ਵੀ ਸੀ ਪੰਜਾਬੀ ਯੂਨੀਵਰਸਿਟੀ ਨੇ ਪੰਜਾਬੀ ਪੀਡੀਆ ਕੇਂਦਰ ਵਲੋਂ ਤਿਆਰ 'ਪੰਜਾਬੀ ਪੀਡੀਆ' ਐਂਡਰੋਇਡ ਮੋਬਾਈਲ ਐਪ ਕੀਤੀ ਰਿਲੀਜ਼
ਜੀ ਐਸ ਪੰਨੂ
ਪਟਿਆਲਾ ,5 ਅਗਸਤ 2021 - ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਪੰਜਾਬੀ ਪੀਡੀਆ ਕੇਂਦਰ ਵਲੋਂ ਤਿਆਰ ਪੰਜਾਬੀ ਪੀਡੀਆ ਐਂਡਰੋਇਡ ਮੋਬਾਈਲ ਅਧਾਰਿਤ ਐਪ ਰਿਲੀਜ਼ ਕੀਤੀ ਗਈ । ਸਿੰਡੀਕੇਟ ਰੂਮ ਵਿਚ ਇਸ ਸੰਬੰਧੀ ਰੱਖੇ ਗਏ ਇਕ ਪ੍ਰੋਗਰਾਮ ਮੌਕੇ ਡਾ. ਪਰਗਟ ਸਿੰਘ, ਰਿਟਾਇਰਡ ਲੀਡਰ ਮੈਥੇਮੈਟਿਕਸ ਗਰੁੱਪ, ਲੰਡਨ ਮੈਟਰੋਪੌਲਿਟਨ ਯੂਨੀਵਰਸਿਟੀ, ਯੂਕੇ ਅਤੇ ਚੇਅਰਮੈਨ ਸਿੱਖ ਐਜੂਕੇਸ਼ਨ ਕੌਂਸਲ ਯੂਕੇ ਆਨਲਾਈਨ ਵਿਧੀ ਰਾਹੀਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਵਿਕਰਮ ਜੀਤ ਦੁੱਗਲ, ਡੀ.ਆਈ.ਜੀ., ਪਟਿਆਲਾ ਰੇਂਜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਵਾਈਸ ਚਾਂਸਲਰ ਡਾ. ਅਰਵਿੰਦ ਨੇ ਕਿਹਾ ਕਿ ਭਾਵੇਂ ਪੰਜਾਬੀ ਪੀਡੀਆ ਰਾਹੀਂ ਕੀਤਾ ਗਿਆ ਸਮੁੱਚਾ ਕਾਰਜ ਪਹਿਲਾਂ ਹੀ ਵੈੱਬਸਾਈਟ ਉੱਪਰ ਮੌਜੂਦ ਹੈ ਪਰ ਮੋਬਾਈਲ ਐਪ ਰਾਹੀਂ ਇਹ ਹਰੇਕ ਪੰਜਾਬੀ ਦੀ ਸਿੱਧੀ ਪਹੁੰਚ ਵਿਚ ਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਅਸੀਂ ਪੰਜਾਬੀ ਮਾਂ ਬੋਲੀ ਦੇ ਵਿਕਾਸ ਵਿਚ ਤਕਨਾਲੌਜੀ ਨੂੰ ਨਜ਼ਰਅੰਦਾਜ ਕਰ ਕੇ ਨਹੀਂ ਚੱਲ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬੀ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਅਜਿਹੇ ਉਪਰਾਲੇ ਹੀ ਕਾਰਗਰ ਸਿੱਧ ਹੋਣਗੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਭਵਿੱਖ ਵਿਚ ਆਰਟੀਫਿ਼ਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਅਜਿਹੇ ਪ੍ਰਾਜੈਕਟ ਨੂੰ ਹੋਰ ਨਿਖਾਰਨ ਦਾ ਯਤਨ ਕੀਤਾ ਜਾਵੇਗਾ।
ਮੁਖ ਮਹਿਮਾਨ ਡਾ. ਪਰਗਟ ਸਿੰਘ ਵੱਲੋਂ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਉਹ ਵਿਦੇਸ਼ਾਂ ਵਿਚ ਬੈਠੇ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਜਿਹੇ ਸ਼ਲਾਘਾਯੋਗ ਕਦਮਾਂ ਨੂੰ ਵੇਖਦੇ ਹਨ ਤਾਂ ਬਹੁਤ ਖੁਸ਼ੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਸੰਸਥਾਵਾਂ ਰਾਹੀਂ ਪੰਜਾਬੀ ਯੂਨੀਵਰਸਿਟੀ ਦੇ ਅਜਿਹੇ ਉਪਰਾਲਿਆਂ ਲਈ ਹਰ ਸੰਭਵ ਮਦਦ ਦੇਣ ਲਈ ਤਿਆਰ ਹਨ।
ਵਿਸ਼ੇਸ਼ ਮਹਿਮਾਨ ਵਿਕਰਮ ਜੀਤ ਦੁੱਗਲ ਨੇ ਇਸ ਉਪਰਾਲੇ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਸਾਨੂੰ ਦੱਖਣੀ ਭਾਰਤ ਤੋਂ ਸਬਕ਼ ਲੈਣ ਦੀ ਲੋੜ ਹੈ ਕਿ ਕਿਵੇਂ ਤਕਨਾਲੌਜੀ ਦੀ ਮੱਦਦ ਨਾਲ ਆਪਣੀ ਮਾਤ-ਭਾਸ਼ਾ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਅਜਿਹੇ ਉਪਰਾਲੇ ਨਿਸ਼ਚੇ ਹੀ ਪੰਜਾਬੀ ਭਾਸ਼ਾ ਨੂੰ ਅੱਗੇ ਲੈ ਕੇ ਜਾਣਗੇ।
ਕੋ-ਕੋਆਰਡੀਨੇਟਰ ਡਾ. ਰਾਜਵਿੰਦਰ ਸਿੰਘ ਅਤੇ ਇੰਜ. ਚਿਰੰਜੀਵ ਸਿੰਘ ਨੇ ਦੱਸਿਆ ਕਿ ਮੋਬਾਈਲ ਉੱਪਰ ਇੰਟਰਨੈੱਟ ਦੀ ਵਰਤੋਂ ਕਰਦਿਆਂ ਵੈੱਬਸਾਈਟ ਦੀ ਬਜਾਇ ਐਪ ਨੂੰ ਵੇਖਣਾ ਵਧੇਰੇ ਸੌਖਾਲ਼ਾ ਸਮਝਿਆ ਜਾਂਦਾ ਹੈ ਜਿਸ ਕਾਰਨ ਬਹੁਤ ਸਾਰੇ ਲੋਕਾਂ ਵੱਲੋਂ ਇਸ ਪ੍ਰਾਜੈਕਟ ਸੰਬੰਧੀ ਮੋਬਾਈਲ ਐਪ ਦੀ ਮੰਗ ਕੀਤੀ ਜਾਂਦੀ ਸੀ।
ਇਸ ਮੌਕੇ ਪੰਜਾਬੀ ਪੀਡੀਆ ਕੇਂਦਰ ਦੇ ਸਾਬਕਾ ਕੋਆਰਡੀਨੇਟਰ ਡਾ. ਦਵਿੰਦਰ ਸਿੰਘ, ਡਾ. ਰਾਜਿੰਦਰਪਾਲ ਸਿੰਘ ਬਰਾੜ ਅਤੇ ਡਾ. ਕੁਲਦੀਪ ਸਿੰਘ ਤੋਂ ਇਲਾਵਾ ਆਨਲਾਈਨ ਵਿਧੀ ਰਾਹੀਂ ਸ਼ਾਮਿਲ ਕਿਰਪਾਲ ਸਿੰਘ ਪੰਨੂ (ਗਲੋਬਲ ਪੰਜਾਬੀ ਕੈਨੇਡਾ), ਡਾ. ਅਖ਼ਤਰ ਹੁਸੈ ਸੰਧੂ, (ਸਰਕਾਰੀ ਇਸਲਾਮੀਆ ਗ੍ਰੈਜ਼ੂਏਟ ਕਾਲਜ ਲਾਹੌਰ), ਰਾਜਵੀਰ ਸਿੰਘ (ਲੀਡਰ ਆਫ਼ ਸੈਂਡਵੈਲ ਮੈਟਰੋਪੌਲਿਟਿਨ ਬੋਰੋ ਕੌਂਸਲ) ਅਤੇ ਕੁੰਵਰ ਬਰਾੜ (ਗਰੁੱਪ ਆਈ. ਟੀ. ਡਾਇਰੈਕਟਰ, ਯੂਕੇ) ਵੱਲੋਂ ਵੀ ਆਪਣੇ ਵਿਚਾਰ ਪ੍ਰਗਟਾਏ ਗਏ।