ਪੜੇ ਲਿਖੇ ਨੌਜਵਾਨਾਂ ਰੁਜ਼ਗਾਰ ਪ੍ਰਾਪਤੀ ਲਈ ਜਿਲ੍ਹਾ ਰੁਜਗਾਰ ਦਫਤਰ ਵਿਖੇ ਆਪਣਾ ਨਾਮ ਦਰਜ ਕਰਵਾਉਣ-ਹਰਮੇਸ਼ ਕੁਮਾਰ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ 03 ਅਗਸਤ 2021: ਪੰਜਾਬ ਸਰਕਾਰ ਵੱਲੋਂ ਘਰ ਘਰ ਰੁਜਗਾਰ ਮੁਹਿੰਮ ਤਹਿਤ ਲਗਾਏ ਜਾਂਦੇ ਰੋਜ਼ਗਾਰ ਮੇਲਿਆਂ ਤੋਂ ਇਲਾਵਾ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਕੀਤੇ ਜਾ ਰਹੇ ਮਾਰਗ ਦਰਸ਼ਨ ਅਤੇ ਹੋਰ ਸਹਾਇਤਾ ਨਾਲ ਵੱਡੀ ਪੱਧਰ ਤੇ ਨੋਜਵਾਨਾਂ ਨੂੰ ਵੱਖ ਵੱਖ ਸਰਕਾਰੀ ਤੇ ਗੈਰ ਸਰਕਾਰੀ ਕੰਪਨੀਆਂ ਵਿੱਚ ਨੌਕਰੀਆਂ ਪ੍ਰਾਪਤ ਕਰਨ ਵਿੱਚ ਵੱਡੀ ਮਦਦ ਅਤੇ ਅਗਵਾਈ ਮਿਲ ਰਹੀ ਹੈ।
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅਫ਼ਸਰ ਹਰਮੇਸ਼ ਕੁਮਾਰ ਨੇ ਦੱਸਿਆ ਕਿ ਮਿਸ਼ਨ ਘਰ ਘਰ ਰੁਜਗਾਰ ਤਹਿਤ ਲੋੜਵੰਦ ਪੜ੍ਹੇ-ਲਿਖੇ ਨੌਜਵਾਨ ਲੜਕੇ ਲੜਕੀਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਵੱਖ-ਵੱਖ ਸੰਸਥਾਵਾਂ ਅਤੇ ਉਦਯੋਗਾਂ/ ਪ੍ਰਾਈਵੇਟ ਅਦਾਰਿਆਂ ਵਿਚ ਨੌਕਰੀ ਮੁੱਹਈਆ ਕਰਵਾਉਣ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਹੁਲਾਰਾ ਮਿਲ ਰਿਹਾ ਹੈ ਤੇ ਪਿਛਲੇ ਸਮੇਂ ਵਿੱਚ ਅਨੇਕਾਂ ਨੌਜਵਾਨ ਲੜਕੇ ਲੜਕੀਆਂ ਨੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੁਆਰਾ ਲਗਾਏ ਜਾਂਦੇ ਪਲੇਸਮੈਂਟ ਕੈਂਪਾਂ ਦਾ ਲਾਹਾ ਲੈ ਕੇ ਰੁਜ਼ਗਾਰ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਬੇਰੁਜ਼ਗਾਰਾਂ ਨੂੰ ਆਪਣਾ ਰੁਜ਼ਗਾਰ ਸ਼ੁਰੂ ਕਰਨ ਵਿੱਚ ਕਰਜੇ ਦੇ ਰੂਪ ਵਿੱਚ ਵਿੱਤੀ ਮਦਦ ਮਿਲੀ ਹੈ। ਇਸ ਮਿਸ਼ਨ ਨੂੰ ਤੇਜ਼ੀ ਨਾਲ ਸਫ਼ਲਤਾ ਵੱਲ ਲਿਜਾਣ ਲਈ ਜ਼ਿਲ੍ਹਾ ਪੱਧਰੀ ਰੋਜ਼ਗਾਰ ਦਫ਼ਤਰ ਅਹਿਮ ਭੂਮਿਕਾ ਨਿਭਾਅ ਰਿਹਾ ਹੈ।
ਜਿਲ੍ਹੇ ਦੇ ਕੋਟਕਪੂਰਾ ਦੇ ਦੁਆਰੇਆਣਾ ਰੋਡ ਦੀ ਨਿਵਾਸੀ ਰਜ਼ਨੀ ਵੀ ਖੁਸ਼ਕਿਸਮਤ ਲੜਕੀ ਹੈ, ਜਿਸ ਨੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਫਰੀਦਕੋਟ ਵਿੱਚ ਆਪਣਾ ਇਨਰੋਲਮੈਂਟ ਕਰਵਾਉਣ ਅਤੇ ਪਲੇਸਮੈਂਟ ਕੈਂਪ ਦਾ ਫਾਇਦਾ ਉਠਾ ਕੇ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਪ੍ਰਾਪਤ ਕੀਤੀ ਹੈ। ਰਜ਼ਨੀ ਨੇ ਦੱਸਿਆ ਕਿ ਉਹ ਗ੍ਰੈਜੂਏਟ ਹੈ । ਉਸ ਨੂੰ ਆਪਣੇ ਪਰਿਵਾਰ ਦਾ ਸਹਾਰਾ ਬਣਨ ਲਈ ਕਿਸੇ ਵੀ ਤਰ੍ਹਾਂ ਦੀ ਪ੍ਰਾਈਵੇਟ ਨੌਕਰੀ ਦੀ ਭਾਲ ਸੀ । ਉਸ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਸ ਨੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਫਰੀਦਕੋਟ ਵਿਖੇ ਆਪਣਾ ਨਾਮ ਦਰਜ ਕਰਵਾਇਆ ਅਤੇ ਉਨ੍ਹਾਂ ਵੱਲੋਂ ਦਿੱਤੀ ਗਈ ਗਾਈਡੈਂਸ ਅਨੁਸਾਰ ਪਿਛਲੇ ਦਿਨੀਂ ਲਗਾਏ ਗਏ ਪਲੇਸਮੈਂਟ ਕੈਂਪ ਵਿੱਚ ਭਾਗ ਲਿਆ ਅਤੇ ਇਸ ਕੈਂਪ ਵਿੱਚ ਐਸ.ਬੀ.ਆਈ. ਲਾਈਫ ਕੰਪਨੀ ਦੇ ਨੁਮਾਇੰਦਿਆਂ ਵੱਲੋਂ ਉਸ ਦੀ ਇੰਟਰਵਿਊ ਲਈ ਗਈ। ਉਸ ਨੇ ਕਿਹਾ ਕਿ ਇੰਟਰਵਿਊ ਸਫ਼ਲ ਰਹਿਣ ਤੇ ਕੰਪਨੀ ਵਿਚ ਬਤੌਰ ਅਡਵਾਈਜ਼ਰ ਦੇ ਪ੍ਰੋਫਾਈਲ ਤੇ ਸਿਲੈਕਸ਼ਨ ਦਾ ਨਿਯੁਕਤੀ ਪੱਤਰ ਦਿੱਤਾ ਗਿਆ । ਰਜ਼ਨੀ ਨੇ ਇਸ ਉਪਰਾਲੇ ਲਈ ਪੰਜਾਬ ਸਰਕਾਰ ਅਤੇ ਜਿਲ੍ਹਾ ਰੁਜਗਾਰ ਦਫਤਰ ਦਾ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਹੁਣ ਮੈਂ ਆਪਣੇ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰ ਸਕਾਂਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਘਰ ਘਰ ਰੁਜ਼ਗਾਰ ਮੁਹਿੰਮ ਦਾ ਬਾਕੀ ਪੜੇ ਲਿਖੇ ਨੌਜਵਾਨਾਂ ਨੂੰ ਵੀ ਰੁਜ਼ਗਾਰ ਪ੍ਰਾਪਤੀ ਲਈ ਉਸ ਵਾਂਗ ਫਾਇਦਾ ਉਠਾਉਣਾ ਚਾਹੀਦਾ ਹੈ।