ਐਸ.ਡੀ.ਐਮ ਨੇ ਅਧਿਕਾਰੀਆਂ ਦੀਆਂ ਲਗਾਈਆਂ ਡਿਉਟੀਆਂ, ਸੰਗਤਾਂ ਲਈ ਸਹੂਲਤਾਂ ਉਪਲੱਬਧ ਕਰਵਾਉਣ ਦੇ ਨਿਰਦੇਸ਼
ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ 03 ਅਗਸਤ 2021: ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀ ਪੀਠ ਮਾਤਾ ਸ੍ਰੀ ਨੈਣਾ ਦੇਵੀ ਹਿਮਾਚਲ ਪ੍ਰਦੇਸ਼ ਵਿਖੇ 9 ਤੋ 17 ਅਗਸਤ ਤੱਕ ਚੱਲਣ ਵਾਲੇ ਸਾਵਣ ਅਸ਼ਟਮੀ ਦੇ ਮੇਲੇ ਦੋਰਾਨ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਚ ਸ਼ਰਧਾਲੂਆਂ ਦੀ ਸਹੂਲਤ ਲਈ ਢੁਕਵੇਂ ਤੇ ਲੋੜੀਂਦੇ ਪ੍ਰਬੰਧ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆ ਗਈਆ ਹਨ, ਤਾਂ ਜ਼ੋ ਸੰਗਤਾਂ ਨੂੰ ਮੇਲੇ ਦੋਰਾਨ ਕੋਈ ਦਿੱਕਤ ਪੇਸ਼ ਨਾ ਆਵੇ। ਇਹ ਜਾਣਕਾਰੀ ਸ੍ਰੀ ਕੇਸ਼ਵ ਗੋਇਲ ਪੀ.ਸੀ.ਐਸ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਨੂੰ ਅੱਜ ਤਹਿਸੀਲ ਕੰਪਲੈਕਸ ਸ੍ਰੀ ਅਨੰਦਪੁਰ ਸਾਹਿਬ ਵਿਚ ਉਪ ਮੰਡਲ ਦੇ ਅਧਿਕਾਰੀਆਂ ਦੀ ਇੱਕ ਮੀਟਿੰਗ ਦੋਰਾਨ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮਾਤਾ ਸ੍ਰੀ ਨੈਣਾ ਦੇਵੀ ਜਾਣ ਵਾਲੇ ਸ਼ਰਧਾਲੂ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਰਸਤੇ ਹਿਮਾਚਲ ਪ੍ਰਦੇਸ਼ ਜਾਂਦੇ ਹਨ ਅਤੇ ਸ਼ਰਧਾਲੂ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਸਥਿਤ ਗੁਰਧਾਮਾ ਦੇ ਦਰਸ਼ਨ ਵੀ ਕਰਦੇ ਹਨ।ਇਸ ਲਈ ਇਨ੍ਹਾਂ ਦੋਵੇ ਨਗਰਾਂ ਵਿਚ ਸੰਗਤਾਂ ਦੀ ਭਾਰੀ ਆਮਦ ਰਹਿੰਦੀ ਹੈ।ਦਿਨ ਰਾਤ ਭਾਰੀ ਗਿਣਤੀ ਵਿਚ ਸੰਗਤਾਂ ਦੇ ਆਉਣ ਜਾਉਣ ਕਾਰਨ ਇਥੇ ਵਿਸ਼ੇਸ ਪ੍ਰਬੰਧ ਕਰਨ ਦੀ ਜਰੂਰਤ ਹੈ।
ਐਸ.ਡੀ.ਐਮ ਨੇ ਦੱਸਿਆ ਕਿ ਮੇਲੇ ਦੋਰਾਨ ਰਾਊਂਡ ਦੀ ਕਲਾਕ ਡਿਊਟੀ ਮੈਜਿਸਟ੍ਰੇਟ ਤੈਨਾਤ ਕੀਤੇ ਜਾਣਗੇ। ਕੰਟਰੋਲ ਰੂਮ ਪੁਲਿਸ ਥਾਨਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਹੋਵੇਗਾ, ਜਿਸ ਦਾ ਟੈਲੀਫੋਨ ਨੰ: 01887-232027 ਹੈ। ਉਨ੍ਹਾਂ ਦੱਸਿਆ ਕਿ ਲੋੜ ਪੈਣ ਤੇ ਥਾਨਾ ਕੀਰਤਪੁਰ ਸਾਹਿਬ ਵਿਖੇ 01887-238622 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮੇਲੇ ਦੋਰਾਨ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਚ 24 ਘੰਟੇ ਢੁਕਵੇ ਸਿਹਤ ਪ੍ਰਬੰਧਾਂ ਨੂੰ ਯਕੀਨੀ ਬਣਾਉਣ। ਮੈਡੀਕਲ ਸਹੂਲਤ ਦੀ ਐਮਰਜੈਂਸੀ ਲੋੜ ਪੈਣ ਤੇ 108 ਟੈਲੀਫੋਨ ਨੰਬਰ ਤੋ ਇਲਾਵਾ ਸੀਨੀਅਰ ਮੈਡੀਕਲ ਅਫਸਰ ਚਰਨਜੀਤ ਕੁਮਾਰ ਦੇ ਫੋਨ ਨੰਬਰ 98141-82040 ਜਾਂ ਸਿਵਲ ਹਸਪਤਾਲ ਦੇ ਟੈਲੀਫੋਨ ਨੰਬਰ 01887-232671 ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਨਗਰ ਕੋਸਲ ਦੇ ਕਾਰਜ ਸਾਧਕ ਅਫਸਰ ਨੂੰ ਸ਼ਹਿਰ ਵਿਚ ਵਿਸੇਸ਼ ਸਫਾਈ ਮੁਹਿੰਮ ਚਲਾਉਣ ਅਤੇ ਫੋਗਿੰਗ ਕਰਵਾਉਣ ਦੀ ਹਦਾਇਤ ਕੀਤੀ। ਉਨ੍ਹਾਂ ਨੇ ਪੀ.ਡਬਲਯੂ.ਡੀ ਇਲੈਕਟਰਿਕ ਵਿੰਗ ਨਗਰ ਕੋਸਲ ਅਤੇ ਬੀ.ਡੀ.ਪੀ.ਓ ਨੂੰ ਸਮੁੱਚੇ ਮੇਲਾ ਖੇਤਰ ਦੇ ਸ਼ਹਿਰ ਅਤੇ ਪਿੰਡਾਂ ਦੀਆਂ ਸਟਰੀਟ ਲਾਈਟਾਂ ਦੀ ਮੁਰੰਮਤ ਕਰਵਾਉਣ ਦੇ ਨਿਰਦੇਸ਼ ਦਿੱਤੇ। ਵਣ ਰੇਜ਼ ਅਫਸਰ ਨੂੰ ਸੜਕਾਂ ਦੇ ਆਲੇ ਦੁਆਲੇ ਦੀਆ ਝਾੜੀਆਂ ਅਤੇ ਆਵਾਜਾਈ ਵਿਚ ਰੁਕਾਵਟ ਪਾਉਣ ਵਾਲੇ ਰੁੱਖਾਂ ਦੀ ਛਟਾਈ ਕਰਵਾਉਣ ਲਈ ਕਿਹਾ। ਪੰਜਾਬ ਰੋਡਵੇਜ਼ ਨੂੰ ਲੋੜੀਂਦੀ ਬੱਸ ਸਰਵਿਸ ਮੁਹੱਇਆ ਕਰਵਾਉਣ, ਰਿਜਨਲ ਟ੍ਰਾਸਪੋਰਟ ਅਥਾਰਟੀ, ਪੁਲਿਸ ਵਿਭਾਗ ਨੂੰ ਸਾਂਝੇ ਤੋਰ ਤੇ ਨਜਾਇਜ਼ ਵਾਹਨਾਂ ਨੂੰ ਰੋਕਣ ਦੀ ਹਦਾਇਤ ਕੀਤੀ। ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਨੂੰ ਵੱਧ ਗਿਣਤੀ ਵਿਚ ਸ਼ਰਧਾਲੂਆਂ ਦੀ ਆਮਦ ਨੂੰ ਦੇਖਦੇ ਹੋਏ ਲੋੜੀਂਦੇ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਨੇ ਗੈਰ ਸਮਾਜੀ ਅਨਸਰਾਂ ਤੇ ਨੱਥ ਪਾਉਣ ਲਈ ਇੱਕ ਵਿਸ਼ੇਸ ਟੀਮ ਦਾ ਗਠਨ ਕਰਨ ਦੀ ਹਦਾਇਤ ਕੀਤੀ ਜ਼ੋ ਪੁਲਿਸ ਵਿਭਾਗ ਨੂੰ ਸਮੇ ਸਿਰ ਅਜਿਹੇ ਅਨਸਰਾਂ ਵਿਰੁੱਧ ਜਾਣਕਾਰੀ ਦੇਵੇਗੀ। ਉਨ੍ਹਾ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਸੜਕਾਂ ਦੀ ਮੁਰੰਮਤ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਨਿਰਵਿਘਨ ਜਲ ਸਪਲਾਈ ਅਤੇ ਆਰਜੀ ਪਖਾਨੇ ਲਗਾਉਣ ਦੀ ਹਦਾਇਤ ਕੀਤੀ।
ਇਸ ਮੋਕੇ ਤਹਿਸੀਲਦਾਰ ਰਾਜਪਾਲ ਸਿੰਘ ਸੇਖੋ, ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ, ਐਸ.ਐਚ.ਓ ਰੁਪਿੰਦਰ ਸਿੰਘ, ਸੀ.ਡੀ.ਪੀ.ਓ ਅਮਰਜੀਤ ਕੋਰ, ਸੀਨੀਅਰ ਮੈਡੀਕਲ ਅਫਸਰ ਚਰਨਜੀਤ ਕੁਮਾਰ, ਸੀਨੀਅਰ ਮੈਡੀਕਲ ਅਫਸਰ ਨੂਰਪੁਰ ਬੇਦੀ ਡਾ.ਵਿਧਾਨ ਚੰਦਰ, ਸੰਤੋਸ਼ ਕੁਮਾਰੀ ਸੁਪਰਵਾਈਜਰ, ਸਤਿੰਦਰਪਾਲ ਸਿੰਘ, ਹਰਪ੍ਰੀਤ ਸਿੰਘ, ਸਤਪਾਲ ਪਟਵਾਰੀ, ਸੁਖਵੀਰ ਸਿੰਘ, ਰਮੇਸ਼ ਕੁਮਾਰ, ਇੰਦਰਪਾਲ ਸਿੰਘ, ਰਾਕੇਸ ਕੁਮਾਰ, ਦਰਸ਼ਨ ਸਿੰਘ ਆਦਿ ਹਾਜਰ ਸਨ।