ਦਿੱਲੀ ਕਿਸਾਨੀ ਸੰਘਰਸ਼ ਲਈ ਲੋਧੀਵਾਲ ਤੋਂ ਕਿਸਾਨੀ ਜਥਾ ਰਾਸ਼ਨ ਲੈ ਕੇ ਰਵਾਨਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 9 ਸਤੰਬਰ 2021 - ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਬਣਾਏ ਕਾਲੇ ਕਨੂੰਨਾਂ ਨੂੰ ਰੱਦ ਕਰਵਾਉਂਣ ਲਈ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮੁੱਚੇ ਦੇਸ਼ ਦੇ ਕਿਸਾਨਾਂ ਵਲੋਂ ਪੂਰਨ ਰੂਪ ਵਿੱਚ ਸਮਰਥਨ ਮਿਲ ਰਿਹਾ ਹੈ ਤੇ ਸਮੂਹ ਕਿਸਾਨ ਇਹਨਾਂ ਕਾਲੇ ਕਨੂੰਨਾਂ ਨੂੰ ਰੱਦ ਕਰਵਾ ਕੇ ਹੀ ਘਰ ਵਾਪਸ ਆਉਂਣਗੇ ।ਇਹ ਸ਼ਬਦ ਕਿਸਾਨ ਆਗੂ ਸੁਖਜਿੰਦਰ ਸਿੰਘ ਲੋਧੀਵਾਲ ਨੇ ਅੱਜ ਪਿੰਡ ਲੋਧੀਵਾਲ ਵਿਖੇ ਸਮੁੱਚੇ ਨਗਰ ਦੀ ਸੰਗਤ ਵਲੋਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਲਈ ਲੰਗਰਾਂ ਵਾਸਤੇ ਰਾਸ਼ਣ ਇੱਕ ਵੱਡੇ ਜਥੇ ਦੀ ਅਗਵਾਈ ਹੇਠ ਰਵਾਨਾ ਕਰਦਿਆਂ ਕਹੇ।
ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜਾਣਬੁੱਝ ਕੇ ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਟਾਲ ਮਟੋਲ ਕਰ ਰਹੇ ਹਨ ਅਤੇ ਕਿਸਾਨ ਵਿਰੋਧੀ ਬਣਾਏ ਕਾਲੇ ਕਨੂੰਨ ਰੱਦ ਕਰਨ ਵਾਲੇ ਪਾਸੇ ਧਿਆਨ ਕੇਂਦਰਤ ਨਹੀਂ ਕਰ ਰਹੀ।ਉਹਨਾਂ ਕਿਹਾ ਇਸ ਕਿਸਾਨੀ ਸੰਘਰਸ਼ ਵਿੱਚ ਵੱਡੀ ਗਿਣਤੀ ਕਿਸਾਨ ਆਪਣੀਆਂ ਜਾਨਾਂ ਕੁਰਬਾਨ ਕਰ ਚੱਕੇ ਹਨ ਪਰ ਦੇਸ਼ ਦੇ ਪ੍ਰਧਾਨ ਮੰਤਰੀ ਇਹਨਾਂ ਲਈ ਇੱਕ ਵੀ ਸ਼ਬਦ ਬੋਲਣ ਲਈ ਤਿਆਰ ਨਹੀਂ ਹੈ।
ਉਹਨਾਂ ਕਿਹਾ ਕਿ ਇੱਕ ਨਾ ਇੱਕ ਦਿਨ ਕੇਂਦਰ ਸਰਕਾਰ ਨੂੰ ਇਹ ਬਣਾਏ ਕਾਲੇ ਕਨੂੰਨ ਰੱਦ ਕਰਨੇ ਹੀ ਪੈਣੇ ਹਨ ਭਾਵੇ ਕਿਸਾਨਾਂ ਨੂੰ ਹੋਰ ਵੀ ਲੰਮਾ ਸੰਘਰਸ਼ ਕਿਉਂ ਨਾ ਕਰਨਾ ਪਵੇ।ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਹਰੇਬਾਜੀ ਕੀਤੀ ਗਈ।ਇਸ ਮੌਕੇ ਸੁਖਜਿੰਦਰ ਸਿੰਘ,ਜਰਨੈਲ ਸਿੰਘ,ਬਲਵਿੰਦਰ ਸਿੰਘ,ਚੰਨਣ ਸਿੰਘ,ਮਨਜੀਤ ਸਿੰਘ,ਅਰਜਨ ਸਿੰਘ,ਸੰਦੀਪ ਸਿੰਘ,ਜਗੀਰ ਸਿੰਘ,ਮਨਜੀਤ ਸਿੰਘ,ਜਸਵੀਰ ਸਿੰਘ ਆਦਿ ਸਮੇਤ ਸਮੂਹ ਨਗਰ ਨਿਵਾਸੀ ਹਾਜਰ ਸਨ।