ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਮਿੰਨੀ ਕਿੱਟ ਜਾਰੀ
ਬਾਗਬਾਨੀ ਵਿਭਾਗ ਦੇ ਬਲਾਕ ਦਫਤਰਾਂ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ ਕਿੱਟਾਂ
ਬਲਵਿੰਦਰ ਸਿੰਘ ਧਾਲੀਲ
ਸੁਲਤਾਨਪੁਰ ਲੋਧੀ ,8 ਸਤੰਬਰ-2021
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉਪਲ ਵੱਲੋਂ ਬਾਗਬਾਨੀ ਵਿਭਾਗ ਦੀ ਘਰੇਲੂ ਬਗੀਚੀ ਵਾਸਤੇ ਤਿਆਰ ਕੀਤੀ ਸਰਦ ਰੁੱਤ ਦੇ ਸਬਜੀ ਬੀਜਾਂ ਦੀ ਮਿੰਨੀ ਕਿਟ ਜਾਰੀ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਆਪਣੇ ਘਰਾਂ/ਟਿਊਬਵੈਲਾਂ ਤੇ ਆਪਣੀ ਘਰੇਲੂ ਲੋੜ ਦੀ ਪੂਰਤੀ ਵਾਸਤੇ ਸਾਨੂੰ ਸਬਜੀਆਂ ਪੈਦਾ ਕਰਨੀਆ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਇਹ ਕਿਟ ਰਾਹੀਂ ਘਰੇਲੂ ਬਗੀਚੀ ਵਿੱਚ ਤਿਆਰ ਕੀਤੀਆਂ ਸਬਜੀਆਂ ਨਾ ਕੇਵਲ ਤਾਜੀਆਂ ਹੁੰਦੀਆਂ ਹਨ ਸਗੋਂ ਕਈ ਤਰਾਂ ਦੇ ਜਹਿਰਾਂ ਦੇ ਅਸਰ ਤੋਂ ਵੀ ਮੁਕਤ ਹੁੰਦੀਆਂ ਹਨ।
ਘਰੈਲੂ ਬਗੀਚੀ ਨਾਲ ਸਬਜੀਆਂ ਪੈਦਾ ਕਰਨ ਨਾਲ ਸਬਜੀਆਂ ਤੇ ਆਉਣ ਵਾਲਾ ਅੰਦਾਜਨ ਸਲਾਨਾ 60000/— ਰੁਪਏ ਪ੍ਰਤੀ ਪਰਿਵਾਰ ਖਰਚਾ ਵੀ ਬਚੇਗਾ।ਇਸ ਮੌਕੇ ਸ਼੍ਰੀ ਲਾਲ ਬਹਾਦਰ ਡਿਪਟੀ ਡਾਇਰੈਕਟਰ ਬਾਗਬਾਨੀ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਇੱਕ ਆਮ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਸੰਤੁਲਿਤ ਖੁਰਾਕ ਜਿਸ ਵਿੱਚ ਵਿਟਾਮਿਨ, ਪ੍ਰੋਟੀਨ ਅਤੇ ਹੋਰ ਲੋੜੀਂਦੇ ਖੁਰਾਕੀ ਤੱਤ ਮੌਜੂਦ ਹੋਣ ਦਾ ਸੇਵਨ ਕਰਨਾ ਬਹੁਤ ਜਰੂਰੀ ਹੈ।
ਉਨਾਂ ਕਿਹਾ ਕਿ ਸੰਤੁਲਿਤ ਖੁਰਾਕ ਦੀ ਪੂਰਤੀ ਆਪਣੀ ਘਰੇਲੂ ਬਗੀਚੀ ਵਿੱਚੋਂ ਕੀਤੀ ਜਾ ਸਕਦੀ ਹੈ।ਉਨਾਂ ਕਿਹਾ ਕਿ ਸਾਰਾ ਸਾਲ ਘਰਾਂ ਵਿੱਚ ਰੋਜਾਨਾ ਖਪਤ ਲਈ ਵਰਤੀਆਂ ਜਾਣ ਵਾਲੀਆਂ ਸਬਜੀਆਂ, ਫਲਾਂ ਅਤੇ ਦਾਲਾਂ ਆਦਿ ਨੂੰ ਘਰਾਂ/ਟਿਊਬਵੈਲਾਂ ਤੇ ਸੁਚੱਜੇ ਢੰਗ ਨਾਲ ਪੈਦਾ ਕਰਨ ਨੂੰ ਹੀ ਘਰੇਲੂ ਬਗੀਚੀ ਕਿਹਾ ਜਾਂਦਾ ਹੈ।
ਬਾਗਬਾਨੀ ਵਿਕਾਸ ਅਫਸਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਸਬਜੀ ਬੀਜ ਕਿਟ ਵਿੱਚ ਸਰਦ ਰੁੱਤ ਦੇ ਸਬਜੀਆਂ ਦੇ ਪਾਏ ਬੀਜ ਜੋ ਕਿ 5—6 ਮਰਲੇ ਰਕਬੇ ਲਈ ਕਾਫੀ ਹਨ। ਉਨਾਂ ਜਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਲਾਕ ਦੇ ਬਾਗਬਾਨੀ ਵਿਕਾਸ ਅਫਸਰ ਨੂੰ ਮਿਲ ਕੇ ਇਹ ਮਿੰਨੀ ਕਿਟ ਜਿਸ ਦੀ ਵਿਭਾਗ ਵੱਲੋ ਕੀਮਤ 90/— ਰੁਪਏ ਰੱਖੀ ਗਈ ਹੈ ਪ੍ਰਾਪਤ ਕਰ ਸਕਦੇ ਹਨ।