ਮਾਤਾ ਚਿੰਤਪੂਰਨੀ ਮੇਲੇ ਸਬੰਧੀ ਹੁਸ਼ਿਆਰਪੁਰ ’ਚ ਨਹੀਂ ਲੱਗਣਗੇ ਰੋਡ ਸਾਈਡ ਲੰਗਰ
- ਕੈਬਨਿਟ ਮੰਤਰੀ ਅਰੋੜਾ ਦੀ ਹਾਜ਼ਰੀ ’ਚ ਪ੍ਰਸ਼ਾਸਨ ਅਤੇ ਲੰਗਰ ਕਮੇਟੀਆਂ ਦੇ ਵਿੱਚ ਹੋਈ ਮੀਟਿੰਗ ’ਚ ਸਰਵਸੰਮਤੀ ਨਾਲ ਲਿਆ ਗਿਆ ਫੈਸਲਾ
- ਧਾਰਮਿਕ ਸੰਗਠਨ ਮਾਤਾ ਚਿੰਤਪੂਰਨੀ ਮੇਲੇ ਦੌਰਾਨ ਆਸਥਾ ਦੇ ਨਾਲ-ਨਾਲ ਕੋਵਿਡ ਤੋਂ ਬਚਾਅ ਦੇ ਲਈ ਸਿਹਤ ਹਦਾਇਤਾਂ ਦਾ ਕਰਨ ਪਾਲਣ : ਸੁੰਦਰ ਸ਼ਾਮ ਅਰੋੜਾ
- ਕੈਬਨਿਟ ਮੰਤਰੀ ਨੇ ਸੰਗਠਨਾਂ ਨੂੰ ਮੇਲੇ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਕੀਤੀਆਂ ਜਾਣ ਵਾਲੀਆਂ ਗਾਈਡਲਾਈਨਸ ਦੀ ਪਾਲਣਾ ਕਰਨ ਦੀ ਕੀਤੀ ਅਪੀਲ
- ਜ਼ਿਲ੍ਹਾ ਪ੍ਰਸ਼ਾਸਨ ਵੋਂ ਨਿਰਧਾਰਤ ਸਥਾਨਾਂ ’ਤੇ ਹੀ ਕੋਵਿਡ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਲੰਗਰ ਲਗਾਉਣ ਦੀ ਦਿੱਤੀ ਜਾਵੇਗੀ ਮਨਜ਼ੂਰੀ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 4 ਅਗਸਤ 2021 - 9 ਤੋਂ 16 ਅਗਸਤ ਤੱਕ ਲੱਗਣ ਵਾਲੇ ਮਾਤਾ ਚਿੰਤਪੂਰਨੀ ਜੀ ਦੇ ਮੇਲੇ ਸਬੰਧੀ ਅੱਜ ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਦੀ ਹਾਜ਼ਰੀ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹਿਰ ਵਿੱਚ ਧਾਰਮਿਕ ਸੰਗਠਨਾਂ, ਲੰਗਰ ਕਮੇਟੀਆਂ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਸਰਵਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਮਾਤਾ ਚਿੰਤਪੂਰਨੀ ਮੇਲੇ ਸਬੰਧੀ ਹੁਸ਼ਿਆਰਪੁਰ ਵਿੱਚ ਰੋਡ ਸਾਈਡ ਲੰਗਰ ਨਾ ਲਗਾਉਂਦੇ ਹੋਏ ਪ੍ਰਸ਼ਾਸਨ ਵਲੋਂ ਦੱਸੇ ਗਏ ਕੁਝ ਸਥਾਨਾਂ ’ਤੇ ਹੀ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਲੰਗਰ ਲਗਾਏ ਜਾਣਗੇ, ਜਿਸਦੀ ਸਹਿਮਤੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿੱਤੀ ਜਾਵੇਗੀ। ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਾਰੇ ਧਾਰਮਿਕ ਸੰਗਠਨਾਂ ਅਤੇ ਲੰਗਰ ਕਮੇਟੀਆਂ ਨੂੰ ਆਸਥਾ ਦੇ ਨਾਲ-ਨਾਲ ਕੋਵਿਡ-19 ਤੋਂ ਬਚਾਅ ਦੇ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੇਲਿਆਂ ਸਬੰਧੀ ਗਾਈਡਲਾਈਸ ਤਿਆਰ ਕੀਤੀ ਜਾ ਰਹੀ ਹੈ ਅਤੇ ਸਾਰੇ ਸੰਗਠ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਤਾ ਚਿੰਤਪੂਰਨੀ ਦੇ ਮੇਲੇ ਸਬੰਧੀ ਆਪਣੀਆਂ ਤਿਆਰੀਆਂ ਕਰਨ। ਉਨ੍ਹਾਂ ਸਪੱਸ਼ਟ ਕੀਤਾ ਕਿ ਕੋਵਿਡ-19 ਦੇ ਚੱਲਦੇ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਪ੍ਰਸ਼ਾਸਨ ਵਲੋਂ ਰੋਡ ਸਾਈਡ ਲੰਗਰ ਅਤੇ ਅਸਥਾਈ ਦੁਕਾਨਾਂ ’ਤੇ ਪੂਰਨ ਰੋਕ ਲਗਾ ਦਿੱਤੀ ਹੈ। ਇਸ ਲਈ ਹੁਸ਼ਿਆਰਪੁਰ ਤੋਂ ਲੰਘਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਦੇ ਨਾਲ-ਨਾਲ ਆਪਣੀ ਸੁਰੱਖਿਆ ਯਕੀਨੀ ਬਣਾਈ ਰੱਖਣ ਦੇ ਲਈ ਸੰਸਥਾਵਾਂ ਕੇਵਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦੱਸੇ ਗਏ ਸਥਾਨਾਂ ’ਤੇ ਕੋਵਿਡ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਲੰਗਰ ਲਗਾਉਣ।
ਇਸ ਦੌਰਾਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਦੇ ਲੋਕਾਂ ਦੀ ਸਿਹਤ ਨੂੰ ਲੈ ਕੇ ਕਾਫੀ ਗੰਭੀਰ ਹੈ ਅਤੇ ਜ਼ਿਲ੍ਹੇ ਵਿੱਚ ਕੋਵਿਡ-19 ’ਤੇ ਕਾਫੀ ਹੱਦ ਤੱਕ ਕਾਬੂ ਪਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਮਹਾਂਮਾਰੀ ਅੱਗੇ ਨਾ ਫੈਲੇ, ਇਸ ਦੇ ਲਈ ਜ਼ਿਲ੍ਹਾ ਵਾਸੀਆਂ ਵਿਸ਼ੇਸ਼ ਕਰਕੇ ਹੁਸ਼ਿਆਰਪੁਰ ਦੇ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਨੂੰ ਵੀ ਅੱਗੇ ਆਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਸੁਵਿਧਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਕੁਝ ਪੁਆਇੰਟ ’ਤੇ ਲੰਗਰ ਲਗਾਉਣ ਦੀ ਆਗਿਆ ਦਿੱਤੀ ਜਾਵੇਗਾ ਜੋ ਕਿ ਪੂਰੀ ਤਰ੍ਹਾਂ ਨਾਲ ਕਵਰ ਹੋਣਗੇ।
ਉਨ੍ਹਾਂ ਲੰਗਰ ਕਮੇਟੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਵੀ ਨਿਰਧਾਰਤ ਸਥਾਨਾਂ ’ਤੇ ਲੰਗਰ ਗਲਾਏ ਗਏ ਲੰਗਰ ਵਿੱਚ ਹੀ ਭਾਗੀਦਾਰ ਬਣਨ। ਉਨ੍ਹਾਂ ਕਿਹਾ ਕਿ ਐਸ.ਡੀ.ਐਮ ਹੁਸ਼ਿਆਰਪੁਰ ਜ਼ਿਲ੍ਹਾ ਥਾਵਾਂ ਨੂੰ ਚੁਣਨਗੇ ਕੇਵਲ ਉਨ੍ਹਾਂ ਥਾਵਾਂ ’ਤੇ ਲੰਗਰ ਲਗਾਇਆ ਜਾ ਸਕੇਗਾ, ਇਸ ਤੋਂ ਇਲਾਵਾ ਕਿਤੇ ਵੀ ਲੰਗਰ ਲਗਾਉਣ ਦੀ ਆਗਿਆ ਦਿੱਤੀ ਜਾਵੇਗੀ ਉਨ੍ਹਾਂ ਨੂੰ ਆਪਣੇ ਬਿਨੈਪੱਤਰ ਵਿੱਚ ਆਪਣੀ ਸੰਸਥਾ ਦੇ ਕੋਵਿਡ ਮਾਨਿਟਰ ਦਾ ਨਾਮ ਵੀ ਦੇਣਾ ਜ਼ਰੂਰੀ ਹੋਵੇਗਾ ਜੋ ਕਿ ਲੰਗਰ ਵਾਲੇ ਸਥਾਨ ’ਤੇ ਕੋਵਿਡ ਹਦਾਇਤਾਂ ਦੀ ਪਾਲਣਾ ਕਰਵਾਉਣ ਦੇ ਲਈ ਜ਼ਿੰਮੇਵਾਰ ਹੋਵੇਗਾ। ਇਸ ਤੋਂ ਇਲਾਵਾ ਪੀਣ ਦਾ ਪਾਣੀ, ਦਵਾਈਆਂ, ਟੈਂਪਰੇਰੀ ਪਖਾਨੇ, ਹੈਲਪਲਾਈਨ ਨੰਬਰ ਅਤੇ ਸਫਾਈ ਵਿਵਸਥਾ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੂਰੇ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲੰਗਰ ਵਿੱਚ ਡੀ.ਜੇ ’ਤੇ ਪੂਰਨ ਪਾਬੰਦੀ ਰਹੇਗੀ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਐਸ.ਐਸ.ਪੀ ਨਵਜੋਤ ਸਿੰਘ ਮਾਹਲ ਨੇ ਹਾਜ਼ਰ ਸਾਰੇ ਸੰਗਠਨਾਂ ਅਤੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਮੇਲੇ ਦੌਰਾਨ ਸਿਹਤ ਦੇ ਨਾਲ-ਨਾਲ ਸਫਾਈ ਵਿਵਸਥਾ ਦਾ ਵੀ ਧਿਆਨ ਰੱਖਣ ਅਤੇ ਮਾਸਕ ਪਹਿਨ ਕੇ ਹੀ ਘਰ ਤੋਂ ਬਾਹਰ ਨਿਕਲਣ। ਉਨ੍ਹਾਂ ਕਿਹਾ ਕਿ ਬਿਨ੍ਹਾ ਮਾਸਕ ਵਾਲੇ ਲੋਕਾਂ ਦੇ ਖਿਲਾਫ ਪੁਲਿਸ ਸਖ਼ਤੀ ਨਾਲ ਪੇਸ਼ ਆਵੇਗੀ, ਇਸ ਲਈ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਦੇ ਲਈ ਪੁਲਿਸ ਬਲ ਮੌਜੂਦ ਰਹੇਗਾ ਅਤੇ ਬਕਾਇਦਾ ਹਿਮਾਚਲ ਸੀਮਾ ਤੱਕ ਦੋ ਐਸ.ਪੀ ਤਾਇਨਾਤ ਹੋਣਗੇ, ਜਿਸ ਦੀ ਦੇਖ ਰੇਖ ਵਿੱਚ ਸੁਰੱਖਿਆ ਅਤੇ ਟਰੈਫਿਕ ਵਿਵਸਥਾ ਰਹੇਗੀ।
ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਕਮਿਸ਼ਨਰ ਨਗਰ ਨਿਗਮ ਆਸ਼ਿਕਾ ਜੈਨ ਨੇ ਸੰਗਠਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਲੰਗਰ ਦੇ ਲਈ ਪੱਤਲ ਅਤੇ ਬਰਤਨਾਂ ਦਾ ਹੀ ਇਸਤੇਮਾਲ ਕਰਨ ਅਤੇ ਡਿਸਪੋਜੇਬਲ ਦਾ ਪ੍ਰਯੋਗ ਨਾ ਕਰਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਸਫਾਈ ਵਿਵਸਥਾ ’ਤੇ ਕਾਫੀ ਹੱਦ ਤੱਕ ਅਸੀਂ ਕਾਬੂ ਪਾ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈਡਕਰਾਸ ਸੋਸਾਇਟੀ ਦੇ ਕੋਲ ਵੀ ਬਰਤਨ ਬੈਂਕ ਹੈ, ਜੇਕਰ ਕੋਈ ਸੰਸਥਾ ਉਨ੍ਹਾਂ ਕੋਲੋਂ ਬਰਤਣ ਲੈਣਾ ਚਾਹੁੰਦੀ ਹੈ ਤਾਂ ਨਿਰਧਾਰਤ ਸਿਕਿਓਰਿਟੀ ਰਾਸ਼ੀ ਜਮ੍ਹਾਂ ਕਰਵਾ ਕੇ ਉਸ ਕੋਲੋਂ ਬਰਤਨ ਲੈ ਸਕਦੀ ਹੈ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਐਸ.ਡੀ.ਐਮ ਹੁਸ਼ਿਆਰਪੁਰ ਸ਼ਿਵਰਾਜ ਬੱਲ, ਡੀ.ਐਸ.ਪੀ ਗੁਰਪ੍ਰੀਤ ਸਿੰਘ, ਡੀ.ਡੀ.ਐਫ ਪਿਯੂਸ਼ ਗੋਇਲ ਤੋਂ ਇਲਾਵਾ ਧਾਰਮਿਕ, ਸਮਾਜਿਕ ਸੰਗਠਨਾ ਅਤੇ ਲੰਗਰ ਕਮੇਟੀਆਂ ਦੇ ਪ੍ਰਤੀਨਿਧ ਹਾਜ਼ਰ ਸਨ।