਕਾਰ ਦਾ ਪੱਖ ਪੂਰਨ ਵਾਲੇ ਲਿਖਾਰੀਆਂ ਨੇ ਬਲ਼ੂ ਸਟਾਰ ਮੌਕੇ ਫ਼ੌਜ ਵੱਲੋਂ ਕੀਤੇ ਜ਼ੁਲਮਾਂ ਨੂੰ ਛੋਟਾ ਕਰਨ ਜਾਂ ਫ਼ੌਜ ਨੂੰ ਉੱਕਾ ਹੀ ਬਰੀ ਕਰਨ ਤੇ ਜ਼ੋਰ ਲਾਇਆ ਹੈ ਓਵੇਂ ਹੀ 1756 ਈਸਵੀ ਵਾਲੀ ਬਲੈਕ ਹੋਲ ਘਟਨਾ ਨੂੰ ਛੋਟੀ ਕਰਨ ਅਤੇ ਨਵਾਬ ਨੂੰ ਬਰੀ ਕਰਨ ਲਈ ਬਹੁਤੇ ਇਤਿਹਾਸਕਾਰਾਂ ਨੇ ਜ਼ੋਰ ਲਾਇਆ ਹੈ। ਇੱਕ ਬੰਗਾਲੀ ਪ੍ਰੋਫੈਸਰ ਬਰਜੇਨ ਗੁਪਤਾ ਨੇ 1950 ਵਿੱਚ ਲਿਖਿਆ ਹੈ ਕਿ ਬਲੈਕ ਹੋਲ ਵਿੱਚ 146 ਨਹੀਂ ਬਲਕਿ ਕੇਵਲ 64 ਅੰਗਰੇਜ਼ ਸਿਪਾਹੀ ਸੀਗੇ ਜਿਹਨਾਂ ਵਿੱਚੋਂ 21 ਜਿਉਂਦੇ ਬਚ ਗਏ ਸੀ।ਇਸੇ ਤਰਾਂ ਇੱਕ ਹੋਰ ਬੰਗਾਲੀ ਇਤਿਹਾਸਕਾਰ ਪ੍ਰੋਫੈਸਰ ਮਜੂਮਦਾਰ ਨੇ ਕਿਹਾ ਕਿ 18 ਜਰਬ 14 ਫੁੱਟ ਵਾਲੇ ਕਮਰੇ ਵਿੱਚ 65 ਤੋਂ ਵੱਧ ਬੰਦੇ ਨਹੀਂ ਬੈਠ ਸਕਦੇ ਵਰਗੀਆਂ ਤਕਨੀਕੀ ਘੁੰਤਰਾਂ ਨਾਲ ਘਟਨਾ ਨੂੰ ਛੋਟੀ ਕਰਨ ਦਾ ਜਤਨ ਕੀਤਾ ਹੈ। ਇਸੇ ਤਰਾਂ ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਅਜਿਹਾ ਕੋਈ ਵਾਅਕਾ ਹੋਇਆ ਹੀ ਨਹੀਂ ਜਦਕਿ ਕਈਆਂ ਨੇ ਇਸਨੂੰ ਝੂਠੀ ਘਟਨਾ ਕਹਿੰਦਿਆਂ ਇਹਨੂੰ ਇਤਿਹਾਸ ਦਾ ਇੱਕ ਘੋਟਾਲਾ ਕਰਾਰ ਦੇ ਦਿੱਤਾ ਹੈ।
ਸਰਾਂ ਵਾਲੇ ਇਸ ਵਾਅਕੇ ਦੇ ਇਤਿਹਾਸ ਦਾ ਕਿਤੇ ਉੱਭਰਵਾਂ ਜ਼ਿਕਰ ਨਾਂ ਹੋਣ ਕਰਕੇ ਭਲਕੇ ਇਸ ਭਾਣੇ ਦੇ ਵਾਪਰਨ ਤੇ ਹੀ ਸਵਾਲ ਖੜੇ ਹੋਣਗੇ।ਇਸ ਭਾਣੇ ਦੇ ਚਸ਼ਮਦੀਦ ਗਵਾਹ ਅਜੇ ਵੀ ਜਿਉਂਦੇ ਹੋ ਸਕਦੇ ਨੇ। ਇਸਨੂੰ ਸਾਹਮਣੇ ਲਿਆਉਣ ਵਿੱਚ ਸ਼੍ਰੋਮਣੀ ਕਮੇਟੀ ਦਾ ਸਹਿਯੋਗ ਲਾਜ਼ਮੀ ਹੈ। ਉਸ ਸੇਵਾਦਾਰ ਨੇ ਇਹ ਘਟਨਾ ਹੋਰ ਵੀ ਬਹੁਤ ਬੰਦਿਆਂ ਨੂੰ ਸੁਣਾਈ ਹੋਣੀ ਹੈ ਘੱਟੋ-ਘੱਟ ਸ਼੍ਰੋਮਣੀ ਕਮੇਟੀ ਦੇ ਕਈ ਮੁਲਾਜ਼ਮ ਅਜੇ ਵੀ ਨੌਕਰੀ ਤੇ ਹੋਣਗੇ ਜਿਹਨਾ ਨੇ ਇਸ ਘਟਨਾ ਬਾਰੇ ਸੁਣਿਆ ਹੋਵੇਗਾ। ਅਜਿਹੇ ਮੁਲਾਜ਼ਮ ਉਸ ਚਸ਼ਮਦੀਦ ਸੇਵਾਦਾਰ ਦਾ ਨਾਂਅ ਪਤਾ ਦੱਸ ਸਕਦੇ ਨੇ। ਜੇ ਉਹ ਸੇਵਾਦਾਰ ਠੀਕ-ਠਾਕ ਹੋਵੇ ਤਾਂ ਖ਼ੈਰ ਹੈ। ਨਹੀਂ ਤਾਂ ਉਸਦੇ ਪਰਿਵਾਰਕ ਮੈਂਬਰਾਂ ਤੋਂ ਸਾਰੇ ਹਾਲਾਤ ਦਾ ਪਤਾ ਕਰਨਾ ਚਾਹੀਦਾ ਹੈ।
ਨਹੀਂ ਤਾਂ ਕੱਲ੍ਹ ਨੂੰ ਜੇ ਇਸ ਘਟਨਾ ਦਾ ਜ਼ਿਕਰ ਕਰੇਗਾ ਤਾਂ ਕੋਈ ਹੋਰ ਗੁਪਤਾ ਜਾਂ ਮਜ਼ੂਮਦਾਰ ਵਰਗਾ ਇਸ ਤੋਂ ਇਤਿਹਾਸ ਦਾ ਝੂਠ ਵਾਲਾ ਲੇਬਲ ਲਾਊਗਾ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਸੀ ਕਿ ਉਹ ਇਸ ਕਮਰੇ ਨੂੰ ਯਾਦਗਾਰ ਵਜੋਂ ਸੰਭਾਲਦੀ ਤੇ ਘੱਟੋ ਘੱਟ ਉੱਥੇ ਇੱਕ ਤਖ਼ਤੀ ਹੀ ਲਾਈ ਜਾਂਦੀ ਪਰ ਕਮੇਟੀ ਤਾਂ ਗੁਰੂ ਰਾਮਦਾਸ ਸਰਾਂ ਨੂੰ ਹੀ ਮਲੀਆ ਮੇਟ ਕਰਨ ਦੇ ਰਾਹ ਪਈ ਹੋਈ ਹੈ।ਸਰਾਂ ਦੇ ਅੰਦਰਲੇ ਵਿਹੜੇ ਦੀ ਡੂੰਘਾਈ ਖ਼ਤਮ ਕਰ ਕੇ ਸਰਾਂ ਦਾ ਹੁਲੀਆ ਪਹਿਲਾਂ ਹੀ ਖ਼ਤਮ ਕਰ ਦਿੱਤਾ ਹੈ। ਹੁਣ ਪੰਥਕ ਹਲਕਿਆਂ ਨੂੰ ਚਾਹੀਦਾ ਹੈ ਕਿ ਗੁਰੂ ਰਾਮਦਾਸ ਸਰਾਂ ਜਿੱਥੇ ਜਲਿਆਂ ਵਾਲੇ ਬਾਗ਼ ਵਰਗਾ ਸਾਕਾ ਭਾਰਤੀ ਫ਼ੌਜ ਨੇ ਵਰਤਾਇਆ ਹੈ ਉਹਨੂੰ ਜਲਿਆਂ ਵਾਲੇ ਬਾਗ਼ ਵਾਂਗ ਸੰਭਾਲ ਕੇ ਰੱਖਣ ਲਈ ਸ਼੍ਰੋਮਣੀ ਕਮੇਟੀ ਤੇ ਜ਼ੋਰ ਪਾਉਣ।ਘੱਟੋ ਘੱਟ ਸ਼ਰੋਮਣੀ ਕਮੇਟੀ ਨੂੰ ਇਹ ਵੰਗਾਰ ਪਾਉਣ ਕਿ ਕੀ ਕਮੇਟੀ ਸਿਰਫ਼ ਇਕ ਬਿਆਨ ਦੇ ਕੇ ਦਿਖਾ ਸਕਦੀ ਹੈ ਜੀਹਦੇ ਸਰਕਾਰ ਤੋਂ ਇਹ ਮੰਗ ਕੀਤੀ ਹੋਵੇ ਕਿ ਜਲਿਆਂ ਵਾਲੇ ਬਾਗ਼ ਵਾਲੀ ਥਾਂ ਸਾਨੂੰ ਕਮਰੇ ਪਾਉਣ ਖ਼ਾਤਰ ਦੇ ਦਿਓ ਜੀਹਦੇ ਬਦਲੇ ਅਸੀਂ ਮੂੰਹ ਮੰਗੀ ਕੀਮਤ ਦੇਣ ਨੂੰ ਤਿਆਰ ਹਾਂ।
ਗੁਰਪ੍ਰੀਤ ਸਿੰਘ ਮੰਡਿਆਣੀ 8872664000