ਰੂਪਨਗਰ ਸਰਕਾਰੀ ਕਾਲਜ ਵਿਖੇ ਮੋਬਾਇਲ ਫੋਨ ਦੇ ਦੁਰਪ੍ਰਯੋਗ ਵਿਰੁੱਧ ਜਾਗਰੂਕਤਾ ਵੈਬੀਨਾਰ
ਹਰੀਸ਼ ਕਾਲੜਾ
ਰੂਪਨਗਰ, 4 ਅਗਸਤ 2021 - ਸਰਕਾਰੀ ਕਾਲਜ ਰੂਪਨਗਰ ਵਿਖੇ ਪ੍ਰਿੰਸੀਪਲ ਡਾਕਟਰ ਜਸਵਿੰਦਰ ਕੌਰ ਦੀ ਅਗਵਾਈ ਵਿਚ ਚੇਤਨਾ ਨਸ਼ਾ ਵਿਰੋਧੀ ਲਹਿਰ ਦੁਆਰਾ ਮੋਬਾਇਲ ਫੋਨ ਦੇ ਦੁਰਪ੍ਰਯੋਗ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਇਕ ਵੇਬਿਨਾਰ ਦਾ ਆਯੋਜਨ ਕੀਤਾ ਗਿਆ।
ਚੇਤਨਾ ਨਸ਼ਾ ਵਿਰੋਧੀ ਲਹਿਰ ਦੇ ਸੰਚਾਲਕ ਪ੍ਰੋ:ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵੇਬਿਨਾਰ ਵਿਚ ਐਮ.ਏ ਭਾਗ ਪਹਿਲਾ ਰਾਜਨੀਤੀ ਵਿਗਿਆਨ ਦੀ ਪ੍ਰਿੰਯਕਾ ਨੇ ਪਹਿਲਾ, ਜਸਪ੍ਰੀਤ ਸਿੰਘ ਅਤੇ ਰਨਵੀਰ ਸਿੰਘ ਨੇ ਦੂਜਾ ਅਤੇ ਰਾਜਵਿੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਬੋਲਦੇ ਹੋਏ ਕਿਹਾ ਕਿ ਮੋਬਾਇਲ ਫੋਨ ਦੀ ਵਰਤੋਂ ਲੋੜ ਪੈਣ ਤੇ ਅਤੇ ਗਿਆਨ ਵਧਾਉਣ ਤੇ ਜਾਣਕਾਰੀ ਲੈਣ ਲਈ ਹੀ ਕਰਨੀ ਚਾਹੀਦੀ ਹੈ ਅਤੇ ਮੋਬਾਇਲ ਫੋਨ ਦੀ ਬਹੁਤ ਜਿਆਦਾ ਵਰਤੋਂ ਕਰਕੇ ਮੋਬਾਇਲ ਐਡਿਕਟ ਨਹੀਂ ਬਨਣਾ ਚਾਹੀਦਾ। ਇੰਡੀਅਨ ਕੌਂਸਲ ਆਫ ਸੋਸ਼ਲ ਸਾਇੰਸ ਦੀ ਰਿਪੋਰਟ ਅਨੁਸਾਰ ਮੌਜੂਦਾ ਸਮੇਂ 73 ਫੀਸਦੀ ਤੋਂ ਜਿਆਦਾ ਬੱਚੇ ਇੰਟਰਨੈੱਟ ਯੂਜਰ ਹਨ ਇਹਨਾਂ ਵਿਚੋਂ 38 ਫੀਸਦੀ ਬੱਚੇ 15 ਸਾਲ ਤੋਂ ਵੀ ਘੱਟ ਉਮਰ ਦੇ ਹਨ। 30 ਫੀਸਦੀ ਬੱਚੇ ਦਿਨ ਵਿਚ 6 ਘੰਟੇ ਅਤੇ 26 ਫੀਸਦੀ ਬੱਚੇ 8 ਘੰਟੇ ਮੋਬਾਇਲ ਫੋਨ ਤੇ ਵਤੀਤ ਕਰ ਰਹੇ ਹਨ।
ਲਾਕਡਾਊਨ ਦੌਰਾਨ ਸੋਸ਼ਲ ਮੀਡੀਆ ਦਾ ਪ੍ਰਯੋਗ 87 ਫੀਸ਼ਦੀ ਵਧਿਆ ਹੈ। ਦੇਸ਼ ਵਿਚ ਪ੍ਰਤੀ ਵਿਅਕਤੀ 280 ਮਿੰਟ ਸੋਸ਼ਲ ਮੀਡੀਆ ਤੇ ਬਤੀਤ ਕਰ ਰਿਹਾ ਹੈ। ਸਮੁੱਚੇ ਭਾਰਤ ਵਿਚ ਨੌਜਵਾਨ ਦਿਨ ਵਿਚ ਜਿੱਥੇ 6 ਘੰਟੇ ਮੋਬਾਇਲ ਫੋਨ ਤੇ ਬਤੀਤ ਕਰ ਰਹੇ ਹਨ ਉੱਥੇ ਹੀ ਹਰ ਨੌਜਵਾਨ 4 ਤੋਂ 6 ਮਿੰਟ ਵਿਚ ਆਪਣਾ ਮੋਬਾਇਲ ਫੋਨ ਚੈਕ ਕਰਦਾ ਹੈ। ਭਾਰਤ ਦੇ ਨੋਜਵਾਨ ਦੁਨੀਆ ਵਿਚ ਸਭ ਤੋਂ ਘੱਟ ਸੌਂਦੇ ਹਨ ਅਤੇ ਦਿਨ ਦਾ ਇਕ ਚੌਥਾਈ ਭਾਗ ਫੋਨ ਤੇ ਬਤੀਤ ਕਰ ਰਹੇ ਹਨ। 74 ਫੀਸ਼ਦੀ ਸਮਾਰਟ ਫੋਨ ਯੂਜਰ ਹੱਥ ਵਿਚ ਹੀ ਆਪਣਾ ਮੋਬਾਇਲ ਫੋਨ ਲੈ ਕੇ ਸੋ ਜਾਂਦੇ ਹਨ। ਭਾਰਤੀ ਨੋਜਵਾਨ ਦਿਨ ਵਿਚ ਔਸਤਨ 150 ਵਾਰ ਆਪਣਾ ਮੋਬਾਇਲ ਫੋਨ ਚੈਕ ਕਰਦੇ ਹਨ। ਭਾਰਤ ਵਿਚ ਔਸਤਨ ਪ੍ਰਤੀ ਵਿਅਕਤੀ ਹਫਤੇ ਵਿਚ 8 ਘੰਟੇ 30 ਮਿੰਟ ਆਨ-ਲਾਈਨ ਗੇਮ ਖੇਡਣ ਵਿਚ ਬਤੀਤ ਕਰ ਰਿਹਾ ਹੈ। ਮੌਜੂਦਾ ਸਮੇਂ ਦੇਸ਼ ਵਿਚ ਆਨ-ਲਾਈਨ ਮਾਰਕੀਟ 13 ਹਜ਼ਾਰ 600 ਕਰੌੜ ਦੀ ਹੋ ਗਈ ਹੈ। ਦੇਸ਼ ਵਿਚ ਇੰਟਰਨੈੱਟ ਯੂਜਰ 90 ਫੀਸ਼ਦੀ ਸਮਾਂ ਫੇਸਬੁੱਕ ਅਤੇ 9 ਫੀਸ਼ਦੀ ਇਨਸਟਾਗ੍ਰਾਮ ਤੇ ਬਤੀਤ ਕਰ ਰਹੇ ਹਨ।
ਮੋਬਾਇਲ ਫੋਨ ਦੀ ਜਿਆਦਾ ਵਰਤੋਂ ਨਾਲ 14 ਫੀਸਦੀ ਬੱਚੇ ਸਿਰ ਦਰਦ, ਨੀਂਦ ਨਾ ਆਉਣ ਅਤੇ ਚੱਕਰ ਆਉਣ ਦੀ ਸਿਹਤ ਸਮੱਸਿਆ ਨਾਲ ਪੀੜਤ ਹੋ ਗਏ ਹਨ ਅਤੇ 57 ਫੀਸ਼ਦੀ ਮਾਤਾ-ਪਿਤਾ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਮੋਬਾਇਲ ਫੋਨ ਦੀ ਜਿਆਦਾ ਵਰਤੋਂ ਕਾਰਨ ਉਹਨਾਂ ਦੇ ਬੱਚਿਆਂ ਦੀਆਂ ਅੱਖਾਂ ਤੇ ਬੁਰਾ ਅਸਰ ਪੈ ਰਿਹਾ ਹੈ। ਇੰਦਰਪ੍ਰਸਥ ਇੰਸਟੀਚਿਊਟ ਆਫ ਇਨਫਰਮੈਸ਼ਨ ਟੈਕਨਾਲੌਜੀ ਦੀ ਰਿਪੋਰਟ ਅਨੁਸਾਰ ਸੰਨ 2014 ਤੋਂ 2018 ਤੱਕ 213 ਜਾਨਾਂ ਸੇਲਫੀ ਲੈਣ ਦੇ ਚੱਕਰ ਵਿਚ ਗਈਆਂ ਹਨ। ਡਰਾਇਵਿੰਗ ਦੌਰਾਨ ਮੋਬਾਇਲ ਫੋਨ ਦੀ ਵਰਤੋਂ ਕਰਨ ਕਰਕੇ ਦੇਸ਼ ਵਿਚ 61 ਫੀਸ਼ਦੀ ਸੜਕ ਦੁਰਘਟਨਾਵਾਂ ਵਾਪਰ ਰਹੀਆਂ ਹਨ। ਇਕ ਰਿਪੋਰਟ ਅਨੁਸਾਰ ਦੇਸ਼ ਵਿਚ ਡਰਾਈਵਿੰਗ ਦੌਰਾਨ ਮੋਬਾਇਲ ਫੋਨ ਦੀ ਵਰਤੋਂ ਕਾਰਨ ਸਲਾਨਾ 17 ਹਜਾਰ ਸੜਕ ਦੁਰਘਟਨਾਵਾਂ ਵਾਪਰ ਰਹੀਆਂ ਹਨ। ਇਸ ਲਈ ਡਰਾਇਵਿੰਗ ਦੌਰਾਨ ਮੋਬਾਇਲ ਫੋਨ ਦੀ ਵਰਤੋਂ ਬਿੱਲਕੁਲ ਨਹੀਂ ਕਰਨੀ ਚਾਹੀਦੀ ਇਸ ਨਾਲ ਅਸੀਂ ਬਹੁਤ ਜਿਆਦਾ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚ ਸਕਦੇ ਹਾਂ। ਫੇਸਬੁੱਕ ਅਤੇ ਇਨਸਟਾਗ੍ਰਾਮ ਵਰਗੇ ਐਪਾਂ ਨੂੰ ਹੋਮ ਸਕਰੀਨ ਤੇ ਨਹੀਂ ਰੱਖਣਾ ਚਾਹੀਦਾ ਅਤੇ ਜਰੂਰਤ ਨਾ ਹੋਣ ਤੇ ਇੰਟਰਨੈਟ ਬੰਦ ਕਰ ਦੇਣਾ ਚਾਹੀਦਾ ਹੈ। ਮੋਬਾਇਲ ਫੋਨ ਦੀ ਬਿਨ੍ਹਾਂ ਮਤਲਬ ਤੋਂ ਵਰਤੋਂ ਨਾ ਕਰਕੇ ਉਸ ਸਮੇਂ ਨੂੰ ਪੜਾਈ ਕਰਨ, ਕਸਰਤ ਕਰਨ ਅਤੇ ਪਰਿਵਾਰ ਤੇ ਸਮਾਜ ਦੀ ਸੇਵਾ ਵਿਚ ਲਗਾਉਣਾ ਚਾਹੀਦਾ ਹੈ।