ਅਸ਼ੋਕ ਵਰਮਾ
ਬਠਿੰਡਾ, 03 ਅਗਸਤ 2021: ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕੀਆਂ ਸੂਬੇ ਭਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਹੁਣ ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਕਾਂਗਰਸੀ ਮੰਤਰੀਆਂ ਦੇ ਘਰਾਂ ਅੱਗੇ ਦੋ ਦੋ ਦਿਨ ਭੁੱਖ ਹੜਤਾਲ ਰੱਖਣ ਅਤੇ ਉਨ੍ਹਾਂ ਦੇ ਘਰਾਂ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ ਜਿਸ ਦੀ ਸ਼ੁਰੂਆਤ 7 ਅਤੇ 8 ਅਗਸਤ ਨੂੰ ਅੰਮਿ੍ਰਤਸਰ ਵਿਖੇ ਮੰਤਰੀ ਉ ਪੀ ਸੋਨੀ ਦੇ ਘਰ ਦਾ ਘਿਰਾਓ ਕਰਕੇ ਕੀਤੀ ਜਾ ਰਹੀ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੱਸਿਆ ਕਿ ਇਨ੍ਹਾਂ ਰੋਸ ਪ੍ਰਦਰਸ਼ਨਾਂ ਦੌਰਾਨ ਵਰਕਰਾਂ ਤੇ ਹੈਲਪਰਾਂ ਆਪਣੇ ਖੂਨ ਨਾਲ ਮੰਗ ਪੱਤਰ ਲਿਖ ਕੇ ਮੰਤਰੀਆਂ ਨੂੰ ਇਹ ਮੰਗ ਪੱਤਰ ਮੁੱਖ ਮੰਤਰੀ ਦੇ ਨਾਮ ਦੇਣਗੀਆਂ ।
ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ 14 ਅਤੇ 15 ਅਗਸਤ ਨੂੰ ਗੁਰੂ ਹਰਸਹਾਏ ਵਿਖੇ ਰਾਣਾ ਸੋਢੀ ਦੇ ਘਰ ਦਾ ਘਿਰਾਓ ਕੀਤਾ ਜਾਏਗਾ ਜਦੋਂਕਿ 24 ਅਤੇ 25 ਅਗਸਤ ਨੂੰ ਮੋਰਿੰਡਾ ਵਿਖੇ ਚਰਨਜੀਤ ਸਿੰਘ ਚੰਨੀ, 28 ਅਤੇ 29 ਅਗਸਤ ਨੂੰ ਪਿੰਡ ਬਾਦਲ ਵਿਖੇ ਮਨਪ੍ਰੀਤ ਸਿੰਘ ਬਾਦਲ, 4 ਅਤੇ 5 ਸਤੰਬਰ ਨੂੰ ਦੀਨਾਨਗਰ ਵਿਖੇ ਅਰੁਣਾ ਚੌਧਰੀ, 11 ਅਤੇ 12 ਸਤੰਬਰ ਨੂੰ ਕਾਂਗੜ ਵਿਖੇ ਗੁਰਪ੍ਰੀਤ ਸਿੰਘ ਕਾਂਗੜ, 18 ਅਤੇ 19 ਸਤੰਬਰ ਨੂੰ ਸੰਗਰੂਰ ਵਿਖੇ ਵਿਜੇ ਇੰਦਰ ਸਿੰਗਲਾ ਅਤੇ 25 ਤੇ 26 ਸਤੰਬਰ ਨੂੰ ਮਲੇਰਕੋਟਲਾ ਵਿਖੇ ਰਜੀਆ ਸੁਲਤਾਨਾ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ । ਉਹਨਾਂ ਦੱਸਿਆ ਕਿ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਨ ਲਈ ਵਰਕਰਾਂ ਅਤੇ ਹੈਲਪਰਾਂ ’ਚ ਭਾਰੀ ਉਤਸ਼ਾਹ ਹੈ ਅਤੇ ਜਥੇਬੰਦੀ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ।
ਸੂਬਾ ਪ੍ਰਧਾਨ ਨੇ ਸਾਲ 2017 ’ਚ ਆਂਗਣਵਾੜੀ ਸੈਂਟਰਾਂ ਚੋਂ ਸਰਕਾਰੀ ਸਕੂਲਾਂ ’ਚ ਦਾਖਲ ਕਰਨ ਲਈ ਖੋਹੇ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਸਮਝੌਤੇ ਅਨੁਸਾਰ ਵਾਪਸ ਸੈਂਟਰਾਂ ਵਿੱਚ ਭੇਜਣ, ਆਂਗਣਵਾੜੀ ਵਰਕਰ ਨੂੰ ਨਰਸਰੀ ਟੀਚਰ ਦਾ ਦਰਜਾ ਦੇਣ, ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਅਦਾ ਕਰਨ, ਐਨ ਜੀ ਓ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਮੁੱਖ ਵਿਭਾਗ ’ਚ ਲਿਆਦੀਆਂ ਜਾਣ, ਵਰਕਰ ਨੂੰ 500 ਰੁਪਏ ਤੇ ਹੈਲਪਰ ਨੂੰ 250 ਰੁਪਏ ਉਤਸ਼ਾਹਵਰਧਕ ਰਾਸ਼ੀ ਦੇਣ, ਪੀ ਐਮ ਵੀ ਵਾਈ ਦੇ 2017 ਤੋਂ ਬਕਾਏ ਜਾਰੀ ਕਰਨ, ਸਰਕਲ ਮੀਟਿੰਗ ਦਾ ਕਿਰਾਇਆ 200 ਰਪਏ ਅਦਾ ਕਰਨ, ਸਾਲ 2015 ’ਚ ਧੋਖਾਧੜੀ ਨਾਲ ਬਣੀਆਂ ਸੁਪਰਵਾਈਜ਼ਰਾਂ ਖਿਲਾਫ ਪੁਲਿਸ ਕੇਸ ਦਰਜ ਅਤੇ ਬਰਖਾਸਤ ਕਰਨ, ਬਾਲਣ ਦੀ ਰਾਸ਼ੀ ਇੱਕ ਰੁਪਿਆ ਅਦਾਇਗੀ, ਵਰਕਰਾਂ ਨੂੰ ਸਮਾਰਟ ਫੋਨ ਅਤੇ ਮਿੰਨੀ ਆਂਗਣਵਾੜੀ ਵਰਕਰ ਨੂੰ ਪੂਰੀ ਆਂਗਣਵਾੜੀ ਵਰਕਰ ਦਾ ਦਰਜਾ ਦੇਣ ਦੀ ਮੰਗ ਕੀਤੀ।