ਸਾਂਝਾ ਮੁਲਾਜ਼ਮ ਫਰੰਟ ਸੁਲਤਾਨਪੁਰ ਲੋਧੀ ਵੱਲੋਂ 11 ਸਤੰਬਰ ਦੇ ਚੰਡੀਗੜ੍ਹ ਧਰਨੇ ਦੀਆਂ ਤਿਆਰੀਆਂ ਮੁਕੰਮਲ
- 1 ਲੱਖ ਦੇ ਕਰੀਬ ਮੁਲਾਜ਼ਮ ਚੰਡੀਗੜ੍ਹ ਨੂੰ ਵਹੀਰਾਂ ਘੱਤਣਗੇ-ਬੱਧਣ
ਸੁਲਤਾਨਪੁਰ ਲੋਧੀ 9 ਸਤੰਬਰ 2021 - 29 ਜੁਲਾਈ ਦੀ ਪਟਿਆਲਾ ਮਹਾਂਰੈਲੀ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ /ਪੈਨਸ਼ਨਰਾਂ ਦੀਆਂ ਮੰਗਾਂ ਲਈ ਗਠਿਤ ਕੀਤੀ ਸਬ ਕਮੇਟੀ ਵੱਲੋਂ ਹਾਂ ਪੱਖੀ ਹੁੰਗਾਰਾ ਨਾ ਦਿੱਤੇ ਜਾਣ ਅਤੇ ਟਾਲਮਟੋਲ ਦਾ ਰਵੱਈਆ ਅਖ਼ਤਿਆਰ ਕੀਤੇ ਜਾਣ ਕਾਰਨ ਪੰਜਾਬ ਦੇ ਸਮੁੱਚੇ ਮੁਲਾਜਮਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਹੈ। ਜਿਸ ਦੇ ਚੱਲਦਿਆਂ ਪੰਜਾਬ ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਫਰੰਟ ਵੱਲੋਂ ਮੁੜ ਸਰਕਾਰ ਨੂੰ ਘੇਰਨ ਲਈ 11ਸਤੰਬਰ ਨੂੰ ਚੰਡੀਗੜ੍ਹ ਵਿਖੇ ਵਿਸ਼ਾਲ ਧਰਨਾ ਅਤੇ ਮੁੱਖ ਮੰਤਰੀ ਦੇ ਨਿਵਾਸ ਵੱਲ ਰੋਸ ਮਾਰਚ ਕੱਢਿਆ ਜਾ ਰਿਹਾ ਹੈ।
ਧਰਨੇ ਅਤੇ ਰੋਸ ਮਾਰਚ ਦੀਆਂ ਤਿਆਰੀਆਂ ਨੂੰ ਲੈ ਕੇ ਸਾਂਝਾ ਮੁਲਾਜ਼ਮ ਫਰੰਟ ਸੁਲਤਾਨਪੁਰ ਲੋਧੀ ਦੀ ਮੀਟਿੰਗ ਦੌਰਾਨ ਆਗੂਆਂ ਨੇ ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਫੈਸਲਾ ਕੀਤਾ। ਇਸ ਮੌਕੇ ਬੋਲਦਿਆਂ ਫਰੰਟ ਦੇ ਆਗੂਆਂ ਪ੍ਰਿੰਸੀਪਲ ਕਰਨੈਲ ਸਿੰਘ, ਸੁਖਚੈਨ ਸਿੰਘ ਬੱਧਨ, ਕਾਮਰੇਡ ਗੁਰਚਰਨ ਦਾਸ ਨੇ ਕਿਹਾ ਕਿ ਸਰਕਾਰ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਅਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ,ਜਦ ਕਿ ਪੰਜਾਬ ਭਰ ਦੇ ਮੁਲਾਜ਼ਮ ਅਤੇ ਪੈਨਸ਼ਨਰ ਸਰਕਾਰ ਦੇ ਨੱਕ ਵਿੱਚ ਦਮ ਕਰਨ ਲਈ ਤਿਆਰ ਬੈਠੇ ਹਨ।
ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਮਹਿੰਗਾਈ ਭੱਤੇ, ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਅਤੇ ਪੇ ਕਮਿਸ਼ਨ ਦੀ ਰਿਪੋਰਟ ਆਉਂਦੇ ਸਾਰ ਲਾਗੂ ਕਰਨ ਦਾ ਵਾਅਦਾ ਕੀਤਾ ਸੀ।ਪਰ ਸਾਢੇ ਚਾਰ ਬੀਤ ਜਾਣ ਦੇ ਬਾਵਜੂਦ ਇੱਕ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ। ਉਨ੍ਹਾਂ ਨੇ ਕਿਹਾ ਕਿ 11ਸਤੰਬਰ ਨੂੰ ਚੰਡੀਗੜ੍ਹ ਵਿਖੇ ਪੰਜਾਬ ਭਰ ਵਿੱਚੋਂ ਇੱਕ ਲੱਖ ਤੋਂ ਵੱਧ ਪਹੁੰਚ ਰਹੇ ਮੁਲਾਜ਼ਮ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦੇਣਗੇ।ਇਸ ਮੌਕੇ ਸੀਨੀਅਰ ਆਗੂ ਮਾਸਟਰ ਸੁੱਚਾ ਸਿੰਘ ਮਿਰਜ਼ਾਪੁਰ, ਬਲਜੀਤ ਸਿੰਘ ਟਿੱਬਾ, ਰਕੇਸ਼ ਕੁਮਾਰ, ਅਸ਼ਵਨੀ ਕੁਮਾਰ, ਕੁਲਦੀਪ ਠਾਕੁਰ,ਅਰੁਨ ਹਾਂਡਾ, ਜਗਮੋਹਨ ਸਿੰਘ, ਸੁਖਦੇਵ ਸਿੰਘ,ਰਾਜੂ ਬੂਲਪੁਰ ਆਦਿ ਹਾਜ਼ਰ ਸਨ।