ਹਰੀਸ਼ ਕਾਲੜਾ
ਰੂਪਨਗਰ 03 ਅਗਸਤ 2021: ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਪੰਜਾਬ ਚੰਡੀਗੜ੍ਹ ਡਾ. ਅੰਦੇਸ਼ ਕੰਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਦੀ ਅਗਵਾਈ ਹੇਠ ਸਿਵਲ ਹਸਪਤਾਲ ਰੂਪਨਗਰ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਦਾ ਥੀਮ ਸੰਤਨਪਾਨ ਸੁਰੱਖਿਅਤ ਕਰੋ, ਸਾਡੀ ਸਾਂਝੀ ਜਿੰਮੇਵਾਰੀ ਹੈ, ਇਹ ਹਫਤਾ 1 ਅਗਸਤ ਤੋਂ 7 ਅਗਸਤ ਤੱਕ ਮਨਾਇਆ ਜਾ ਰਿਹਾ ਹੈ।
ਇਸ ਪ੍ਰੋਗਰਾਮ ਤਹਿਤ ਗਰਭਵਤੀ ਮਾਵਾਂ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਗੁਰਦੀਪ ਸਿੰਘ ਡਿਪਟੀ ਐਮ.ਈ.ਆਈ.ਓ ਵੱਲੋਂ ਦੱਸਿਆ ਗਿਆ ਕਿ ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਹੈ। ਮਾਂ ਦਾ ਪਹਿਲਾਂ ਗਾੜਾ ਬਾਹੁਲਾ ਦੁੱਧ ਵਿੱਚ ਨਵਜੰਮੇ ਬੱਚੇ ਲਈ ਸ਼ਰੀਰਕ ਅਤੇ ਮਾਨਸਿਕ ਵਿਕਾਸ ਲਈ ਸਾਰੇ ਜਰੂਰੀ ਤੱਤ ਮੌਜੂਦ ਹੁੰਦੇ ਹਨ। ਜਨਮ ਤੋਂ ਲੈ ਕੇ 6 ਮਹੀਨੇ ਤੱਕ ਬੱਚੇ ਨੂੰ ਕੇਵਲ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ। ਛੇ ਮਹੀਨੇ ਤੋਂ ਬਾਅਦ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ ਨਾਲ ਨਰਮ ਖੁਰਾਕ ਜਿਵੇਂ ਚਾਵਲ, ਖਿਚੜੀ, ਦਲੀਆ ਆਦਿ ਵੀ ਸ਼ੁਰੂ ਕਰ ਦੇਣਾ ਚਾਹੀਦਾ ਹੈ। ਸੰਤੁਲਿਤ ਖੁਰਾਕ ਤੋਂ ਇਲਾਵਾਂ ਘੱਟ ਤੋਂ ਘੱਟ ਦੋ ਸਾਲ ਤੱਕ ਬੱਚੇ ਨੂੰ ਮਾਂ ਦਾ ਦੁੱਧ ਹੀ ਜਰੂਰ ਪਿਲਾਉਣਾ ਚਾਹੀਦਾ ਹੈ। ਜੇਕਰ ਮਾਂ ਬੱਚੇ ਨੂੰ ਆਪਣਾ ਦੁੱਧ ਪਿਲਾਉਂਦੀ ਰਹੇ ਤਾਂ ਉਸਦੀ ਆਪਣੀ ਸਿਹਤ ਵੀ ਸਿਹਤਮੰਦ ਰਹੇਗੀ। ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣ ਨਾਲ ਮਾਂ ਅਤੇ ਬੱਚੇ ਵਿੱਚ ਆਪਸੀ ਪਿਆਰ ਵੱਧਦਾ ਹੈ। ਰਾਜ ਰਾਣੀ ਡਿਪਟੀ ਮਾਸ ਮੀਡੀਆ ਸੂਚਨਾ ਅਫਸਰ ਵੱਲੋਂ ਦੱਸਿਆ ਗਿਆ ਕਿ ਬੱਚੇ ਨੂੰ ਮਾਂ ਦਾ ਦੁੱਧ ਨਾ ਪਿਲਾਉਣ ਦੇ ਨੁਕਸਾਨ ਜਿਵੇਂ ਬੱਚੇ ਦਾ ਵਾਰ-ਵਾਰ ਬਿਮਾਰ ਹੋਣਾ, ਨਮੂਨੀਆ, ਦਸਤ ਰੋਗ ਅਤੇ ਮਾਨਸਿਕ ਵਿਕਾਸ ਸਹੀ ਨਾ ਹੋਣਾ, ਬੱਚੇ ਦੀ ਰੋਗ ਰੱਖਿਆ ਸ਼ਕਤੀ, ਬੱਚੇ ਦੇ ਵਿਕਾਸ ਦਾ ਘੱਟ ਹੋਣਾ ਅਤੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਦਾ ਘੱਟ ਹੋਣਾ ਆਦਿ। ਬੱਚੇ ਨੂੰ ਬੋਤਲ ਨਾਲ ਦੁੱਧ ਨਹੀਂ ਪਿਲਾਉਣਾ ਚਾਹੀਦਾ। ਜੇਕਰ ਬੱਚੇ ਦਾ ਜਨਮ ਵੱਡੇ ਆਪਰੇਸ਼ਨ(ਸਜੇਰੀਅਨ) ਨਾਲ ਹੁੰਦਾ ਹੈ ਤਾਂ ਵੀ ਸਤੰਨਪਾਨ ਨੂੰ ਉਤਸ਼ਾਹਿਤ ਕੀਤਾ ਜਾਵੇ। ਇਸ ਮੌਕੇ ਬਲਵੀਰ ਕੌਰ ਐਲ.ਐਚ.ਵੀ, ਭੁਪਿੰਦਰ ਕੌਰ ਏ.ਐਨ.ਐਮ, ਆਸ਼ਾ ਵਰਕਰਾਂ ਅਤੇ ਗਰਭਵਤੀ ਮਾਵਾਂ ਤੇ ਦੁੱਧ ਪਿਲਾਉਂਦੀਆਂ ਮਾਵਾਂ ਹਾਜਰ ਸਨ।