ਡੀ ਸੀ ਕਪੂਰਥਲਾ ਨੇ ਲਿਆ ਮਾਲ ਵਿਭਾਗ ਦੀ ਕਾਰਗੁਜ਼ਾਰੀ ਦਾ ਜਾਇਜ਼ਾ
ਬਲਵਿੰਦਰ ਸਿੰਘ ਧਾਲੀਵਾਲ
- ਰਿਕਵਰੀ ਵਿਚ ਤੇਜੀ ਲਿਆਉਣ ਦੇ ਹੁਕਮ
ਸੁਲਤਾਨਪੁਰ ਲੋਧੀ, 7 ਸਤੰਬਰ 2021 - ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਅੱਜ ਮਾਲ ਵਿਭਾਗ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਗਿਆ, ਜਿਸ ਦੌਰਾਨ ਉਨ੍ਹਾਂ ਮਾਲ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਉਹ ਰਿਕਵਰੀ ਵਿਚ ਤੇਜੀ ਲਿਆਉਣ।
ਉਨ੍ਹਾਂ ਕਿਹਾ ਕਿ ਸਮੂਹ ਪਟਵਾਰੀ ਹੜਤਾਲ ਖਤਮ ਹੋਣ ਪਿੱਛੋਂ ਤੁਰੰਤ ਵਾਧੂ ਸਰਕਲਾਂ ਦਾ ਕੰਮ ਸ਼ੁਰੂ ਕਰਨ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਮਾਲ ਅਦਾਲਤਾਂ ਵਿਚ ਕੋਵਿਡ ਕਾਰਨ ਬਕਾਇਆ ਪਏ ਕੇਸਾਂ ਦੇ ਨਿਪਟਾਰੇ ਲਈ ਵੀ ਵਿਸ਼ੇਸ਼ ਯਤਨ ਕੀਤੇ ਜਾਣ ਅਤੇ ਅਧਿਕਾਰੀ ਲਗਾਤਾਰ ਅਦਾਲਤਾਂ ਲਾਉਣ। ਇਸ ਤੋਂ ਇਲਾਵਾ ਹਾਈਕੋਰਟ ਤੇ ਹੋਰਨਾਂ ਅਦਾਲਤਾਂ ਵਿਚ ਬਕਾਇਆ ਪਏ ਕੇਸਾਂ ਬਾਰੇ ਸਮੂਹ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਸੂਚੀਆਂ ਸੌਪਣ ਦੇ ਵੀ ਨਿਰਦੇਸ਼ ਦਿੱਤੇ ਗਏ ਤਾਂ ਜੋ ਅਜਿਹੇ ਕੇਸਾਂ ਦੀ ਸੁਚੱਜੇ ਢੰਗ ਨਾਲ ਪੈਰ੍ਹਵੀ ਕੀਤੀ ਜਾ ਸਕੇ।
ਜਿਲ੍ਹੇ ਅੰਦਰ ਚੱਲ ਰਹੇ 20 ਸੇਵਾ ਕੇਂਦਰਾਂ ਦੇ ਕੰਮ ਦੇ ਜਾਇਜ਼ੇ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਦਿਨਾਂ ਵਿਚ ਸ਼ੁਰੂ ਕੀਤੀਆਂ ਸੇਵਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਸ਼੍ਰੀ ਰਾਜੀਵ ਵਰਮਾ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਅਦਿਤਿਆ ਉੱਪਲ, ਐਸ.ਡੀ.ਐਮ ਕਪੂਰਥਲਾ ਡਾ. ਜੈਇੰਦਰ ਸਿੰਘ, ਜਿਲ੍ਹਾ ਮਾਲ ਅਫਸਰ ਗੁਰਮੀਤ ਸਿੰਘ ਮਾਨ, ਸੁਪਰਡੈਂਟ ਸਤਬੀਰ ਸਿੰਘ ਤੇ ਸਮੂਹ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਹਾਜ਼ਰ ਸਨ।