ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਮਾਤਾ ਦਮੋਦਰੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਡੱਲਾ 'ਚ ਜੋੜ ਮੇਲਾ ਆਯੋਜਿਤ
ਸੁਲਤਾਨਪੁਰ ਲੋਧੀ, 7 ਸਤੰਬਰ 2021- ਸਿੱਖ ਧਰਮ ਦੇ ਛੇਵੇਂ ਗੁਰੂ ਮੀਰੀ-ਪੀਰੀ ਦੇ ਮਾਲਕ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਹਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮਾਤਾ ਦਮੋਦਰੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ 3 ਰੋਜਾ ਜੋੜ ਮੇਲਾ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ । ਇਸ ਸਮੇਂ ਅੱਜ ਗੁ: ਮਾਤਾ ਦਮੋਦਰੀ ਜੀ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਦੀਵਾਨ ਸਜਾਏ ਗਏ । ਜਿਸ ਵਿੱਚ ਪਰਮਹੰਸ ਭਾਈ ਪਾਰੋ ਜੀ ਗੁਰਮਤਿ ਸੰਗੀਤ ਕਲਾ ਕੇਂਦਰ ਡੱਲਾ ਦੇ ਵਿਦਿਆਰਥੀਆਂ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਤੇ ਉਪਰੰਤ ਪੰਥ ਦੇ ਵਿਦਵਾਨ ਅੰਤਰਰਾਸ਼ਟਰੀ ਢਾਡੀ ਗਿਆਨੀ ਫੌਜਾ ਸਿੰਘ ਸਾਗਰ ਤੇ ਢਾਡੀ ਪ੍ਰਚਾਰਕ ਭਾਈ ਮਨਜੀਤ ਸਿੰਘ ਖਿੰਡਾ ਤੇ ਭਾਈ ਗੁਰਜੀਤ ਸਿੰਘ ਗੋਰੀ ਜਾਂਗਲਾ ਦੇ ਮਿਕਸ ਢਾਡੀ ਜਥੇ ਵੱਲੋਂ ਸੰਗਤਾਂ ਨੂੰ ਗੁਰਇਤਿਹਾਸ ਸਰਵਣ ਕਰਵਾਇਆ । ਇਸਤੋਂ ਇਲਾਵਾ ਕਵੀਸ਼ਰੀ ਜਥਿਆਂ ਵੱਲੋਂ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ।
ਗਿਆਨੀ ਫੌਜਾ ਸਿੰਘ ਸਾਗਰ ਨੇ ਇਤਿਹਾਸ ਸੁਣਾਉਂਦੇ ਦੱਸਿਆ ਕਿ ਇਤਿਹਾਸਕ ਪਿੰਡ ਡੱਲਾ ਦੇ ਨਿਵਾਸੀ ਭਾਈ ਨਰਾਇਣ ਦਾਸ ਜੀ ਦੀ ਸਪੁੱਤਰੀ ਬੀਬੀ ਦਮੋਦਰੀ ਜੀ ਦਾ ਅਨੰਦ ਕਾਰਜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ 22 ਭਾਦੋਂ ਸੰਮਤ 1661 ਨੂੰ ਹੋਇਆ ਸੀ ਤੇ ਉਸ ਸਮੇਂ ਬਰਾਤ ਵਿੱਚ ਸਤਿਗੁਰੂ ਜੀ ਦੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਸਮੇਤ ਕਈ ਗੁਰਸਿੱਖਾਂ ਨੇ ਹਾਜ਼ਰੀ ਭਰੀ ।ਇਸ ਸਮੇਂ ਗੁਰਦੁਆਰਾ ਮਾਤਾ ਦਮੋਦਰੀ ਵਿਖੇ ਗੁਰੂ ਕੇ ਅਤੁੱਟ ਲੰਗਰ ਲਗਾਏ ਗਏ ।ਸਮਾਗਮ ਦੌਰਾਨ ਗੁਰਦੁਆਰਾ ਬਾਉਲੀ ਸਾਹਿਬ ਦੇ ਮੈਨੇਜਰ ਭਾਈ ਚੈਚਲ ਸਿੰਘ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਤੇ ਗੁਰਮਤਿ ਸਮਾਗਮ 'ਚ ਆਏ ਢਾਡੀ ਤੇ ਕਵੀਸ਼ਰੀ ਜਥਿਆਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ।
ਇਸ ਸਮੇਂ ਬਾਬਾ ਜੱਗਾ ਸਿੰਘ, ਮੈਨੇਜਰ ਭਾਈ ਚੈਂਚਲ ਸਿੰਘ ਆਹਲੀ, ਸਾਬਕਾ ਬਲਾਕ ਸੰਮਤੀ ਮੈਂਬਰ ਨਰਿੰਦਰ ਸਿੰਘ ਖਿੰਡਾ , ਪ੍ਰੋ. ਗੁਰਵਿੰਦਰ ਸਿੰਘ, ਢਾਡੀ ਕਮਲਦੀਪ ਸਿੰਘ, ਸਾਬਕਾ ਸਰਪੰਚ ਭਜਨ ਸਿੰਘ ਮੁਹੱਬਲੀਪੁਰ, ਭੁਪਿੰਦਰ ਸਿੰਘ, ਬੀਬੀ ਬਲਜੀਤ ਕੌਰ ਕਮਾਲਪੁਰ, ਝਿਰਮਿਲ ਸਿੰਘ ਚੱਕਚੇਲਾ, ਬਲਵੰਤ ਸਿੰਘ ਫੂਕੀਵਾਲ, ਨਿਰਵੈਲ ਸਿੰਘ, ਬਲਕਾਰ ਸਿੰਘ, ਰਣਜੀਤ ਸਿੰਘ, ਬਖਸੀਸ਼ ਸਿੰਘ ਆਹਲੀ, ਭਾਈ ਗੁਰਪ੍ਰੀਤ ਸਿੰਘ ਖਜਾਨਚੀ, ਭਾਈ ਸੁਖਦੇਵ ਸਿੰਘ ਕਥਾਵਾਚਕ ਅਤੇ ਸੁਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ।