ਪਸ਼ੂਆਂ ਨੂੰ ਲਾਗ ਦੀ ਬਿਮਾਰੀ ਤੋਂ ਬਚਾਅ ਲਈ ਸੰਸਥਾ ਵਰਲਡ ਕੈਂਸਰ ਕੇਅਰ ਆਈ ਅੱਗੇ
- ਡਿਪਟੀ ਕਮਿਸ਼ਨਰ ਦੀ ਅਪੀਲ ਉੱਤੇ ਦਵਾਈਆਂ ਦੀ ਵੱਡੀ ਖ਼ੇਪ ਭੇਜੀ
ਸੁਖਮੰਦਰ ਹਿੰਮਤਪੁਰੀ
ਮੋਗਾ, 5 ਅਗਸਤ 2021 - ਪੰਜਾਬ ਦੇ ਇਤਿਹਾਸਿਕ ਪਿੰਡ ਦੀਨਾ ਸਾਹਿਬ ਵਿਖੇ ਪਸ਼ੂਆਂ ਨੂੰ ਲਾਗ ਲੱਗਣ ਕਾਰਨ ਬਿਮਾਰੀ ਫੈਲੀ ਹੋਈ ਹੈ, ਜਿਸਦੇ ਚਲਦੇ ਕੁਲਵੰਤ ਸਿੰਘ ਧਾਲੀਵਾਲ ਦੀ ਸੰਸਥਾ ਵਰਲਡ ਕੈਂਸਰ ਕੇਅਰ ਵੱਲੋਂ ਅੱਜ ਪਸ਼ੂਆਂ ਦੇ ਇਲਾਜ ਲਈ ਦਵਾਈਆਂ ਦੀ ਇੱਕ ਵੱਡੀ ਖੇਪ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਜੀ ਨੂੰ ਮੁਹੱਈਆ ਕਰਵਾਈ ਗਈ। ਸੰਸਥਾ ਦੇ ਨੁਮਾਇੰਦੇ ਨੇ ਅੱਜ ਇਹ ਖੇਪ ਸ਼੍ਰੀ ਹੰਸ ਨੂੰ ਸੌਂਪੀ।ਡਿਪਟੀ ਕਮਿਸ਼ਨਰ ਸ਼੍ਰੀ ਹੰਸ ਨੇ ਕੁਲਵੰਤ ਸਿੰਘ ਧਾਲੀਵਾਲ ਅਤੇ ਸੰਸਥਾ ਵਰਲਡ ਕੈਂਸਰ ਕੇਅਰ ਦਾ ਇਸ ਮਦਦ ਲਈ ਸ਼ੁਕਰਾਨਾ ਕਰਦਿਆਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜਿੱਥੋਂ ਦੇ ਬਹੁਤੇ ਲੋਕ ਖੇਤੀ ਉੱਪਰ ਨਿਰਭਰ ਕਰਦੇ ਹਨ ਅਤੇ ਇਸ ਕਿੱਤੇ ਨਾਲ ਮੁੱਢ ਕਦੀਮੋਂ ਜੁੜੇ ਹੋਏ ਹਨ। ਖੇਤੀਬਾੜੀ ਨਾਲ ਪਸ਼ੂ ਪਾਲਣਾ ਵੀ ਇੱਕ ਲਾਹੇਵੰਦ ਧੰਦਾ ਹੈ ਜਿਹੜਾ ਕਿ ਪੰਜਾਬ ਦੇ ਪਿੰਡ ਵਾਸੀਆਂ ਲਈ ਆਮਦਨੀ ਦਾ ਇੱਕ ਵਧੀਆ ਸਰੋਤ ਹੈ।
ਇਸ ਲਈ ਪੰਜਾਬ ਸਰਕਾਰ ਆਪਣੇ ਖੇਤੀਬਾੜੀ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੁਆਰਾ ਵੱਖ ਵੱਖ ਲੋਕ ਪੱਖੀ ਸਕੀਮਾਂ ਜਰੀਏ ਪੰਜਾਬ ਵਾਸੀਆਂ ਦੇ ਇਸ ਕਾਰੋਬਾਰ ਵਿੱਚ ਪ੍ਰਫੁੱਲਤਾ ਲਿਆਉਣ ਵਿੱਚ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਸਰਕਾਰ ਪਸ਼ੂ ਪਾਲਕਾਂ ਲਈ ਵਿੱਤੀ ਸਹਾਇਤਾ ਤੋਂ ਇਲਾਵਾ ਹੋਰ ਸਕੀਮਾਂ ਜਰੀਏ ਉਨ੍ਹਾਂ ਦੇ ਇਸ ਕਾਰੋਬਾਰ ਵਿੱਚ ਮੋਢੇ ਨਾਲ ਮੋਢਾ ਜ਼ੋੜ ਕੇ ਕੰਮ ਕਰ ਰਹੀ ਹੈ। ਦੱਸਣਯੋਗ ਹੈ ਕਿ ਇਸ ਪਿੰਡ ਵਿੱਚ ਪਸ਼ੂਆਂ ਦੀਆਂ ਹੋਈਆਂ ਮੌਤਾਂ ਦਾ ਜਾਇਜ਼ਾ ਲੈਣ ਅਤੇ ਪਿੰਡ ਵਾਸੀਆਂ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਤੁਰੰਤ ਫੌਰੀ ਕਦਮ ਚੁੱਕੇ ਗਏ ਸਨ ਅਤੇ ਬਾਕੀ ਪਸ਼ੂਆਂ ਨੂੰ ਬਚਾਅ ਲਈ ਉਪਰਾਲੇ ਅਰੰਭੇ ਗਏ ਸਨ। ਉਨ੍ਹਾਂ ਅੱਜ ਇੱਥੇ ਪਸ਼ੂਆਂ ਦੇ ਇਲਾਜ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ।
ਪਸੂ ਪਾਲਣ ਵਿਭਾਗ ਦੀ ਟੀਮ ਨੇ ਪਸ਼ੂਆਂ ਦੇ ਸੈਂਪਲ ਵੀ ਲਏ ਹਨ।ਪਸ਼ੂ ਪਾਲਣ ਵਿਭਾਗ ਦੀ ਵਿਸ਼ੇਸ਼ ਟੀਮ ਲੁਧਿਆਣਾ ਅਤੇ ਜਲੰਧਰ ਤੋਂ ਵੀ ਪਹੁੰਚੀ ਸੀ। ਇਸ ਟੀਮ ਨੇ ਸਮੂਹ ਪਸ਼ੂ ਪਾਲਕਾਂ ਨੂੰ ਪਰਹੇਜ਼ ਅਤੇ ਇਲਾਜ਼ ਦੀ ਜਾਣਕਾਰੀ ਦਿੱਤੀ। ਟੈਲੀਫੋਨ ਉੱਤੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਦਿਆਂ ਸ੍ਰ ਧਾਲੀਵਾਲ ਨੇ ਪਿੰਡ ਵਾਸੀਆਂ ਨੂੰ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿਵਾਇਆ ਅਤੇ ਪਿੰਡ ਵਿਚ ਪਸ਼ੂਆਂ ਦੇ ਹੋਏ ਭਾਰੀ ਨੁਕਸਾਨ ਤੇ ਦੁੱਖ ਦਾ ਇਜ਼ਹਾਰ ਵੀ ਕੀਤਾ।