ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 03 ਅਗਸਤ 2021: ਡੇਅਰੀ ਵਿਕਾਸ ਵਿਭਾਗ ਜੋ ਪਹਿਲਾਂ ਬੇਰੁਜ਼ਗਾਰ ਲੜਕੇ ਤੇ ਲੜਕੀਆਂ ਨੂੰ ਸਿਖਲਾਈ ਕੇਂਦਰਾਂ ਤੇ ਦੋ ਹਫਤੇ ਦੀ ਸਵੈ-ਰੁਜ਼ਗਾਰ ਸਿਖਲਾਈ ਦਿੰਦਾ ਆ ਰਿਹਾ ਸੀ ਅਤੇ ਲਾਕਡਾਊਨ ਕਰਕੇ ਪਿਛਲੇ ਸਾਲ 2020 ਵਿੱਚ ਮਾਰਚ ਮਹੀਨੇ ਤੋਂ ਲੈ ਕੇ ਅਗਸਤ ਤੱਕ ਸਿਖਲਾਈਆ ਬੰਦ ਪਈਆਂ ਸਨ।ਹੁਣ ਵਿਭਾਗ ਵਲੋਂ ਨਵੀਂ ਤਕਨੀਕ ਦਾ ਇਸਤੇਮਾਲ ਕਰਦਿਆਂ ਸਤੰਬਰ ਮਹੀਨੇ ਤੋਂ ਆਨਲਾਈਨ ਸਿਖਲਾਈ ਦੀ ਸ਼ੁਰੂਆਤ ਕਰ ਦਿੱਤੀ ਹੈ। ਇਹ ਜਾਣਕਾਰੀ ਡਿਪਟੀ ਡਾਇਰੈਕਟਰ ਡੇਅਰੀ ਫਰੀਦਕੋਟ ਰਣਦੀਪ ਕੁਮਾਰ ਹਾਡਾਂ ਨੇ ਦਿੱਤੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਸ.ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ’ਚ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਸ. ਕਰਨੈਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਨਲਾਈਨ ਟਰੇਨਿੰਗ ਦਾ ਅਗਲਾ ਬੈਚ 9 ਅਗਸਤ, 2021 ਤੋਂ ਸ਼ੁਰੂ ਹੋ ਰਿਹਾ ਹੈ। ਜਿਸ ਦੀ ਕੌਸਲਿੰਗ ਦੀ ਮਿਤੀ 06-08-2021 ਰੱਖੀ ਗਈ ਹੈ।ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਜੋ ਪੇਂਡੂ ਪਿਛੋਕੜ ਦਾ ਹੋਵੇ, ਘੱਟੋ-ਘੱਟ 5 ਪਾਸ ਹੋਵੇ, ਉਮਰ 18 ਤੋਂ 50 ਸਾਲ ਦੇ ਦਰਮਿਆਨ ਹੋਵੇ ਟ੍ਰੇਨਿੰਗ ਵਿਚ ਭਾਗ ਲੈ ਸਕਦੇ ਹਨ। ਟ੍ਰੇਨਿੰਗ ਦੀ ਸਮਾਪਤੀ ਉਪਰੰਤ ਬੇਰੁਜ਼ਗਾਰਾਂ ਨੂੰ 2 ਤੋਂ 20 ਪਸ਼ੂਆਂ ਦੀ ਖਰੀਦ ਲਈ ਬੈਂਕਾਂ ਤੋਂ ਕਰਜਾ ਤੇ ਵਿਭਾਗ ਵਲੋਂ 25 ਫੀਸਦੀ ਸਬਸਿਡੀ ਤੇ ਐੱਸ.ਸੀ.ਲਈ 33 ਫੀਸਦੀ ਪ੍ਰਬੰਧ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਦਫਤਰ ਡਿਪਟੀ ਡਾਇਰੈਕਟਰ ਡੇਅਰੀ, ਫਰੀਦਕੋਟ (ਡੀ. ਸੀ. ਕੰਪਲੈਕਸ, ਕਮਰਾ ਨੰ. 209 ਦੇ ਨਾਲ ਹਾਲ) ਅਤੇ ਫੋਨ ਨੰ. 98034-88001, ਅਤੇ 01639-250380 ਤੇ ਸੰਪਰਕ ਕਰ ਸਕਦੇ ਹਨ।