ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ) 03 ਅਗਸਤ 2021: ਅਮਰੀਕੀ ਸਿਹਤ ਏਜੰਸੀ ਸੀ ਡੀ ਸੀ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਕੋਵਿਡ -19 ਦੀ ਲਾਗ ਦੇ ਫੈਲਣ ਤੋਂ ਡਰ ਕਾਰਨ ਗੈਰਕਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੀ ਆਗਿਆ ਦੇਣ ਵਾਲੀ ਇੱਕ ਨੀਤੀ ਦਾ ਨਵੀਨੀਕਰਨ ਕੀਤਾ ਹੈ। ਏਜੰਸੀ ਅਨੁਸਾਰ ਯੂ ਐਸ-ਮੈਕਸੀਕੋ ਦੀ ਸਰਹੱਦ 'ਤੇ
ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ , ਜਿਸ ਕਰਕੇ ਵਾਇਰਸ ਦੀ ਲਾਗ ਫੈਲਣ ਦਾ ਡਰ ਹੈ। ਏਜੰਸੀ ਅਨੁਸਾਰ 'ਟਾਈਟਲ 42' ਨਾਂ ਨਾਲ ਜਾਣੀ ਜਾਂਦੀ ਇਹ ਨੀਤੀ ਉਦੋਂ ਤੱਕ ਲਾਗੂ ਰਹੇਗੀ ਜਦੋਂ ਤੱਕ ਸੀ ਡੀ ਸੀ ਦੀ ਡਾਇਰੈਕਟਰ ਇਹ ਨਿਰਧਾਰਤ ਨਹੀਂ ਕਰਦੀ ਕਿ ਅਮਰੀਕਾ ਵਿੱਚ ਆਉਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਕੋਲੋਂ ਕੋਵਿਡ -19 ਦੀ ਲਾਗ ਫੈਲਣ ਦਾ ਖਤਰਾ ਨਹੀਂ ਹੈ। ਇੱਕ ਹੋਰ ਵੱਖਰੇ ਬਿਆਨ ਵਿੱਚ, ਹੋਮਲੈਂਡ ਸਿਕਿਓਰਿਟੀ ਵਿਭਾਗ (ਡੀ ਐਚ ਐਸ) ਨੇ ਕਿਹਾ ਕਿ ਉਹ ਇਸ ਆਦੇਸ਼ ਦੇ ਅਨੁਸਾਰ ਗੈਰਕਨੂੰਨੀ ਪ੍ਰਵਾਸੀਆਂ 'ਤੇ ਕਾਰਵਾਈ ਕਰੇਗਾ, ਹਾਲਾਂਕਿ ਇਸ ਵਿੱਚ ਬੱਚਿਆਂ ਅਤੇ ਕੁੱਝ ਪਰਿਵਾਰਾਂ ਨੂੰ ਛੋਟ ਹੋਵੇਗੀ। ਡੀ ਐਚ ਐਸ ਅਨੁਸਾਰ 'ਟਾਈਟਲ 42' ਇਮੀਗ੍ਰੇਸ਼ਨ ਅਥਾਰਟੀ ਨਹੀਂ ਹੈ, ਬਲਕਿ ਇਹ ਇੱਕ ਜਨਤਕ ਸਿਹਤ ਅਥਾਰਟੀ ਹੈ, ਅਤੇ ਇਸਦੀ ਨਿਰੰਤਰ ਵਰਤੋਂ ਸੀ ਡੀ ਸੀ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ । ਇਸਦੇ ਇਲਾਵਾ ਇਸ ਮਾਮਲੇ ਬਾਰੇ ਅਮੈਰੀਕਨ ਸਿਵਲ ਲਿਬਰਟੀਜ਼ ਯੂਨੀਅਨ (ਏ ਸੀ ਐਲ ਯੂ) ਅਤੇ ਹੋਰ ਸਮੂਹਾਂ ਨੇ ਸੋਮਵਾਰ ਨੂੰ ਬਾਈਡੇਨ ਪ੍ਰਸ਼ਾਸਨ ਵਿਰੁੱਧ 'ਟਾਈਟਲ 42' ਦੀ ਵਰਤੋਂ ਨੂੰ ਲੈ ਕੇ ਇੱਕ ਮੁਕੱਦਮਾ ਵੀ ਦੁਬਾਰਾ ਸ਼ੁਰੂ ਕੀਤਾ ਹੈ।