ਐਸ ਜੀ ਪੀ ਸੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਮੁਸਲਮਾਨ ਮੁਰੀਦ ਰਾਏ ਬੁਲਾਰ ਨੂੰ ਕਿਉਂ ਵਿਸਾਰਿਆ ਜਾ ਰਿਹਾ ਹੈ ? ਬੀਰ ਦਵਿੰਦਰ ਸਿੰਘ
- ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿੱਤ, ਇਤਿਹਾਸਕ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਾਲੇ ਤੀਕਰ ਰਾਏ ਬੁਲਾਰ ਸਾਹਿਬ ਦੀ ਤਸਵੀਰ ਨੂੰ, ਕਿਉਂ ਨਹੀਂ ਸੁਸ਼ੋਭਿਤ ਕੀਤਾ ਗਿਆ ? ਬੀਰ ਦਵਿੰਦਰ ਸਿੰਘ
ਚੰਡੀਗੜ੍ਹ 4 ਅਗਸਤ 2021 - ਬੀਰ ਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਕਿਹਾ ਕੇ ਬੜੇ ਅਖ਼ਸੋਸ ਦੀ ਗੱਲ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ 552 ਸਾਲ ਗੁਜ਼ਰ ਜਾਣ ਤੋਂ ਬਾਅਦ ਵੀ, ਹਾਲੇ ਤੀਕਰ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਮੁਰੀਦ ਰਾਏ ਬੁਲਾਰ ਭੱਟੀ ਸਾਹਿਬ ਦੀ ਤਸਵੀਰ ਨੂੰ , ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿੱਤ, ਇਤਿਹਾਸਕ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸੁਸ਼ੋਭਿਤ ਨਹੀਂ ਕੀਤਾ ਗਿਆ, ਜਦੋਂ ਕਿ ਇਹ ਕਾਰਜ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਜਾਂ 550 ਸਾਲਾ ਪ੍ਰਕਾਸ ਦਿਹਾੜੇ ਨੂੰ ਮਨਾਉਂਣ ਸਮੇਂ, ਰਾਏ ਬੁਲਾਰ ਭੱਟੀ ਸਾਹਿਬ ਦੀ ਪੀੜ੍ਹੀ ਦੇ ਵਾਰਿਸ ਪਰਿਵਾਰਾਂ ਦੀ ਮੌਜੂਦਗੀ ਵਿੱਚ, ਬੜੀ ਖੁਸ਼-ਅਸਾਲੀਬੀਅਤ ਨਾਲ ਅਮਲ ਵਿੱਚ ਲਿਅਉਂਣਾ ਚਾਹੀਦਾ ਸੀ। ਜ਼ਿਕਰ ਯੋਗ ਹੈ ਕਿ ਰਾਏ ਬੁਲਾਰ ਸਾਹਿਬ ਦੀ ਭੱਟੀ ਅੰਸ਼-ਵੰਸ਼ ਦੇ ਸਾਰੇ ਭੱਟੀ ਪਰਿਵਾਰ, ਨਨਕਾਣਾਂ ਸਾਹਿਬ ਦੇ ਗਿਰਦੋਨਵਾਹ ਇਲਾਕਿਆਂ ਵਿੱਚ ਹੀ ਵੱਸਦੇ ਹਨ।
ਬੀਰ ਦਵਿੰਦਰ ਸਿੰਘ ਨੇ ਅੱਗੇ ਕਿਹਾ ਕੇ ਗੁਰੂ ਨਾਨਕ ਦੇਵ ਜੀ ਦੀਆਂ ਰਹਿਮਤਾਂ ਦੇ ਪਾਤਰ ਤੇ ਗੁਰੂ ਜੀ ਦੇ ਪਹਿਲੇ ਮੁਸਲਮਾਨ ਮੁਰੀਦ, ਰਾਏ ਬੁਲਾਰ ਭੱਟੀ ਜੀ ਨੂੰ ਯਾਦਗਾਰੀ ਸਮਿਆਂ ਉੱਤੇ, ਖਾਸ ਕਰਕੇ ਗੁਰੂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਹਾੜੇ ਦੀਆਂ ਸ਼ਤਾਬਦੀਆਂ ਮਨਾਉਂਣ ਸਮੇਂ ਤਾਂ ਸਨਮਾਨਜਨਕ ਤਰੀਕੇ ਨਾਲ ਯਾਦ ਕਰਨਾ ਬਣਦਾ ਸੀ। ਪਰ ਪਤਾ ਨਹੀਂ ਕਿਉਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ, ਵਿਸ਼ੇਸ਼ ਤੌਰ ਤੇ ਯਾਦ ਰੱਖਣ ਯੋਗ ਗੱਲਾਂ ਨੂੰ, ਯੋਗ ਸਮਿਆਂ ਤੇ ਯਾਦ ਰੱਖਣਾਂ ਮੁਨਾਸਿਬ ਨਹੀਂ ਸਮਝਿਆ ਗਿਆ।ਇਹ ਤਾਂ ਵਾਹਿਗੁਰੂ ਹੀ ਜਾਣਦੇ ਹਨ ਕਿ ਸਿੱਖ ਲੀਡਰਸ਼ਿੱਪ ਦੇ ਸਲੀਕਿਆਂ ਵਿੱਚੋਂ ਅਜਿਹੇ ਸੂਖ਼ਮ ਅਦਬ ਕਿਉਂ ਮਨਖ਼ੀ ਹੋ ਰਹੇ ਹਨ ? ਇਸ ਉੱਦਮ ਦੀ ਪਹਿਲ ਨਾ ਕਰਨ ਵਿੱਚ, ਸਿੱਖ ਲੀਡਰਸ਼ਿੱਪ ਤੋਂ ਬੜੀ ਵੱਡੀ ਭੁੱਲ ਹੋ ਗਈ ਹੈ ਅਤੇ ਹੁਣ ਇਸ ਉਕਾਈ ਨੂੰ, ਸਹੀ ਤੇ ਢੁਕਵੇਂ ਪਰਿਪੇਖ ਵਿੱਚ, ਤੁਰੰਤ ਸੁਧਾਰਨਾ ਬਣਦਾ ਹੈ।
ਸਿੱਖ ਸੰਗਤ ਦੇ ਚੇਤਿਆਂ ਵਿੱਚ ਇਹ ਗੱਲ ਸਦਾ ਸੱਜਰੀ ਰਹਿਣੀ ਚਾਹੀਦੀ ਹੈ ਕਿ ਰਾਇ ਬੁਲਾਰ ਭੱਟੀ ਸਾਹਿਬ ਨੇਂ ਗੁਰੂ ਨਾਨਕ ਸਾਹਿਬ ਦੀ ਰੁਹਾਨੀ ਅਜ਼ਮਤ ਨੂੰ ਪਛਾਣਦੇ ਹੋਏ ਅਤੇ ਉਨ੍ਹਾਂ ਦੀ ਬਰਗੁਜ਼ੀਦਾ ਸ਼ਖਸੀਅਤ ਨੂੰ ਸਜਦਾ ਕਰਦੇ ਹੋਏ, ਆਪਣੇ ਕੁੱਲ ਜ਼ਮੀਨੀ ਰਕਬੇ (39000) ਏਕੜ ਵਿੱਚੋਂ ਅੱਧਾ ਹਿੱਸਾ, ਭਾਵ 18500 ਏਕੜ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਮਨਸੂਬ ਕਰ ਦਿੱਤਾ ਸੀ ਅਤੇ ਇਹ ਤੱਥ ਵਿਸ਼ੇਸ਼ ਉਲੇਖ ਦੇ ਯੋਗ ਹੈ, ਕਿ ਅੱਜ ਵੀ ਇਹ ਸਾਰਾ ਜ਼ਮੀਨੀ ਰਕਬਾ, ਪਾਕਿਸਤਾਨ ਦੇ ਮਾਲ ਰਿਕਾਰਡ ਦੇ ਖਾਨਾ ਮਾਲਕੀ ਵਿੱਚ 'ਬਾਬਾ ਨਾਨਕ' ਦੇ ਨਾਮ ਹੀ ਬੋਲਦਾ ਹੈ।
ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਕੁੱਲ ਜਹਾਨ ਵਿੱਚ ਸਿੱਖਾਂ ਦੀ ਸ਼ੋਭਾ ਹੋਵੇਗੀ ਜੇ ਹਾਲੇ ਵੀ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਆਪਣੀ ਭੁੱਲ ਨੂੰ ਸੁਧਾਰਦੇ ਹੋਏ, ਪੂਰੇ ਅਦਬ ਨਾਲ ਰਾਏ ਬੁਲਾਰ ਸਾਹਿਬ ਸਾਹਿਬ ਦੀ ਯਾਦ ਨੂੰ, ਖ਼ਿਰਾਜ਼-ਏ-ਅਕੀਦਤ ਭੇਟ ਕਰਦੇ ਹੋਏ, ਰਾਏ ਬੁਲਾਰ ਸਾਹਿਬ ਦੇ ਖ਼ਾਨਦਾਨ ਦੀ ਅਠਾਰਵੀਂ ਅਤੇ ਉਨੀਂਵੀਂ ਪੀੜ੍ਹੀ ਦੇ, ਜੋ ਵੀ ਅਹਿਲ-ਏ-ਖਾਨਾ, ਇਸ ਵਕਤ ਨਨਕਾਣਾ ਸਾਹਿਬ ਵਿੱਚ ਮੁਕੀਮ ਹਨ, ਉਨ੍ਹਾਂ ਨਾਲ ਬਾਹਮੀ-ਮਸ਼ਾਵਰਤ ਕਰਕੇ ਕੋਈ ਮੁਨਾਸਿਬ ਤਾਰੀਖ ਤਹਿ ਕਰ ਲਈ ਜਾਵੇ ਅਤੇ ਇਸ ਕਾਰਜ ਲਈ ਇੱਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਜਾਵੇ। ਇਸ ਸਮਾਰੋਹ ਲਈ ਰਾਏ ਬੁਲਾਰ ਭੱਟੀ ਸਾਹਿਬ ਦੇ ਉਨ੍ਹਾਂ ਸਾਰੇ ਅਹਿਲ-ਏ-ਖਾਨਾ ਨੂੰ ਬਾਅਦਬ ਤਰੀਕੇ ਨਾਲ ਲਿਖਤੀ ਸੱਦਾ ਪੱਤ੍ਰ ਭੇਜਿਆ ਜਾਵੇ ਜੋ ਇਸ ਸਮਾਰੋਹ ਵਿੱਚ ਸ਼ਮੂਲੀਅਤ ਕਰਨ ਵਿੱਚ ਗਹਿਰੀ ਦਿਲਚਸਪੀ ਰੱਖਦੇ ਹੋਣ, ਉਨ੍ਹਾਂ ਦੀ ਹਾਜ਼ਰੀ ਵਿੱਚ, ਰਾਏ ਬੁਲਾਰ ਭੱਟੀ ਸਾਹਿਬ ਦੀ ਤਸਵੀਰ ਨੂੰ ਕੇਂਦਰੀ ਸਿੱਖ ਅਜਾਇਬ ਘਰ, ਸ੍ਰੀ ਅੰਮ੍ਰਿਤਸਰ ਵਿਖੇ ਪੂਰੀ ਸ਼ੋਭਾ ਨਾਲ ਸੁਸ਼ੋਭਿਤ ਕੀਤਾ ਜਾਵੇ।