ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਕੱਚੇ ਪੱਕੇ ਕਰਮਚਾਰੀਆਂ ਘੇਰਿਆ ਮੈਡੀਕਲ ਕਾਲਜ, ਪੜ੍ਹੋ ਅੱਗੇ ਕੀ ਹੋਇਆ ?
ਜੀ ਐਸ ਪੰਨੂ
ਪਟਿਆਲਾ,7 ਸਤੰਬਰ 2021 - ਸਰਕਾਰੀ ਮੈਡੀਕਲ ਕਾਲਜ,ਡੈਟਲ ਕਾਲਜ, ਰਾਜਿੰਦਰਾ ਹਸਪਤਾਲ ਅਤੇ ਟੀ ਬੀ ਹਸਪਤਾਲ ਦੇ ਕਰਮਚਾਰੀ ਸਮੇਤ ਕੰਟੈਕਟ-ਆਊਟਸੋਰਸ, ਮਲਟੀਟਾਸਕ ਅਤੇ ਕਰੌਨਾ ਯੋਧੇ (ਨਰਸਿੰਗ,ਪੈਰਾ-ਮੈਡੀਕਲ ਤੇ ਦਰਜਾ-4) ਜੋ ਪਿਛਲੇ ਲੰਮੇ ਸਮੇਂ ਤੋਂ ਪੜਾਅ ਵਾਰ ਸੰਘਰਸ਼ ਕਰ ਰਹੇ ਹਨ ਪਰੰਤੂ ਇਸ ਸੰਘਰਸ਼ ਦੋਰਾਨ ਮੈਡੀਕਲ ਕਾਲਜ ਦੇ ਰੈਗੂਲਰ ਕਰਮਚਾਰੀਆਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਅੱਜ ਸਮੂਹ ਕਰਮਚਾਰੀਆਂ ਨੇ ਸਵੇਰ ਤੋਂ ਹੀ ਮੈਡੀਕਲ ਕਾਲਜ ਦੇ ਦੋਵੇਂ ਗੇਟ ਬੰਦ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਮੁਲਾਜ਼ਮਾਂ ਦੇ ਪ੍ਰਮੁੱਖ ਆਗੂ ਸਾਥੀ ਰਾਮ ਕਿਸ਼ਨ ਨੇ ਕਿਹਾ ਕਿ ਵਿਭਾਗ ਦੇ ਮੰਤਰੀ ਓ ਪੀ ਸੋਨੀ ਨਾਲ ਤਿੰਨ ਵਾਰ ਮੁਲਾਜ਼ਮ ਮੰਗਾਂ ਤੇ ਗਲਬਾਤ ਹੋ ਚੁੱਕੀ ਹੈ,ਪਹਿਲੇ ਪ੍ਰਮੁੱਖ ਸਕੱਤਰ ਡੀ ਕੇ ਤਿਵਾੜੀ ਅਤੇ ਮੌਜੂਦਾ ਪ੍ਰਮੁੱਖ ਸਕੱਤਰ ਅਲੌਕ ਸ਼ੇਖਰ ਉਪਰੰਤ ਪਟਿਆਲਾ ਦੇ ਮੇਅਰ ਸੰਜੀਵ ਕੁਮਾਰ ਬਿੱਟੂ ਸ਼ਰਮਾ ਨਾਲ ਫਿਰ ਮੇਅਰ ਰਾਹੀਂ ਬੀਬਾ ਜੈਇੰਦਰ ਕੌਰ ਅਨੇਕਾਂ ਵਾਰ ਡਾਇਰੈਕਟਰ ਪ੍ਰਿੰਸੀਪਲ ਮੈਡੀਕਲ ਕਾਲਜ ਤੇ ਮੈਡੀਕਲ ਸੁਪਰਡੈਂਟ ਰਾਜਿੰਦਰਾ ਹਸਪਤਾਲ ਸਮੇਤ ਡਾਇਰੈਕਟਰ ਖੌਜ ਅਤੇ ਮੈਡੀਕਲ ਸਿੱਖਿਆ ਮੀਟਿੰਗਾਂ ਹੋਣ ਉਪਰੰਤ ਵੀ ਪਰਨਾਲਾ ਉੱਥੇ ਦਾ ਉੱਥੇ ਹੀ ਹੈ।
ਕੰਟਰੈਕਟ-ਆਊਟਸੋਰਸ(ਨਰਸਿੰਗ,ਪੈਰਾ-ਮੈਡੀਕਲ ਤੇ ਦਰਜਾ-4) ਕਾਮਿਆਂ ਨੂੰ ਪਿਛਲੇ ਦੋ ਸਾਲਾਂ ਤੋਂ ਘੱਟੋ-ਘੱਟ ਉਜ਼ਰਤਾਂ ਵਿਚ ਵਾਧਾ ਨਹੀਂ ਦਿੱਤਾ ਗਿਆ, ਸਮੂਹ ਕਰੌਨਾ-ਯੋਧਿਆਂ ਨੂੰ ਵਿਭਾਗ ਵਿੱਚ ਖਪਾਉਣ ਅਤੇ ਕੰਟਰੈਕਟ ਕਰਮਚਾਰੀਆਂ ਨੂੰ ਨਿਯਮਤ ਕਰਨ ਦੇ ਸਿਰਫ਼ ਲਾਰੇ ਲੱਪੇ ਹੀ ਲਾਏ ਜਾ ਰਹੇ ਹਨ ਤਰਸ ਆਧਾਰਿਤ ਕੇਸ਼ਾਂ ਨੂੰ ਲੰਮੇ ਸਮੇਂ ਤੋਂ ਲਟਕਾਇਆ ਜਾ ਰਿਹਾ ਹੈ ਤਰਸ ਆਧਾਰਿਤ ਨੌਕਰੀਆਂ ਨਹੀਂ ਦਿਤੀਆਂ ਜਾ ਰਹੀਆਂ ਇਸ ਤਰ੍ਹਾਂ ਅਨੇਕਾਂ ਹੋਰ ਮੰਗਾਂ ਲਮਕਾ ਅਵਸਥਾ ਵਿੱਚ ਚਲ ਰਹੀਆਂ ਹਨ। ਸਾਡੇ 41 ਰੈਗੂਲਰ ਕਰਮਚਾਰੀਆਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ , ਕਰਮਚਾਰੀਆਂ ਨੂੰ ਘਰ ਚਲਾਉਣੇ ਔਖੇ ਹੋ ਰਹੇ ਹਨ ਇਸ ਕਰਕੇ ਮਜ਼ਬੂਰਨ ਅੱਜ ਸਾਨੂੰ ਤਨਖਾਹਾਂ ਜਾਰੀ ਕਰਵਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਤੇ ਇਹ ਸੰਘਰਸ਼ ਉਨੀਂ ਦੇਰ ਤੱਕ ਚਲਦਾ ਰਹੇਗਾ ਜਦੋਂ ਤੱਕ ਤਨਖਾਹਾਂ ਜਾਰੀ ਹੋਣ ਦੀ ਮਨਜ਼ੂਰੀ ਨਹੀਂ ਮਿਲ ਜਾਂਦੀ।
ਸਵੇਰ ਤੋਂ ਹੀ ਮੈਡੀਕਲ ਕਾਲਜ ਅੰਦਰ ਜਾਣ ਦੇ ਸਾਰੇ ਰਸਤੇ ਬੰਦ ਹੋਣ ਤੇ ਕਾਲਜ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਤਾਂ ਮੈਡੀਕਲ ਸੁਪਰਡੈਂਟ ਰਾਜਿੰਦਰਾ ਹਸਪਤਾਲ ਅਤੇ ਪ੍ਰਿੰਸੀਪਲ ਮੈਡੀਕਲ ਕਾਲਜ ਹਰਕਤ ਵਿਚ ਆਏ ਤੇ ਉਚ ਅਧਿਕਾਰੀਆਂ ਨਾਲ ਲਗਾਤਾਰ ਗਲਬਾਤ ਕੀਤੀ ਉਧਰੋਂ ਯੂਨੀਅਨ ਆਗੂਆਂ ਨੇ ਰੋਡ ਜਾਮ ਕਰਨ ਦਾ ਐਲਾਨ ਕੀਤਾ ਤਾਂ ਜਾ ਕੇ ਸਰਕਾਰੀ ਚਿੱਠੀ ਲੈ ਕੇ ਪ੍ਰਿੰਸੀਪਲ ਡਾਇਰੈਕਟਰ ਡਾਕਟਰ ਰਾਜਨ ਸਿੰਗਲਾ ਨੇ ਧਰਨੇ ਵਾਲੀ ਜਗ੍ਹਾ ਤੇ ਪਹੁੰਚ ਕੇ ਆਗੂਆਂ ਨੂੰ ਧਰਨਾ ਸਮਾਪਤ ਕਰਨ ਦੀ ਅਪੀਲ ਕਰਨ ਉਪਰੰਤ ਧਰਨਾ ਚੁੱਕਿਆ ਤੇ ਗੇਟ ਖੋਲ੍ਹ ਦਿੱਤੇ ਗਏ। ਉਨ੍ਹਾਂ ਨੇ ਤਨਖਾਹ ਦੀ ਦਿਵਾਉਣ ਦੀ ਜ਼ੁਮੇਵਾਰੀ ਲਈ ਤੇ ਐਲਾਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਥੀ ਅਰੁਣ ਕੁਮਾਰ,ਬਾਲਕ ਰਾਮ, ਰਾਜਨ,ਰਾਜੇਸ਼ ਕੁਮਾਰ ਗੋਲੂ, ਸੰਦੀਪ ਕੌਰ, ਗੁਰਲਾਲ ਸਿੰਘ, ਕੁਲਵਿੰਦਰ ਸਿੰਘ, ਕਿਸ਼ੋਰ ਕੁਮਾਰ ਟੋਨੀ, ਪ੍ਰਦੀਪ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ।