← ਪਿਛੇ ਪਰਤੋ
ਗੁਰਿੰਦਰਜੀਤ ਨੀਟਾ ਮਾਛੀਕੇ ਫਰਿਜ਼ਨੋ (ਕੈਲੀਫੋਰਨੀਆ) 03 ਅਗਸਤ 2021: ਅਮਰੀਕਾ ਦੀ ਕੈਪੀਟਲ ਵਾਸ਼ਿੰਗਟਨ ਵਿੱਚ 6 ਜਨਵਰੀ ਨੂੰ ਟਰੰਪ ਸਮਰੱਥਕਾਂ ਦੁਆਰਾ ਕੀਤੇ ਦੰਗਿਆਂ ਦਾ ਜਵਾਬ ਦੇਣ ਵਾਲੇ ਦੋ ਹੋਰ ਪੁਲਿਸ ਅਧਿਕਾਰੀਆਂ ਦੀ ਆਤਮ ਹੱਤਿਆ ਕਰਕੇ ਮੌਤ ਹੋ ਗਈ ਹੈ। ਜਿਸ ਨਾਲ ਉਸ ਦਿਨ ਇਮਾਰਤ ਦੀ ਰਾਖੀ ਕਰਨ ਵਾਲੇ ਅਧਿਕਾਰੀਆਂ ਦੁਆਰਾ ਖੁਦਕੁਸ਼ੀਆਂ ਦੀ ਗਿਣਤੀ ਚਾਰ ਹੋ ਗਈ ਹੈ। ਪੁਲਿਸ ਵਿਭਾਗ ਅਨੁਸਾਰ ਮੈਟਰੋਪੋਲੀਟਨ ਪੁਲਿਸ ਅਧਿਕਾਰੀ ਗੁੰਥਰ ਹਾਸ਼ੀਦਾ ਵੀਰਵਾਰ ਨੂੰ ਆਪਣੇ ਘਰ ਵਿੱਚ ਮ੍ਰਿਤਕ ਪਾਇਆ ਗਿਆ। ਹਸ਼ੀਦਾ ਮਈ 2003 ਵਿੱਚ ਕੋਲੰਬੀਆ ਦੇ ਮੈਟਰੋਪੋਲੀਟਨ ਪੁਲਿਸ ਵਿਭਾਗ (ਐਮ ਪੀ ਡੀ) ਵਿੱਚ ਸ਼ਾਮਲ ਹੋਇਆ ਸੀ। ਇੱਕ ਹੋਰ ਐਮ ਪੀ ਡੀ ਅਧਿਕਾਰੀ ਕਾਈਲ ਡੀਫ੍ਰੇਟੈਗ ਜਿਸ ਨੇ 6 ਜਨਵਰੀ ਨੂੰ ਕੈਪੀਟਲ ਹਮਲੇ ਦਾ ਜਵਾਬ ਦਿੱਤਾ 10 ਜੁਲਾਈ ਨੂੰ ਮ੍ਰਿਤਕ ਪਾਇਆ ਗਿਆ ਅਤੇ ਵਿਭਾਗ ਅਨੁਸਾਰ ਡੀਫ੍ਰੇਟੈਗ ਦੀ ਮੌਤ ਦਾ ਕਾਰਨ ਵੀ ਖੁਦਕੁਸ਼ੀ ਸੀ। ਉਹ ਨਵੰਬਰ 2016 ਤੋਂ ਪੁਲਿਸ ਵਿਭਾਗ ਵਿੱਚ ਸੀ। ਇਹਨਾਂ ਤੋਂ ਪਹਿਲਾਂ ਦੋ ਹੋਰ ਪੁਲਿਸ ਅਧਿਕਾਰੀ ਜੈਫਰੀ ਸਮਿਥ ਅਤੇ ਕੈਪੀਟਲ ਪੁਲਿਸ ਅਫਸਰ ਹਾਵਰਡ ਲੀਬੇਨਗੁਡ ਨੇ ਵੀ ਕੈਪੀਟਲ ਦੰਗਿਆਂ ਦਾ ਜਵਾਬ ਦਿੱਤਾ ਅਤੇ ਬਾਅਦ ਵਿੱਚ ਆਤਮ ਹੱਤਿਆ ਕਰਕੇ ਮਰ ਗਏ। ਕੈਪੀਟਲ ਇਮਾਰਤ ਉੱਤੇ ਹਮਲਾ ਕਰਨ ਵਾਲੇ ਦਿਨ ਹੋਈ ਹਿੰਸਾ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਇੱਕ ਕੈਪੀਟਲ ਪੁਲਿਸ ਅਧਿਕਾਰੀ ਜਿਸ ਉੱਤੇ ਪ੍ਰਦਰਸ਼ਨਕਾਰੀਆਂ ਨੇ ਹਮਲਾ ਕੀਤਾ ਸੀ, ਦੀ ਅਗਲੇ ਦਿਨ ਮੌਤ ਹੋ ਗਈ ਅਤੇ ਇਸ ਦੌਰਾਨ 100 ਤੋਂ ਵੱਧ ਪੁਲਿਸ ਅਧਿਕਾਰੀ ਜ਼ਖਮੀ ਹੋਏ ਸਨ। ਪਿਛਲੇ ਹਫਤੇ ਹਮਲਿਆਂ ਸਬੰਧੀ ਗਵਾਹੀ ਦੌਰਾਨ, ਚਾਰ ਪੁਲਿਸ ਅਧਿਕਾਰੀਆਂ ਨੇ ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ਦੀ ਵਿਸ਼ੇਸ਼ ਕਮੇਟੀ ਨੂੰ ਦੱਸਿਆ ਕਿ ਹਮਲੇ ਦੌਰਾਨ ਉਨ੍ਹਾਂ ਨੂੰ ਕੁੱਟਿਆ ਗਿਆ, ਧਮਕੀਆਂ ਦਿੱਤੀਆਂ ਗਈਆਂ ਅਤੇ ਪੁਲਿਸ ਅਧਿਕਾਰੀ ਨਸਲੀ ਅਪਮਾਨ ਦਾ ਸ਼ਿਕਾਰ ਵੀ ਹੋਏ ਹਨ।
Total Responses : 935