ਅਸ਼ੋਕ ਵਰਮਾ
ਬਠਿੰਡਾ, 03 ਅਗਸਤ 2021:ਅੱਜ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਅਤੇ ਵਿਦਿਆਰਥੀ ਏਕਤਾ ਕਮੇਟੀ ਵੱਲੋਂ ਸਾਂਝੇ ਤੌਰ 'ਤੇ ਐੱਸ ਸੀ ਵਿਦਿਆਰਥੀਆਂ ਤੋਂ ਪੀਟੀਏ ਫੰਡ ਵਸੂਲਣ ਖਿਲਾਫ ਜਿਲ੍ਹਾ ਭਲਾਈ ਅਫ਼ਸਰ ਨੂੰ ਜਨਤਕ ਵਫ਼ਦ ਦੇ ਰੂਪ ਚ ਮੰਗ ਪੱਤਰ ਸੌਂਪਿਆ ਗਿਆ।ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਅਮਿਤੋਜ਼ ਮੌੜ ਅਤੇ ਬਲਜਿੰਦਰ ਗੁਰੂਸਰ ਨੇ ਕਿਹਾ ਕਿ ਪਿਛਲੇ ਮਹੀਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਯੂਨੀਵਰਸਿਟੀ ਕੈਂਪਸ ਸਮੇਤ ਕਾਂਸਟੀਚੂਐਂਟ ਕਾਲਜਾਂ, ਨੇਬਰਹੁੱਡ ਕੈਂਪਸਾਂ ਅਤੇ ਰੀਜਨਲ ਸੈਂਟਰਾਂ 'ਚ ਪੜ੍ਹਦੇ ਵਿਦਿਆਰਥੀਆਂ ਦੀਆਂ ਫ਼ੀਸਾਂ ਵਿੱਚ 10 % ਵਾਧਾ ਕੀਤਾ ਗਿਆ ਹੈ ਤੇ ਕਾਂਸਟੀਚੁਐਂਟ ਕਾਲਜਾਂ 'ਚ ਪੜ੍ਹਦੇ ਐਸ ਸੀ ਕੈਟਾਗਰੀ ਨਾਲ ਸਬੰਧਤ ਵਿਦਿਆਰਥੀਆਂ ਤੋਂ ਪੀਟੀਏ ਫੰਡ ਵਸੂਲਣ ਸੰਬੰਧੀ ਵੀ ਫੁਰਮਾਨ ਜਾਰੀ ਕੀਤੇ ਗਏ ਹਨ ।
ਆਗੂਆਂ ਨੇ ਮੰਗ ਕੀਤੀ ਕਿ ਪੋਸਟ ਮ੍ਰੈਟਿਕ ਸਕਾਲਰਸ਼ਿਪ ਸਕੀਮ ਨੂੰ ਜ਼ਿਲੇ ਦੇ ਸਾਰੇ ਕਾਲਜਾ ਵਿੱਚ ਸਹੀ ਢੰਗ ਨਾਲ ਲਾਗੂ ਕਰਵਾਇਆ ਜਾਵੇ।ਐੱਸ ਸੀ ਵਿਦਿਆਰਥੀਆਂ ਤੋਂ ਪੀਟੀਏ ਫੰਡ ਵਸੂਲਣ ਸਬੰਧੀ ਪੰਜਾਬੀ ਯੂਨੀਵਰਸਿਟੀ ਸਮੇਤ ਜਿਹੜੇ - ਜਿਹੜੇ ਬਠਿੰਡਾ ਜ਼ਿਲ੍ਹੇ ਦੇ ਕਾਲਜ ਐੱਸ ਸੀ ਵਿਦਿਆਰਥੀਆਂ ਤੋਂ ਪੀਟੀਏ ਫੰਡ ਮੰਗ ਰਹੇ ਹਨ ਉਨ੍ਹਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਦਲਿਤ ਵਿਦਿਆਰਥੀਆਂ ਤੋਂ ਗੈਰ-ਕਾਨੂੰਨੀ ਤਰੀਕੇ ਰਾਹੀਂ ਪੀਟੀਏ ਫੰਡ ਮੰਗ ਰਹੀ ਪੰਜਾਬੀ ਯੂਨੀਵਰਸਿਟੀ ਕਾਲਜਾਂ 'ਤੇ ਕਾਰਵਾਈ ਕਰਕੇ ਇਹ ਫ਼ੈਸਲਾ ਵਾਪਸ ਨਾ ਲਿਆ ਗਿਆ ਤਾਂ ਵਿਦਿਆਰਥੀ ਜਥੇਬੰਦੀਆਂ ਸੰਘਰਸ਼ ਨੂੰ ਤਿੱਖਾ ਰੂਪ ਦੇਣਗੀਆਂ। ਅੱਜ ਹਮਾਇਤ ਤੇ ਪਹੁੰਚੀ ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕਿ ਉਹ ਵਿਦਿਆਰਥੀਆਂ ਦੇ ਸੰਘਰਸ਼ਾਂ ਚ ਹਰ ਸੰਭਵ ਮਦਦ ਕਰਨਗੇ।