ਗ੍ਰਿਫ਼ਤਾਰੀ ਤੱਕ ਮ੍ਰਿਤਕ ਦੇਹ ਦਾ ਸਸਕਾਰ ਨਾ ਕਰਨ ਦੀ ਚਿਤਾਵਨੀ
ਸੰਜੀਵ ਜਿੰਦਲ
ਮਾਨਸਾ, 03 ਅਗਸਤ 2021 : ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਪਿੰਡ ਫਫੜੇ ਭਾਈਕੇ ਦੇ ਦਲਿਤ ਮਜ਼ਦੂਰ ਵਿੱਕੀ ਸਿੰਘ ਨੂੰ ਕਥਿਤ ਤੌਰ ’ਤੇ ਆਤਮਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਹੇਠ ਜ਼ਿਮੀਂਦਾਰ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਰੋਸ ਵਜੋਂ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ।
ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਖੁਦਕੁਸ਼ੀ ਲਈ ਕਸੂਰਵਾਰ ਵਿਅਕਤੀ ਨੂੰ ਗ੍ਰਿਫ਼ਤਾਰ ਨਾ ਕਰਨ ਤੱਕ ਉਸ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਮਾਰਚ ਦੌਰਾਨ ਦਲਿਤਾਂ ਉੱਪਰ ਹੋ ਰਹੇ ਅੱਤਿਆਚਾਰ ਨੂੰ ਲੈ ਕੇ ਮਜ਼ਦੂਰ-ਕਿਸਾਨ ਏਕਤਾ ਦਾ ਨਾਅਰਾ ਮਾਰਨ ਵਾਲੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਧਾਰੀ ਚੁੱਪ ਦੀ ਵੀ ਨਿਖੇਧੀ ਕੀਤੀ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਨੇ ਕਿਹਾ ਕਿ ਪੰਜਾਬ ਸਮੇਤ ਮਾਨਸਾ ਅੰਦਰ ਦਲਿਤ ਉੱਪਰ ਹੋ ਰਹੇ ਅੱਤਿਆਚਾਰ ਸਬੰਧੀ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਦਾ ਰੋਲ ਨਿਰੋਲ ਦਲਿਤ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਅੰਦਰ ਦਲਿਤ ਮਜ਼ਦੂਰਾਂ ਨੂੰ ਲਾਮਬੰਦ ਕਰਕੇ ਰਾਜ ਅੰਦਰ ਵੱਡਾ ਮਜ਼ਦੂਰ ਅੰਦੋਲਨ ਚਲਾਇਆ ਜਾਵੇਗਾ। ਇਸ ਮੌਕੇ ਰਾਜਵਿੰਦਰ ਸਿੰਘ ਰਾਣਾ, ਨਿੱਕਾ ਸਿੰਘ ਬਹਾਦਰਪੁਰ, ਵਿਜੈ ਭੀਖੀ, ਮਨਜੀਤ ਕੌਰ ਜੋਗਾ, ਭੋਲਾ ਸਿੰਘ ਝੱਬਰ, ਕ੍ਰਿਸ਼ਨਾ ਕੌਰ, ਜਰਨੈਲ ਸਿੰਘ ਮਾਨਸਾ, ਨਾਹਰਜੀਤ ਸਿੰਘ ਝੱਬਰ, ਜੀਤ ਬੋਹਾ, ਸੁਖਵਿੰਦਰ ਬੋਹਾ, ਮੇਲਾ ਹੀਰੋ, ਬਲਵਿੰਦਰ ਘਰਾਂਗਣਾ, ਪਰਮਜੀਤ ਡਸਕਾ, ਸੁਖਜੀਤ ਰਾਮਾਂਨੰਦੀ, ਗੁਲਾਬ ਖੀਵਾ, ਵਿੰਦਰ ਕੌਰ ਉੱਡਤ ਤੇ ਮਨਜੀਤ ਕੌਰ ਨੇ ਵੀ ਸੰਬੋਧਨ ਕੀਤਾ।
ਇਸੇ ਦੌਰਾਨ ਪਿੰਡ ਫਫੜੇ ਭਾਈਕੇ ਦੇ ਸਰਪੰਚ ਅਤੇ ਮਾਰਕੀਟ ਕਮੇਟੀ ਭੀਖੀ ਦੇ ਚੇਅਰਮੈਨ ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਕੁਝ ਲੋਕ ਕਿਸਾਨ-ਮਜ਼ਦੂਰ ਧਿਰਾਂ ਵਿੱਚ ਪਾੜਾ ਪਾ ਕੇ ਸਿਆਸੀ ਲਾਹਾ ਲੈਣ ਲਈ ਅੰਦੋਲਨ ਚਲਾ ਰਹੇ ਹਨ, ਜੋ ਭਾਈਚਾਰਕ ਸਾਂਝ ਲਈ ਨੁਕਸਾਨਦਾਇਕ ਹੈ।