ਪੇਂਡੂ ਖੇਤਰਾਂ ਅੰਦਰ ਵਿਕਾਸ ਕਾਰਜ ਸਮੇਂ ਸਿਰ ਮੁਕੰਮਲ ਕਰਨ ਲਈ ਸਖਤ ਨਿਰਦੇਸ਼
ਵਧੀਕ ਡਿਪਟੀ ਕਮਿਸ਼ਨਰ ਨੂੰ ਹਫਤਾਵਾਰੀ ਰਿਵਿਊ ਕਰਨ ਦੇ ਹੁਕਮ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 6 ਸਤੰਬਰ 2021- ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਚਾਇਤੀ ਰਾਜ, ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਹਨ ਕਿ ਉਹ ਪੇਂਡੂ ਖੇਤਰਾਂ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕੀਤੇ ਜਾਣਾ ਯਕੀਨੀ ਬਣਾਉਣ। ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੂੰ ਕਿਹਾ ਗਿਆ ਹੈ ਕਿ ਉਹ ਫੀਲਡ ਅਧਿਕਾਰੀਆਂ ਦੇ ਕੰਮ ਦਾ ਹਫਤਾਵਾਰੀ ਤੌਰ ’ਤੇ ਨਿਰੀਖਣ ਕਰਨ।
ਅੱਜ ਇੱਥੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਐਸ ਪੀ ਆਂਗਰਾ ਸਮੇਤ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਦੌਰਾਨ ਉਨ੍ਹਾਂ ਕੁਝ ਕੰਮਾਂ ਵਿਚ ਦੇਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਕਿਹਾ ਕਿ ਥਾਪਰ ਮਾਡਲ ਤਹਿਤ ਜਿਲ੍ਹੇ ਵਿਚ 25 ਛੱਪੜਾਂ ਦੇ ਨਵੀਨੀਕਰਨ, ਠੋਸ ਰਹਿੰਦ ਖੂੰਹਦ ਦੇ ਪ੍ਰਬੰਧਨ , ਮਨਰੇਗਾ ਤਹਿਤ ਚੱਲ ਰਹੇ ਕੰਮਾਂ ਨੂੰ ਜਲਦ ਪੂਰਾ ਕਰਨ ਲਈ ਗੰਭੀਰ ਯਤਨ ਕਰਨ।
ਉਨਾਂ ਡਰੇਨਜ਼ ਵਿਭਾਗ ਵਲੋਂ ਮਨਰੇਗਾ ਤਹਿਤ ਚੱਲ ਰਹੇ 23 ਕੰਮਾਂ ਦਾ ਵੀ ਜਾਇਜ਼ਾ ਲਿਆ ਜਿਸ ਵਿਚੋਂ 17 ਮੁਕੰਮਲ ਕੀਤੇ ਜਾ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੇਂਡੂ ਖੇਤਰਾਂ ਅੰਦਰ ਸ਼ਹਿਰਾਂ ਵਾਂਗ ਬੁਨਿਆਦੀ ਢਾਂਚੇ ਦੀਆਂ 100 ਫੀਸਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ‘ਸਮਾਰਟ ਵਿਲੇਜ਼’ ਪ੍ਰੋਗਰਾਮ ਤਹਿਤ ਕੰਕਰੀਟ ਦੀਆਂ ਗਲੀਆਂ , ਸਟੀਰਟ ਲਾਇਟਾਂ, ਛੱਪੜਾਂ ਦੀ ਉਸਾਰੀ , ਪਾਰਕਾਂ ਦੀ ਉਸਾਰੀ ਦੇ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਨ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿੱਤ ਕਮਿਸ਼ਨਾਂ ਤਹਿਤ ਜਾਰੀ ਗਰਾਂਟਾਂ ਦੀ 100 ਫੀਸਦੀ ਵਰਤੋਂ ਯਕੀਨੀ ਬਣਾਈ ਜਾਵੇ।
ਡਿਪਟੀ ਕਮਿਸ਼ਨਰ ਵਲੋਂ ਵਿਭਾਗਾਂ ਨੂੰ ਕੀਤੇ ਕੰਮਾਂ ਦੇ ਵਰਤੋਂ ਸਰਟੀਫਿਕੇਟ ਤੁਰੰਤ ਜਮ੍ਹਾਂ ਕਰਵਾਉਣ ਦੇ ਹੁਕਮ ਵੀ ਦਿੱਤੇ ਗਏ।
ਇਸ ਮੌਕੇ ਡੀ.ਡੀ.ਪੀ.ਓ. ਨੀਰਜ ਕੁਮਾਰ, ਸੁਪਰਡੈਂਟ ਸਾਹਿਲ ਉਬਰਾਏ, ਐਕਸੀਅਨ ਪੰਚਾਇਤੀ ਰਾਜ, ਸਮੂਹ ਬੀ.ਡੀ.ਪੀ.ਓਜ਼ ਵੀ ਹਾਜ਼ਰ ਸਨ।