ਚਾਚੇ ਜੁੰਮੇ ਦੀ ਜਾਇਦਾਦ -ਕੌਣ ਹੈ ਵੋਟ ਦਾ ਹੱਕਦਾਰ ?
ਗੁਰਭਜਨ ਗਿੱਲ
ਮਿਸਟਰ ਜੋਸ਼ੂਆ ਫ਼ਜ਼ਲ ਦੀਨ ਦੀ ਇੱਕ ਕਹਾਣੀ ਚਾਚੇ ਜੁੰਮੇ ਦੀ ਜਾਇਦਾਦ ਸਾਡੇ ਵੇਲੇ ਦਸਵੀਂ ਦੀ ਪੰਜਾਬੀ ਕਿਤਾਬ ਸਾਹਿਤ ਭੂਸ਼ਨ ਵਿੱਚ ਹੁੰਦੀ ਸੀ।
ਇਸ ਵਿਚਲਾ ਚਾਚਾ ਜੁੰਮਾ ਬੁਢਾਪੇ ਕੱਲ੍ਹ ਮੁ ਕੱਲਾ ਰਹਿੰਦਾ ਸੀ। ਕੋਈ ਰਿਸ਼ਤੇਦਾਰ ਨੇੜੇ ਨਹੀਂ ਸੀ ਆਉਂਦਾ। ਇੱਕ ਨੌਕਰ ਹੀ ਉਸ ਦੀ ਸੇਵਾ ਸੰਭਾਲ ਕਰਦਾ ਸੀ।
ਚਾਚੇ ਜੁੰਮੇ ਨੇ ਮਰਨ ਤੋਂ ਪਹਿਲਾਂ ਸਾਰੇ ਰਿਸ਼ਤੇਦਾਰ ਖ਼ਤ ਲਿਖ ਕੇ ਬੁਲਾ ਲਏ ਕਿ ਮੈ ਮਰਨ ਤੋਂ ਪਹਿਲਾਂ ਆਪਣੀ ਸਾਰੀ ਜਾਇਦਾਦ ਸਭ ਰਿਸ਼ਤੇਦਾਰਾਂ ਨੂੰ ਵਸੀਅਤ ਕਰਕੇ ਵੰਡਣੀ ਚਾਹੁੰਦਾ ਹਾਂ।
ਰਿਸ਼ਤੇਦਾਰ ਆ ਗਏ। ਰੋਟੀ ਪਾਣੀ ਖਾ ਕੇ ਵਿਹਲੇ ਹੋਏ ਤਾਂ ਚਾਚੇ ਨੇ ਸਾਰੇ ਆਲ ਦੁਆਲੇ ਬਿਠਾ ਲਏ।
ਲਿਫ਼ਾਫ਼ਾ ਖੋਲ੍ਹ ਕੇ ਵਸੀਅਤ ਪੜ੍ਹਨ ਲੱਗਾ।
ਉਸ ਦੱਸਿਆ ਕਿ ਫਲਾਣੀ ਜਾਇਦਾਦ ਮੇਰੇ ਫਲਾਣੇ ਰਿਸ਼ਤੇਦਾਰ ਨੂੰ ਮੇਰੇ ਮਰਨ ਮਗਰੋਂ ਮਿਲੇਗੀ।
ਵੰਡ ਵੰਡਾਈ ਉਲਾਰ ਸਮਝ ਕੇ ਨੇੜਲੇ ਰਿਸ਼ਤੇਦਾਰ ਬੁੜ ਬੁੜ ਕਰਨ ਲੱਗੇ।
ਅੰਤ ਚ ਉਸ ਕਿਹਾ ਕਿ ਆਹ ਕੋਠਾ, ਜਿਸ ਚ ਮੈਂ ਰਹਿੰਦਾ ਹਾਂ ਇਹ ਮੇਰੇ ਨੌਕਰ ਨੂੰ ਮਿਲੇਗਾ ਕਿਉਂਕਿ ਇਸ ਮੇਰੀ ਬਹੁਤ ਸੇਵਾ ਸੰਭਾਲ ਕੀਤੀ ਹੈ।
ਇੱਕ ਸਿਆਣੇ ਨੇ ਚਾਚੇ ਦੀ ਚਾਲ ਸਮਝ ਕੇ ਪੁੱਛ ਹੀ ਲਿਆ ਕਿ ਬਾਕੀ ਰਿਸ਼ਤੇਦਾਰਾਂ ਨੂੰ ਵੰਡੀ ਜਾਇਦਾਦ ਕਿੱਥੇ ਹੈ?
ਚਾਚਾ ਜੁੰਮਾ ਖਿੜ ਖਿੜਾ ਕੇ ਹੱਸ ਪਿਆ ਤੇ ਬੋਲਿਆ!
ਇਹ ਤਾਂ ਮੈਨੂੰ ਵੀ ਪਤਾ ਨਹੀਂ?
ਮੈਨੂੰ ਤਾਂ ਏਸੇ ਕੱਚੇ ਕੋਠੜੇ ਦਾ ਹੀ ਪਤਾ ਹੈ ਜੋ ਨੌਕਰ ਨੂੰ ਦੇਣਾ ਹੈ।
ਚਾਚੇ ਨੇ ਖ਼ੁਦਗ਼ਰਜ਼ ਰਿਸ਼ਤੇਦਾਰਾਂ ਨੂੰ ਜਿਹੜਾ ਸ਼ੀਸ਼ਾ ਵਿਖਾਇਆ ਉਹ ਸ਼ੀਸ਼ਾ ਫਿਰ ਸਾਫ਼ ਕਰਕੇ ਵਰਤਮਾਨ ਕੁਰਸੀ ਧਾਰੀਆਂ ਤੇ ਕੁਰਸੀ ਅਭਿਲਾਖੀਆਂ ਨੂੰ ਵਿਖਾਉਣਾ ਚਾਹੀਦਾ ਹੈ।
ਹਰ ਰੰਗ ਦਾ ਸਿਆਸਤਦਾਨ ਹਰ ਰੋਜ਼ ਨਵੇਂ ਲਾਰੇ ਤੇ ਨਾਅਰੇ ਪਰੋਸ ਰਿਹਾ ਹੈ। ਇਨ੍ਹਾਂ ਨੂੰ ਇਹ ਜ਼ਰੂਰ ਪੁੱਛੋ ਕਿ ਇਹ ਸੁਖ ਸਹੂਲਤਾਂ ਦਿਉਗੇ ਕਿੱਥੋਂ?
ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ।
ਘਰ ਖਾਣ ਨੂੰ ਨਹੀਂ, ਮਾਂ ਪੀਹਣ ਗਈ ਏ। ਇਹ ਹਾਲਤ ਹੈ ਪੰਜਾਬ ਦੀ। ਕੋਈ ਅਠਾਰਾਂ ਨੁਕਤੇ ਚੁੱਕੀ ਫਿਰਦੈ, ਕੋਈ ਤੇਰਾਂ ਚੌਦਾਂ। ਕਹਿੰਦੇ ਨੇ ਇੱਕ ਮੌਕਾ ਦੇ ਦਿਓ, ਧੋਣੇ ਧੋ ਦਿਆਂਗੇ।
ਅਸੀਂ ਪੁੱਛਦੇ ਹੀ ਨਹੀਂ ਕਿ ਪੰਜਾਬ ਤਾਂ ਪਹਿਲਾਂ ਹੀ ਧੋ ਧੋ ਕੇ ਤੁਸੀਂ ਤੰਦਾ ਤੀਰੀ ਕਰ ਦਿੱਤਾ ਹੈ, ਹੋਰ ਕੀ ਧੋਵੋਗੇ?
ਤੁਹਾਡੇ ਧੋਬੀ ਘਾਟ ਦੇ ਪਹਿਲਾਂ ਹੀ ਪੱਟੇ ਹੋਏ ਹਾਂ।
ਫਿਰ ਕੀ ਕਰੀਏ?
ਸੁਣੋ! ਇਨ੍ਹਾਂ ਲਾਰੇਬਾਜ਼ਾਂ ਨੂੰ ਸਿਰਫ਼ ਆਪਣਾ ਏਜੰਡਾ ਦੱਸੋ!
ਉਸ ਨੂੰ ਵੋਟ ਪਾਵਾਂਗੇ
1.
ਜੋ ਸਰਕਾਰੀ ਖ਼ਜ਼ਾਨੇ ਤੋਂ ਇੱਕ ਤੋਂ ਵੱਧ ਪੈਨਸ਼ਨ ਨਹੀਂ ਲਵੇਗਾ।
2.
ਸੁਰੱਖਿਆ ਛਤਰੀ ਜੰਮ ਜੰਮ ਲਵੇ ਪਰ ਖ਼ਰਚਾ ਕੋਲੋਂ ਕਰੇ, ਸਰਕਾਰੀ ਖ਼ਜ਼ਾਨੇ ‘ਚੋਂ ਨਹੀਂ।
3.
ਭੋਗਾਂ ਵਿਆਹਾਂ ਤੇ ਸਰਕਾਰੀ ਸਵਾਰੀ ਲੈ ਕੇ ਨਹੀਂ ਜਾਵਾਂਗਾ, ਨਿੱਜੀ ਸਾਧਨ ਵਰਤਾਂਗਾ।
4.
ਇਲਾਜ ਲਈ ਸਰਕਾਰੀ ਖ਼ਰਚ ਤੇ ਬਦੇਸ਼ ਨਹੀਂ ਜਾਵਾਂਗਾ। ਆਪਣੇ ਹਲਕੇ ਦੇ ਹਸਪਤਾਲ ਚ ਇਲਾਜ ਕਰਾਵਾਂਗਾ।
5.
ਆਪਣੇ ਬਾਲ ਬੱਚੇ, ਪੁੱਤ ਪੋਤਰੇ ਸਰਕਾਰੀ ਸਕੂਲਾਂ ਚ ਪੜ੍ਹਾਵਾਂਗਾ।
6.
ਜਿਹੜੀ ਚੀਜ਼ ਪੈਦਾ ਕਰਨ, ਖ਼ਰੀਦਣ ਤੇ ਉਸਾਰਨ ਤੇ ਖ਼ਰਚ ਆਉਂਦਾ ਹੈ, ਉਹ ਮੁਫ਼ਤ ਦੇਣ ਦਾ ਇਕਰਾਰ ਨਹੀਂ ਕਰਾਂਗਾ।
7.
ਆਪਣਾ ਟੱਬਰ ਬਦੇਸ਼ਾਂ ਚ ਸੈੱਟ ਕਰਨ ਵਾਲੇ ਰਾਹ ਨਹੀਂ ਤੁਰਾਂਗਾ।
8.
ਜਿਸ ਹਲਕੇ ਦੀ ਪ੍ਰਤੀਨਿਧਤਾ ਕਰਨੀ ਹੈ, ਉੱਥੇ ਹੀ ਰਹਾਂਗਾ।
9.
ਪ੍ਰਾਇਮਰੀ ,ਸਕੂਲ ਤੇ ਕਾਲਜ ਦੀ ਸਿੱਖਿਆ ਦੇਣ ਵਾਲੇ ਅਧਿਆਪਕ ਭਰਤੀ ਕਰਨ ਤੋਂ ਇਲਾਵਾ ਬੁਨਿਆਦੀ ਢਾਂਚਾ ਉਸਾਰਾਂਗਾ।
10.
ਜਿਹੜਾ ਮੈਨੀਫੈਸਟੋ ਦੇ ਰਹੇ ਹੋ, ਉਹ ਕਾਨੂੰਨੀ ਦਸਤਾਵੇਜ਼ ਬਣਾਵਾਂਗੇ। ਵੋਟਰਾਂ ਨੂੰ ਭਰਮਾਉਣ ਉਪਰੰਤ ਕੂੜੇ ਦੇ ਢੇਰ ਚ ਨਹੀਂ ਸੁੱਟਾਂਗੇ।
11.
ਕੋਮਲ ਕਲਾਵਾਂ, ਖੇਡਾਂ, ਸਾਹਿਤ ਤੇ ਸਭਿਆਚਾਰ ਦੇ ਵਿਕਾਸ ਲਈ ਸਮਾਂਬੱਧ ਯੋਜਨਾ ਤੇ ਪੂਰਤੀ ਦਾ ਖ਼ਾਕਾ ਦੱਸਾਂਗੇ।
12.
ਜ਼ਾਤ ਆਧਾਰਿਤ ਰਾਖਵਾਂਕਰਨ ਇੱਕ ਵਾਰ ਲੈਣ ਉਪਰੰਤ ਉਸ ਦੀ ਅਗਲੀ ਪੀੜ੍ਹੀ ਇਹ ਸਹੂਲਤ ਹਾਸਲ ਨਹੀਂ ਕਰ ਸਕੇਗੀ। ਇਸ ਲਈ ਉਹ ਪਾਰਟੀ ਨੀਤੀ ਸਪਸ਼ਟ ਕਰੇ।
13
ਸੇਵਾ ਮੁਕਤ ਚੋਟੀ ਦੇ ਪ੍ਰਸ਼ਾਸਕਾਂ ਨੂੰ ਸਿਆਸੀ, ਪ੍ਰਬੰਧਕੀ ਤੇ ਸਲਾਹਕਾਰੀ ਸੇਵਾਵਾਂ ਲਈ ਭਾੜੇ ਤੇ ਨਾ ਲਿਆ ਜਾਵੇ। ਕਮਿਸ਼ਨ,ਕੁਰਸੀਆਂ ਤੇ ਮੋਟੇ ਲਾਭ ਵਾਲੀਆਂ ਥਾਵਾਂ ਤੇ ਟੈਕਨੋਕਰੇਟ ਤੇ ਸਿੱਖਿਆ ਪ੍ਰਮੁੱਖ ਨਿਸ਼ਕਾਮ ਨਿਯੁਕਤ ਕਰਨ ਦਾ ਇਕਰਾਰ ਕਰੋ।
14.
ਹਰ ਪਾਰਟੀ ਘੱਟੋ ਘੱਟ ਗਰੈਜੂਏਟ ਉਮੀਦਵਾਰਾਂ ਨੂੰ ਟਿਕਟ ਦੇਵੇ ਤਾਂ ਜੋ ਉਹ ਵਿਅਕਤੀ ਵਿਧਾਨ ਸਭਾ ਕਾਰਵਾਈ ਤਾਂ ਨਿਭਾਉਣ ਯੋਗ ਹੋਵੇ।
15.
ਸਿਆਸਤਦਾਨ ਦੀ ਸੇਵਾ ਮੁਕਤੀ ਸੀਮਾ ਵੀ ਸਰਕਾਰੀ ਸੇਵਾ ਅਨੁਸਾਰ ਹੋਵੇ।
16.
ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਮੁਕਤੀ ਲਈ ਢੰਗ ਤਰੀਕਾ ਦੱਸੇ। ਕਰਜ਼ਾ ਕਿਉਂ ਚੜ੍ਹਿਆ, ਇਸ ਬਾਰੇ ਵਾਈਟ ਪੇਪਰ ਜਾਰੀ ਕੀਤਾ ਜਾਵੇ।
17.
ਖੇਤੀਬਾੜੀ, ਉਦਯੋਗ ਤੇ ਵਪਾਰ ਲਈ ਪੁਨਰ ਸੁਰਜੀਤੀ ਯੋਜਨਾ ਦੱਸੋ
ਤੇ ਹੁਣ ਤੀਕ ਕੀਤੇ ਕੰਮਾਂ ਦੀ ਰਿਪੋਰਟ ਕਾਰਡ ਦਿਓ।
18.
ਸਿਆਸਤ ਚ ਆਉਣ ਮਗਰੋਂ ਦੇਸ਼ ਬਦੇਸ਼ ਚ ਵਧਾਈ ਜਾਇਦਾਦ, ਕਾਰੋਬਾਰਾਂ ਦੇ ਵੇਰਵੇ ਜਨਤਕ ਕਰੋ।
19.
ਸਿਆਸਤ ਚ ਆਪਣੀ ਟਰਮ ਦੌਰਾਨ ਕੋਈ ਵੀ ਚੁਣਿਆ ਪ੍ਰਤੀਨਿਧ ਨਾਲ ਨਾਲ ਓਵੇਂ ਹੀ ਵਾਧੂ ਧੰਦਾ ਨਹੀਂ ਕਰੇਗਾ, ਜਿਵੇਂ ਸਰਕਾਰੀ ਨੌਕਰ ਨਹੀਂ ਕਰ ਸਕਦੇ।
ਹੋਰ ਕੁਝ ਨਹੀਂ ਚਾਹੀਦਾ।
ਪਤਾ ਨਹੀਂ ਕਿਉਂ? ਚਾਚਾ ਜੁੰਮਾ ਸਵੇਰੇ ਸਵੇਰੇ ਚੇਤੇ ਆ ਗਿਆ।
4.8.2021
( ਲੇਖਕ ਦੇ ਵਿਚਾਰ ਆਪਣੇ ਹਨ ਅਤੇ ਚਲੰਤ ਬਹਿਸ ਦਾ ਮੁੱਦਾ ਹਨ )