ਠੇਕਾ ਮੁਲਾਜ਼ਮਾਂ ਵੱਲੋਂ ਨਵਜੋਤ ਸਿੱਧੂ ਦੀ ਕੋਠੀ ਦਾ ਘਿਰਾਓ
ਜਗਤਾਰ ਸਿੰਘ
ਪਟਿਆਲਾ 4 ਅਗਸਤ 2021: ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਪਟਿਆਲਾ ਡਿਪੂ ਵਲੋਂ ਪਟਿਆਲਾ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਦੁਪਹਿਰ ਸਮੇਂ ਠੇਕਾ ਮੁਲਾਜਮਾਂ ਵਲੋਂ ਕਾਂਗਰਸ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਦਾ ਵੀ ਘਿਰਾਉ ਕੀਤਾ ਗਿਆ। ਸਵੇਰ ਤੋਂ ਸ਼ਾਮ ਪੰਜ ਵਜੇ ਤੱਕ ਬਸ ਅੱਡੇ ਦੇ ਦੋਵੇਂ ਗੇਟ ਬੰਦ ਰਹੇ ਬੱਸਾਂ ਘੱਟ ਚੱਲੀਆਂ ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਰਕਾਰ ਨੇਂ ਸਮੂਹ ਕੱਚੇ ਮੁਲਾਜ਼ਮਾਂ ਨੂੰ ਪਹਿਲੀ ਵਾਰ ਕੈਬਨਿਟ ਵਿੱਚ ਪੱਕਾ ਕਰਨ ਦਾ ਵਾਅਦਾ ਚੋਣਾਂ ਤੋਂ ਪਹਿਲਾਂ ਕੀਤਾ ਸੀ ਪਰ ਅੱਜ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਅਦ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਥਾਂ ਡਾਂਗਾਂ ਨਾਲ ਕੁੱਟਿਆ ਜਾ ਰਿਹਾ ਹੈ।
ਮੀਤ ਪ੍ਰਧਾਨ ਹਰਜਿੰਦਰ ਗੋਰਾ, ਚੇਅਰਮੈਨ ਸੁਲਤਾਨ ਸਿੰਘ , ਵਾਈਸ ਚੇਅਰਮੈਨ ਕੁਲਦੀਪ ਸਿੰਘ ਮੋਮੀ, ਸਹਿਜ ਸਿੰਘ ਸੰਧੂ, ਅਤਿੰਦਰਪਾਲ, ਜਸਦੀਪ ਸਿੰਘ ਲਾਲੀ ਤੇ ਹੋਰ ਆਗੂਆਂ ਨੇ ਦੱਸਿਆ ਕਿ ਮੰਗਾਂ ਮਨਵਾਉਣ ਲਈ ਕੀਤੀ ਹੜਤਾਲ ਦੇ ਸਬੰਧ ਵਿੱਚ 1 ਜੁਲਾਈ ਨੂੰ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਹੋਈ ਸੀ। ਕੈਬਨਿਟ ਮੀਟਿੰਗ ਵਿੱਚ ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ 24 ਦਿਨ ਬੀਤ ਜਾਣ ਦੇ ਬਾਵਜੂਦ ਕੋਈ ਹੱਲ ਨਹੀਂ ਹੋਇਆ। ਇਸ ਮੌਕੇ ਸੂੂਬਾ ਆਗੂ ਹਰਕੇਸ਼ ਵਿੱਕੀ, ਪਵਨ ਢੀਂਡਸਾ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਪੰਜਾਬ ਵਲੋਂ 6 ਅਗਸਤ ਨੂੰ ਪੰਜਾਬ ਭਵਨ ਚੰਡੀਗੜ੍ਹ 'ਚ ਯੂਨੀਅਨ ਦੀ ਮੀਟਿੰਗ ਬੁਲਾਈ ਹੈ। ਜੇਕਰ ਸਰਕਾਰ ਨੇ ਮੀਟਿੰਗ 'ਚ ਕੋਈ ਫੈਸਲਾ ਨਾ ਲਿਆ ਤਾਂ 9 ਅਗਸਤ ਤੋਂ ਹੜਤਾਲ ਕੀਤੀ ਜਾਵੇਗੀ।